ਪੱਛਮੀ ਏਸ਼ੀਆ ਤਣਾਅ ਵਿਚਾਲੇ ਦੇਸ਼ ’ਚ ਹੀ ਛੁੱਟੀਆਂ ਮਨਾ ਰਹੇ ਅਮੀਰ ਭਾਰਤੀ, ਲਗਜ਼ਰੀ ਹੋਟਲਾਂ ’ਚ ਵਧੀ ਮੰਗ
Monday, Jun 01, 2026 - 10:51 AM (IST)
ਨਵੀਂ ਦਿੱਲੀ : ਪੱਛਮੀ ਏਸ਼ੀਆ ’ਚ ਜਾਰੀ ਭੂ-ਸਿਆਸੀ ਤਣਾਅ, ਹਵਾਈ ਸੇਵਾਵਾਂ ’ਚ ਵਿਘਨ ਅਤੇ ਵਿਦੇਸ਼ ਯਾਤਰਾ ਦੀ ਵਧਦੀ ਲਾਗਤ ਵਿਚਾਲੇ ਅਮੀਰ ਭਾਰਤੀ ਪਰਿਵਾਰ ਇਸ ਗਰਮੀਆਂ ’ਚ ਵਿਦੇਸ਼ੀ ਮੰਜ਼ਿਲਾਂ ਦੀ ਬਜਾਏ ਛੁੱਟੀਆਂ ਬਿਤਾਉਣ ਲਈ ਘਰੇਲੂ ਸਥਾਨਾਂ ਨੂੰ ਤਰਜੀਹ ਦੇ ਰਹੇ ਹਨ। ਇਸ ਦੌਰਾਨ ਲਗਜ਼ਰੀ ਹੋਟਲ ਉਦਯੋਗ ਦੀ ਬੁਕਿੰਗ ’ਚ ਸ਼ਾਨਦਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਆਈ. ਟੀ. ਸੀ. ਹੋਟਲਸ, ਰੈਡੀਸਨ ਹੋਟਲ ਗਰੁੱਪ ਅਤੇ ਦਿ ਲੀਲਾ ਪੈਲੇਸਿਸ, ਹੋਟਲਸ ਐਂਡ ਰਿਜ਼ਾਰਟਸ ਵਰਗੇ ਪ੍ਰਮੁੱਖ ਹੋਟਲ ਸਮੂਹਾਂ ਨੇ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਘਰੇਲੂ ਸੈਰ-ਸਪਾਟਾ ਸਥਾਨਾਂ ’ਤੇ ਬੁਕਿੰਗ ’ਚ ਚੰਗਾ ਵਾਧਾ ਦਰਜ ਕੀਤਾ ਹੈ। ਦਿ ਲੀਲਾ ਪੈਲੇਸਿਸ, ਹੋਟਲਸ ਐਂਡ ਰਿਜ਼ਾਰਟਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਨੁਰਾਗ ਭਟਨਾਗਰ ਨੇ ਕਿਹਾ ਕਿ ਅਮੀਰ ਭਾਰਤੀ ਯਾਤਰੀਆਂ ਦੀ ਵਿਦੇਸ਼ ਯਾਤਰਾ ’ਚ ਲੰਮੇ ਸਮੇਂ ਦੀ ਰੁਚੀ ਬਣੀ ਹੋਈ ਹੈ ਪਰ ਮੌਜੂਦਾ ਭੂ-ਸਿਆਸੀ ਬੇਯਕੀਨੀ, ਉਡਾਣਾਂ ’ਚ ਵਿਘਨ ਅਤੇ ਵਧੇ ਹੋਏ ਯਾਤਰਾ ਖਰਚਿਆਂ ਕਾਰਨ ਕਈ ਲੋਕ ਦੇਸ਼ ਦੇ ਅੰਦਰ ਉਪਲੱਬਧ ਉੱਚ-ਪੱਧਰੀ ਸੈਰ-ਸਪਾਟਾ ਬਦਲਾਂ ਵੱਲ ਆਕਰਸ਼ਿਤ ਹੋ ਰਹੇ ਹਨ।
ਬੁਕਿੰਗ ਦਾ ਰੁਝਾਨ ਉਤਸ਼ਾਹਜਨਕ
ਆਈ. ਟੀ. ਸੀ. ਹੋਟਲਸ ਦੇ ਮੈਨੇਜਿੰਗ ਡਾਇਰੈਕਟਰ ਅਨਿਲ ਚੱਢਾ ਨੇ ਕਿਹਾ ਕਿ ਕੰਪਨੀ ਦੇ ਵੱਖ-ਵੱਖ ਛੁੱਟੀਆਂ ਵਾਲੇ ਸਥਾਨਾਂ ’ਤੇ ਬੁਕਿੰਗ ਦਾ ਰੁਝਾਨ ਉਤਸ਼ਾਹਜਨਕ ਬਣਿਆ ਹੋਇਆ ਹੈ ਅਤੇ ਕਈ ਥਾਵਾਂ ’ਤੇ ਮੰਗ ਪਿਛਲੇ ਸਾਲ ਦੀ ਤੁਲਨਾ ’ਚ ਵੱਧ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਅੰਤਰਰਾਸ਼ਟਰੀ ਹਾਲਾਤ ਨੇ ਕੁਝ ਯਾਤਰੀਆਂ ਨੂੰ ਆਪਣੀਆਂ ਵਿਦੇਸ਼ ਯਾਤਰਾ ਯੋਜਨਾਵਾਂ ’ਤੇ ਮੁੜ ਵਿਚਾਰ ਕਰਨ ਅਤੇ ਘਰੇਲੂ ਸੈਰ-ਸਪਾਟਾ ਸਥਾਨਾਂ ਨੂੰ ਚੁਣਨ ਲਈ ਪ੍ਰੇਰਿਤ ਕੀਤਾ ਹੈ।
ਕਮਰਿਆਂ ਦੀ ਬੁਕਿੰਗ ਦਾ ਪੱਧਰ 5 ਫੀਸਦੀ ਵਧਿਆ
ਰੈਡੀਸਨ ਹੋਟਲ ਗਰੁੱਪ, ਦੱਖਣੀ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਨਿਖਿਲ ਸ਼ਰਮਾ ਨੇ ਦੱਸਿਆ ਕਿ ਕੰਪਨੀ ਦੇ ਭਾਰਤ ਸਥਿਤ ਹੋਟਲਾਂ ’ਚ ਇਸ ਸਾਲ ਗਰਮੀਆਂ ਦੌਰਾਨ ਕੁੱਲ ਕਮਰਿਆਂ ਦੀ ਬੁਕਿੰਗ ਦਾ ਪੱਧਰ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ ਲੱਗਭਗ 5 ਫੀਸਦੀ ਵਧਿਆ ਹੈ।
ਉਨ੍ਹਾਂ ਕਿਹਾ ਕਿ ਛੁੱਟੀਆਂ ਵਾਲੇ ਸਥਾਨਾਂ ’ਤੇ ਔਸਤ ਕਮਰਿਆਂ ਦੀ ਬੁਕਿੰਗ ਦਰ ਕਰੀਬ 75 ਫੀਸਦੀ ਤੱਕ ਪਹੁੰਚ ਗਈ ਹੈ, ਜਦੋਂਕਿ ਹਫਤੇ ਦੇ ਅਖੀਰਲੇ ਦਿਨਾਂ ’ਚ ਮੰਗ ਹੋਰ ਵੀ ਮਜ਼ਬੂਤ ਰਹਿੰਦੀ ਹੈ। ਸ਼ਰਮਾ ਅਨੁਸਾਰ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ’ਚ ਜਾਰੀ ਤਣਾਅ ਅਤੇ ਯਾਤਰਾ ਸਬੰਧੀ ਵਿਘਨਾਂ ਦਾ ਅੰਤਰਰਾਸ਼ਟਰੀ ਧਾਰਨਾ ’ਤੇ ਕੁਝ ਅਸਰ ਪਿਆ ਹੈ, ਜਿਸ ਕਾਰਨ ਯਾਤਰੀਆਂ ਦਾ ਇਕ ਵਰਗ ਘਰੇਲੂ ਸੈਰ-ਸਪਾਟਾ ਸਥਾਨਾਂ ਵੱਲ ਰੁਖ ਕਰ ਰਿਹਾ ਹੈ। ਲੋਕ ਹੁਣ ਘਰ ਦੇ ਨੇੜੇ ਉੱਚ ਗੁਣਵੱਤਾ ਵਾਲੇ ਅਤੇ ਯਾਦਗਾਰੀ ਤਜ਼ਰਬਿਆਂ ਨੂੰ ਵਧੇਰੇ ਮਹੱਤਵ ਦੇ ਰਹੇ ਹਨ।
ਪਹਾੜੀ ਅਤੇ ਧਾਰਮਿਕ ਸੈਰ-ਸਪਾਟਾ ਸਥਾਨਾਂ ਦੀ ਮੰਗ ਜ਼ਿਆਦਾ
ਸ਼ਰਮਾ ਨੇ ਕਿਹਾ ਕਿ ਇਸ ਗਰਮੀ ’ਚ ਪਹਾੜੀ ਅਤੇ ਧਾਰਮਿਕ ਸੈਰ-ਸਪਾਟਾ ਸਥਾਨਾਂ ਦੀ ਮੰਗ ਸਭ ਤੋਂ ਵੱਧ ਰਹੀ ਹੈ। ਕੰਪਨੀ ਦੇ ਪਹਾੜੀ ਖੇਤਰਾਂ ’ਚ ਸਥਿਤ ਹੋਟਲਾਂ ਨੇ ਪਿਛਲੇ ਸਾਲ ਦੀ ਤੁਲਨਾ ’ਚ 69 ਫੀਸਦੀ ਵਾਧਾ ਦਰਜ ਕੀਤਾ ਹੈ, ਜਦੋਂਕਿ ਧਾਰਮਿਕ ਸਥਾਨਾਂ ’ਤੇ ਸਥਿਤ ਜਾਇਦਾਦਾਂ ’ਚ 41 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਅਨੁਸਾਰ ਇਹ ਰੁਝਾਨ ਦਰਸਾਉਂਦਾ ਹੈ ਕਿ ਯਾਤਰੀ ਹੁਣ ਅਜਿਹੇ ਤਜ਼ਰਬਿਆਂ ਨੂੰ ਤਰਜੀਹ ਦੇ ਰਹੇ ਹਨ, ਜਿਨ੍ਹਾਂ ’ਚ ਆਰਾਮ, ਸੱਭਿਆਚਾਰ, ਸਿਹਤ-ਸਬੰਧੀ ਗਤੀਵਿਧੀਆਂ ਅਤੇ ਸਾਰਥਕ ਜੁੜਾਅ ਸ਼ਾਮਲ ਹੋਵੇ।
ਰੈਡੀਸਨ ਨੈੱਟਵਰਕ ’ਚ ਜੰਮੂ-ਕਸ਼ਮੀਰ, ਮਨਾਲੀ, ਮਸੂਰੀ, ਉਦੈਪੁਰ ਅਤੇ ਅਯੁੱਧਿਆ ਵਰਗੀਆਂ ਮੰਜ਼ਿਲਾਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਥਾਨਾਂ ਵਜੋਂ ਉੱਭਰੇ ਹਨ। ਇਸ ਤੋਂ ਇਲਾਵਾ ਗੋਆ ਅਤੇ ਦੱਖਣ ਭਾਰਤ ਦੇ ਤੱਟਵਰਤੀ ਸੈਰ-ਸਪਾਟਾ ਕੇਂਦਰਾਂ ’ਚ ਵੀ ਸੈਲਾਨੀਆਂ ਦੀ ਮੰਗ ਮਜ਼ਬੂਤ ਬਣੀ ਹੋਈ ਹੈ। ਆਈ. ਟੀ. ਸੀ. ਹੋਟਲਸ ਲਈ ਮੰਗ ’ਚ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ’ਚ ਚੰਗਾ ਵਾਧਾ ਹੋਇਆ ਹੈ। ਇਸ ਦੀ ਵਜ੍ਹਾ ਇਹ ਹੈ ਕਿ ਲੋਕ ਹੁਣ ਘੱਟ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣਾ ਪਸੰਦ ਕਰ ਰਹੇ ਹਨ। ਕੰਪਨੀ ਨੇ ਕਿਹਾ ਕਿ ਇਸ ਦਾ ਲਾਭ ਪ੍ਰਯਾਗਰਾਜ, ਕਟੜਾ, ਅੰਮ੍ਰਿਤਸਰ ਅਤੇ ਭੁਵਨੇਸ਼ਵਰ ਵਰਗੇ ਸਥਾਨਾਂ ਨੂੰ ਮਿਲ ਰਿਹਾ ਹੈ।
