'ਸੋਨੇ ’ਤੇ ਇੰਪੋਰਟ ਡਿਊਟੀ ’ਚ ਵਾਧੇ ਨਾਲ ਸਮੱਗਲਿੰਗ ਨੂੰ ਮਿਲੇਗਾ ਬੜ੍ਹਾਵਾ, ਸਰਕਾਰ ਦੇ ਖਜ਼ਾਨੇ ’ਤੇ ਵੀ ਪਵੇਗਾ ਅਸਰ'

07/03/2022 11:14:00 AM

ਨਵੀਂ ਦਿੱਲੀ (ਏਜੰਸੀ) – ਗਹਿਣਾ ਉਦਯੋਗ ਜਗਤ ਦੇ ਕਾਰੋਬਾਰੀਆਂ ਅਤੇ ਮਾਹਰਾਂ ਨੇ ਕਿਹਾ ਕਿ ਸੋਨੇ ’ਤੇ ਇੰਪੋਰਟ ਡਿਊਟੀ ਵਧਾ ਕੇ 15 ਫੀਸਦੀ ਕਰਨ ਨਾਲ ਸਮੱਗਲਿੰਗ ਨੂੰ ਬੜ੍ਹਾਵਾ ਮਿਲੇਗਾ। ਇਸ ਦਾ ਅਸਰ ਸਰਕਾਰ ਦੇ ਖਜ਼ਾਨੇ ’ਤੇ ਵੀ ਪੈ ਸਕਦਾ ਹੈ, ਲਿਹਾਜਾ ਕੇਂਦਰ ਨੂੰ ਸੋਨੇ ’ਤੇ ਡਿਊਟੀ ਦਰ ਦੀ ਸਮੀਖਿਆ ਕਰਨੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰਾਲਾ ਨੇ 1 ਜੁਲਾਈ ਨੂੰ ਸੋਨੇ ਦੀ ਵਧਦੀ ਦਰਾਮਦ ਅਤੇ ਚਾਲੂ ਖਾਤੇ ਦੇ ਘਾਟੇ (ਸੀ. ਏ. ਡੀ.) ’ਤੇ ਰੋਕ ਲਗਾਉਣ ਲਈ ਪੀਲੀ ਧਾਤੂ ’ਤੇ ਇੰਪੋਰਟ ਡਿਊਟੀ 10.75 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ। ਇਹ ਫੈਸਲਾ 30 ਜੂਨ ਤੋਂ ਹੀ ਲਾਗੂ ਹੋ ਚੁੱਕਾ ਹੈ।

ਅਖਿਲ ਭਾਰਤੀ ਰਤਨ ਅਤੇ ਗਹਿਣਾ ਘਰੇਲੂ ਪਰਿਸ਼ਦ (ਜੀ. ਜੇ. ਸੀ.) ਦੇ ਮੁਖੀ ਆਸ਼ੀਸ਼ ਪੇਠੇ ਨੇ ਕਿਹਾ ਕਿ ਸੋਨੇ ਦੀ ਇੰਪੋਰਟ ਡਿਊਟੀ ’ਚ ਅਚਾਨਕ ਵਾਧੇ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ। ਅਸੀਂ ਭਾਰਤੀ ਹੋਣ ਦੇ ਨਾਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਸਬੰਧ ’ਚ ਸਰਕਾਰ ਦੀ ਸਥਿਤੀ ਨੂੰ ਸਮਝਦੇ ਹਾਂ ਪਰ ਇਹ ਵਾਧਾ ਪੂਰੇ ਉਦਯੋਗ ਨੂੰ ਪ੍ਰਭਾਵਿਤ ਕਰਪੇਗਾ ਅਤੇ ਇਸ ਨਾਲ ਸਮੱਗਲਿੰਗ ਨੂੰ ਵੀ ਬੜ੍ਹਾਵਾ ਮਿਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੀ. ਜੇ. ਸੀ. ਘਰੇਲੂ ਉਦਯੋਗ ਦੇ ਪੱਖ ’ਚ ਸਥਿਤੀ ਨੂੰ ਹੱਲ ਕਰਨ ਲਈ ਸਰਕਾਰ ਨਾਲ ਗੱਲਬਾਤ ਕਰੇਗੀ।

ਇਹ ਵੀ ਪੜ੍ਹੋ : 42 ਸਾਲਾ 'ਕ੍ਰਿਪਟੋ ਕੁਈਨ' FBI ਦੀ 10 ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, ਧੋਖਾਧੜੀ ਦਾ ਲੱਗਾ ਦੋਸ਼

ਡਬਲਯੂ. ਜੀ. ਸੀ. ਦੀ ਚਿਤਾਵਨੀ-ਕਾਲਾਬਾਜ਼ਾਰੀ ਵਧੇਗੀ

ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਦੇ ਖੇਤਰੀ ਸੀ. ਈ. ਓ. (ਭਾਰਤ) ਸੋਮਸੁੰਦਰਮ ਪੀ. ਆਰ. ਨੇ ਕਿਹਾ ਕਿ ਭਾਰਤ ’ਚ ਸੋਨੇ ਦੀ ਮੰਗ ਜ਼ਿਆਦਾਤਰ ਦਰਾਮਦ ਰਾਹੀਂ ਪੂਰੀ ਕੀਤੀ ਜਾਂਦੀ ਹੈ। ਇਸ ਕਾਰਨ ਕਈ ਵਾਰ ਭਾਰਤੀ ਰੁਪਏ ਦੀ ਦਰ ’ਚ ਗਿਰਾਵਟ ਨਾਲ ਕੁੱਝ ਸਮੱਸਿਆ ਵਧ ਜਾਂਦੀ ਹੈ। ਇਸ ਸਮੇਂ ਮਹਿੰਗਾਈ ਦੀ ਉੱਚੀ ਦਰ ਅਤੇ ਵਧਦੇ ਵਪਾਰਤ ਅਸੰਤੁਲਨ ਦਰਮਿਆਨ ਰੁਪਏ ਦੀ ਵਟਾਂਦਰਾ ਦਰ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਅਜਿਹੇ ’ਚ ਸੋਨੇ ’ਤੇ ਇੰਪੋਰਟ ਡਿਊਟੀ ’ਚ ਵਾਧੇ ਦਾ ਟੀਚਾ ਸਰਹੱਦ ਪਾਰ ਤੋਂ ਖਰੀਦਦਾਰੀ ਘਟਾਉਣਾ ਅਤੇ ਰੁਪਏ ’ਤੇ ਦਬਾਅ ਘੱਟ ਕਰਨਾ ਹੈ।

ਸੋਮਸੁੰਦਰਮ ਨੇ ਕਿਹਾ ਕਿ ਹਾਲਾਂਕਿ ਸੋਨੇ ’ਤੇ ਕੁੱਲ ਟੈਕਸ ਹੁਣ 14 ਫੀਸਦੀ ਤੋਂ ਵਧਾ ਕੇ 18.45 ਫੀਸਦੀ ਹੋ ਗਿਆ ਹੈ ਅਤੇ ਜੇ ਇਹ ਕਦਮ ਰਣਨੀਤਿਕ ਜਾਂ ਅਸਥਾਈ ਨਹੀਂ ਹੈ ਤਾਂ ਇਸ ਕਾਰਨ ਸੋਨੇ ਦੇ ਬਾਜ਼ਾਰ ’ਤੇ ਲੰਮੇ ਸਮੇਂ ਲਈ ਉਲਟ ਪ੍ਰਭਾਵ ਪਵੇਗਾ ਅਤੇ ਇਸ ਨਾਲ ਦੇਸ਼ ’ਚ ਕਾਲਾਬਾਜ਼ਾਰੀ ਵੀ ਵਧੇਗੀ।

ਇਹ ਵੀ ਪੜ੍ਹੋ : ਸੋਨਾ ਖਰੀਦਣਾ ਹੋਵੇਗਾ ਮਹਿੰਗਾ, ਸਰਕਾਰ ਨੇ ਇੰਪੋਰਟ ਡਿਊਟੀ 'ਚ ਕੀਤਾ ਭਾਰੀ ਵਾਧਾ

ਗਾਹਕਾਂ ’ਤੇ ਜ਼ਿਆਦਾ ਅਸਰ ਨਹੀਂ, ਉਦਯੋਗ ਪ੍ਰਭਾਵਿਤ ਹੋਣਗੇ

ਮਾਲਾਬਾਰ ਗੋਲਡ ਐਂਡ ਡਾਇਮੰਡਸ ਦੇ ਚੇਅਰਮੈਨ ਅਹਿਮਦ ਐੱਮ. ਪੀ. ਨੇ ਕਿਹਾ ਕਿ ਟੈਕਸ ਚੋਰੀ ਅਤੇ ਸਮੱਗਲਿੰਗ ’ਤੇ ਰੋਕ ਲਗਾਉਣ ਲਈ ਪਿਛਲੇ ਸਾਲ ਸੋਨੇ ’ਤੇ ਇੰਪੋਰਟ ਡਿਊਟੀ ਘਟਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪਰ ਇੰਪੋਰਟ ਡਿਊਟੀ ’ਚ ਹਾਲ ਹੀ ’ਚ ਕੀਤੇ ਗਏ ਵਾਧੇ ਨਾਲ ਮੁੜ ਸਮੱਗਲਿੰਗ ਨੂੰ ਬੜ੍ਹਾਵਾ ਮਿਲੇਗਾ। ਅਸੀਂ ਸਰਕਾਰ ਨੂੰ ਸੋਨੇ ਦੀ ਇੰਪੋਰਟ ਡਿਊਟੀ ’ਚ ਕੀਤੇ ਵਾਧੇ ਦੀ ਸਮੀਖਿਆ ਕਰਨ ਦੀ ਅਪੀਲ ਕਰਦੇ ਹਾਂ। ਪੀ. ਐੱਨ. ਜੀ. ਜਿਊਲਰਸ ਦੇ ਮੁਖੀ ਅਤੇ ਮੈਨੇਜਿੰਗ ਡਾਇਰੈਕਟਰ ਸੌਰਭ ਗਾਡਗਿਲ ਨੇ ਕਿਹਾ ਕਿ ਅਜਿਹੇ ਸਮੇਂ ’ਚ ਜਦੋਂ ਉਦਯੋਗ ਸੋਨੇ ’ਤੇ ਟੈਕਸ ਘੱਟ ਕਰਨ ’ਤੇ ਜ਼ੋਰ ਦੇ ਰਿਹਾ ਸੀ, ਪੀਲੀ ਧਾਤੂ ਦੀ ਇੰਪੋਰਟ ’ਤੇ ਟੈਕਸ ’ਚ 5 ਫੀਸਦੀ ਦੇ ਵਾਧੇ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਇਸ ਨਾਲ ਗਾਹਕਾਂ ’ਤੇ ਤਾਂ ਜ਼ਿਆਦਾ ਅਸਰ ਨਹੀਂ ਪਵੇਗਾ ਪਰ ਉਦਯੋਗ ਪ੍ਰਭਾਵਿਤ ਹੋਣਗੇ।

ਇਹ ਵੀ ਪੜ੍ਹੋ : ਚੀਨ ਦੀ ਚਲਾਕੀ : ਕਰਜ਼ਾ ਦੇਣ ਦੇ ਬਦਲੇ ਪਾਕਿਸਤਾਨ ਦੇ ਖ਼ੂਬਸੂਰਤ ਇਲਾਕੇ ਹਥਿਆਉਣ ਦੀ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News