ਭਾਰਤ ਦੀ ਸੋਨੇ ਦੀ ਮੰਗ 2021 ’ਚ ਵਧ ਕੇ 797.3 ਟਨ ’ਤੇ ਪਹੁੰਚੀ
Friday, Jan 28, 2022 - 07:15 PM (IST)
ਮੁੰਬਈ (ਭਾਸ਼ਾ) – ਖਪਤਕਾਰ ਧਾਰਨਾ ’ਚ ਸੁਧਾਰ ਅਤੇ ਕੋਵਿਡ-19 ਨਾਲ ਸਬੰਧਤ ਰੁਕਾਵਟਾਂ ਤੋਂ ਬਾਅਦ ਮੰਗ ’ਚ ਤੇਜ਼ੀ ਆਉਣ ਨਾਲ ਭਾਰਤ ’ਚ ਸੋਨੇ ਦੀ ਖਪਤ 2021 ’ਚ ਵਧ ਕੇ 797.3 ਟਨ ਹੋ ਗਈ ਅਤੇ ਇਸ ਸਾਲ ਵੀ ਤੇਜ਼ੀ ਦਾ ਰੁਖ ਜਾਰੀ ਰਹਿਣ ਦਾ ਅਨੁਮਾਨ ਹੈ। ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਨੇ ‘ਗੋਲਡ ਮੰਗ ਰੁਝਾਨ 2021’ ਰਿਪੋਰਟ ’ਚ ਕਿਹਾ ਕਿ 2021 ’ਚ ਗੋਲਡ ਦੀ ਮੰਗ 78.6 ਫੀਸਦੀ ਦੇ ਵਾਧੇ ਨਾਲ 797.3 ਟਨ ਹੋ ਗਈ ਜੋ 2020 ’ਚ 446.4 ਟਨ ਸੀ। ਡਬਲਯੂ. ਜੀ. ਸੀ. ’ਚ ਖੇਤਰੀ ਮੁੱਖ ਕਾਰਜਕਾੀ ਅਧਿਕਾਰੀ, ਸੋਮਸੁੰਦਰਮ ਪੀ. ਆਰ. ਨੇ ਕਿਹਾ ਿਕ ਸਾਲ 2021 ਨੇ ਸੋਨੇ ਬਾਰੇ ਰਵਾਇਤੀ ਸੋਚ ਦੀ ਤਾਕਤ ਨੂੰ ਮੁੜ ਪ੍ਰਮਾਣਿਤ ਕੀਤਾ ਹੈ ਅਤੇ ਰਿਵਾਈਵਲ ’ਚ ਕਈ ਸਬਕ ਦਿੱਤੇ ਜੋ ਆਉਣ ਵਾਲੇ ਸਾਲਾਂ ਲਈ ਨੀਤੀਗਤ ਸੋਚ ਨੂੰ ਆਕਾਰ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਗੋਲਡ ਮੰਗ 79 ਫੀਸਦੀ ਵਧ ਕੇ 797.3 ਟਨ ਹੋ ਗਈ ਜੋ ਮੁੱਖ ਤੌਰ ’ਤੇ ਚੌਥੀ ਤਿਮਾਹੀ ਦੀ 343 ਟਨ ਦੀ ਅਸਾਧਾਰਣ ਮੰਗ ਦਾ ਨਤੀਜਾ ਹੈ। ਇਹ ਮੰਗ ਤੀਜੀ ਤਿਮਾਹੀ ’ਚ ਪ੍ਰਗਟਾਏ ਗਏ ਸਾਡੇ ਅਨੁਮਾਨ ਤੋਂ ਵੀ ਅੱਗੇ ਨਿਕਲ ਗਈ ਅਤੇ ਸਭ ਤੋਂ ਚੰਗੀ ਤਿਮਾਹੀ ਸਾਬਤ ਹੋਈ। ਸਾਲ 2022ਲਈ ਸੋਮਸੁੰਦਰਮ ਨੇ ਕਿਹਾ ਕਿ ਮੌਜੂਦਾ ਸਥਿਤੀ ਜੇ ਜਾਰੀ ਰਹਿੰਦੀ ਹੈ ਅਤੇ ਕੋਈ ਵਿਸ਼ੇਸ਼ ਰੁਕਾਵਟ ਨਹੀਂ ਆਉਂਦੀ ਹੈ ਤਾਂ ਗੋਲਡ ਦੀ ਮੰਗ ਕਰੀਬ 800-850 ਟਨ ਰਹਿਣ ਦੀ ਉਮੀਦ ਹੈ।
ਉਨ੍ਹਾਂ ਨੇ ਕਿਹਾ ਕਿ ਸੋਨੇ ਦੇ ਗਹਿਣਿਆਂ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 2021 ’ਚ ਦੁੱਗਣੀ ਹੋ ਗਈ ਅਤੇ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਵੀ ਪਾਰ ਕਰ ਕੇ ਛੇ ਸਾਲਾਂ ਦੇ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਈ। ਚੌਥੀ ਤਿਮਾਹੀ ’ਚ 265 ਟਨ ਦੀ ਰਿਕਾਰਡ ਮੰਗ ਰਹੀ। ਮੁੱਲ ਦੇ ਆਧਾਰ ’ਤੇ ਦੇਖੀਏ ਤਾਂ ਗਹਿਣਿਆਂ ਦੀ ਮੰਗ 96 ਫੀਸਦੀ ਦੇ ਵਾਧੇ ਨਾਲ 2,61,140 ਕਰੋੜ ਟਨ ’ਤੇ ਪਹੁੰਚ ਗਈ। 2020 ’ਚ ਇਹ 1,33,260 ਕਰੋੜ ਰੁਪਏ ਸੀ। ਕੁੱਲ ਨਿਵੇਸ਼ ਮੰਗ 2021 ’ਚ 43 ਫੀਸਦੀ ਵਧ ਕੇ 186.5 ਟਨ ਹੋ ਗਈ। ਮੁੱਲ ਦੇ ਲਿਹਾਜ ਨਾਲ ਮੰਗ 45 ਫੀਸਦੀ ਦੇ ਵਾਧੇ ਨਾਲ 79,720 ਕਰੋੜ ਰੁਪਏ ਹੋ ਗਈ। ਹਾਲਾਂਕਿ ਦੇਸ਼ ’ਚ ਕੁੱਲ ਸੋਨੇ ਦੀ ਰੀਸਾਈਕਲਿੰਗ 21 ਫੀਸਦੀ ਘਟ ਕੇ 75.2 ਟਨ ਰਹਿ ਗਈ। ਭਾਰਤ ’ਚ ਕੁੱਲ ਸੋਨੇ ਦੀ ਦਰਾਮਦ 165 ਫੀਸਦੀ ਵਧ ਕੇ 924.6 ਟਨ ਹੋ ਗਈ।