ਭਾਰਤ ’ਚ ਪੁਰਾਣੇ ਵਾਹਨਾਂ ਦਾ ਬਾਜ਼ਾਰ 2026 ਤੱਕ 82 ਲੱਖ ਇਕਾਈਆਂ ਤੱਕ ਪਹੁੰਚ ਸਕਦੈ : ਰਿਪੋਰਟ
Saturday, Dec 25, 2021 - 01:46 PM (IST)
ਮੁੰਬਈ (ਭਾਸ਼ਾ) – ਭਾਰਤ ’ਚ ਪੁਰਾਣੇ ਵਾਹਨਾਂ ਦਾ ਬਾਜ਼ਾਰ 2026 ਤੱਕ 82 ਲੱਖ ਇਕਾਈਆਂ ਤੱਕ ਪਹੁੰਚ ਸਕਦਾ ਹੈ। ਮਾਰਚ 2021 ’ਚ ਖਤਮ ਹੋ ਰਹੇ ਵਿੱਤੀ ਸਾਲ ’ਚ ਇਹ ਅੰਕੜਾ 40 ਲੱਖ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਇਸ ’ਚ ਦੱਸਿਆ ਗਿਆ ਹੈ ਕਿ ਪੁਰਾਣੇ ਵਾਹਨਾਂ ਦਾ ਬਾਜ਼ਾਰ ਵਧਣ ਦੇ ਪਿੱਛੇ ਛੋਟੇ ਸ਼ਹਿਰਾਂ ’ਚ ਇਨ੍ਹਾਂ ਵਾਹਨਾਂ ਦੀ ਵਧੇਰੇ ਮੰਗ, ਨਵੇਂ ਵਾਹਨਾਂ ਦੀਆਂ ਵਧਦੀਆਂ ਕੀਮਤਾਂ ਅਤੇ ਗਾਹਕਾਂ ਦੀ ਬਦਲਦੀ ਪਸੰਦ ਹੈ।
‘ਗ੍ਰਾਂਟ ਥਾਰਟਨ ਭਾਰਤ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 2021 ਤੋਂ 2030 ਦਰਮਿਆਨ 14.8 ਫੀਸਦੀ ਦਾ ਵਾਧਾ ਸਾਲਾਨਾ ਵਾਧਾ ਦਰ ਨਾਲ 2030 ਤੱਕ ਬਾਜ਼ਾਰ ਦਾ ਆਕਾਰ ਵਧ ਕੇ 70.8 ਅਰਬ ਡਾਲਰ ਹੋਣ ਦੀ ਉਮੀਦ ਹੈ। ਇਸ ’ਚ ਕਿਹਾ ਗਿਆ ਹੈ ਕਿ ਨਵੇਂ ਵਾਹਨਾਂ ਦੀਆਂ ਕੀਮਤਾਂ ਵਧਣ ਕਾਰਨ ਭਾਰਤੀ ਖਪਤਕਾਰਾਂ ਲਈ ਪੁਰਾਣੇ ਵਾਹਨ ਪਸੰਦੀਦਾ ਬਦਲ ਬਣਨ ਦੀ ਉਮੀਦ ਹੈ।
ਰਿਪੋਰਟ ਮੁਤਾਬਕ ਭਾਰਤ ’ਚ ਪੁਰਾਣੇ ਵਾਹਨਾਂ ਦਾ ਬਾਜ਼ਾਰ ਵਿੱਤੀ ਸਾਲ 2025-26 ਤੱਕ ਦੁੱਗਣਾ ਹੋ ਕੇ 82 ਲੱਖ ਇਕਾਈ ਤੱਕ ਪਹੁੰਚ ਸਕਦਾ ਹੈ ਜੋ ਵਿੱਤੀ ਸਾਲ 2020-21 ’ਚ ਕਰੀਬ 40 ਲੱਖ ਇਕਾਈ ਸੀ।
‘ਗ੍ਰਾਂਟ ਥਾਰਟਨ ਇੰਡੀਆ’ ਦੇ ਪਾਰਟਨਰ ਅਤੇ ਆਟੋ ਖੇਤਰ ਦੇ ਮੁਖੀ ਸਾਕੇਤ ਮਹਿਰਾ ਨੇ ਕਿਹਾ ਕਿ ਪੁਰਾਣੇ ਵਾਹਨ ਖਰੀਦਣ ਨੂੰ ਗਾਹਕ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਤਰਜੀਹ ਦੇ ਰਹੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਛੋਟੇ ਸ਼ਹਿਰਾਂ ਤੋਂ ਪੁਰਾਣੇ ਵਾਹਨਾਂ ਦੀ ਵਧੇਰੇ ਮੰਗ ਆਉਣ ਦੀ ਉਮੀਦ ਹੈ ਅਤੇ ਪੁਰਾਣੇ ਵਾਹਨਾਂ ਦੀ ਵਿਕਰੀ ਮੌਜੂਦਾ ਸਮੇਂ ਦੀ 55 ਫੀਸਦੀ ਤੋਂ ਵਧ ਕੇ ਅਗਲੇ 4 ਸਾਲਾਂ ’ਚ ਕਰੀਬ 70 ਫੀਸਦੀ ਹੋਣ ਦਾ ਅਨੁਮਾਨ ਹੈ।