ਕਰੂਡ ਪਾਮ, ਸੋਇਆਬੀਨ ਅਤੇ ਸੂਰਜਮੁਖੀ ਤੇਲ ’ਤੇ ਐਕਸਪੋਰਟ ਪ੍ਰਾਈਸ ਵਧਣ ਨਾਲ ਕਿਸਾਨਾਂ ਨੂੰ ਹੋਵੇਗਾ ਲਾਭ
Sunday, Sep 15, 2024 - 10:04 AM (IST)
ਨਵੀਂ ਦਿੱਲੀ (ਭਾਸ਼ਾ) - ਕਰੂਡ ਪਾਮ ਅਤੇ ਰਿਫਾਈਂਡ ਸੂਰਜਮੁਖੀ ਤੇਲ ’ਤੇ ਕਸਟਮ ਡਿਊਟੀ ਵਧਾ ਕੇ ਕ੍ਰਮਵਾਰ 20 ਫ਼ੀਸਦੀ ਅਤੇ 32.5 ਫ਼ੀਸਦੀ ਕਰਨ ਦੇ ਸਰਕਾਰ ਦੇ ਫੈਸਲੇ ਨਾਲ ਕਿਸਾਨਾਂ ਨੂੰ ਕਾਫ਼ੀ ਲਾਭ ਹੋਵੇਗਾ, ਕਿਉਂਕਿ ਇਸ ਨਾਲ ਉਨ੍ਹਾਂ ਦੀ ਕਮਾਈ ਵਧੇਗੀ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਉਮੀਦ ਪ੍ਰਗਟਾਈ।
ਉਨ੍ਹਾਂ ਨੇ ਕਿਹਾ ਕਿ ਘੱਟੋ-ਘੱਟ ਬਰਾਮਦ ਮੁੱਲ ਹਟਾਉਣ ਅਤੇ ਪਿਆਜ਼ ’ਤੇ ਐਕਸਪੋਰਟ ਡਿਊਟੀ ’ਚ ਕਟੌਤੀ ਦੇ ਫੈਸਲੇ ਨਾਲ ਦੇਸ਼ ਦੇ ਕਿਸਾਨਾਂ ਨੂੰ ਵੀ ਮਦਦ ਮਿਲੇਗੀ। ਵਿੱਤ ਮੰਤਰਾਲਾ ਦੇ ਨੋਟੀਫਿਕੇਸ਼ਨ ਅਨੁਸਾਰ ਕਰੂਡ ਪਾਮ, ਸੋਇਆਬੀਨ ਅਤੇ ਸੂਰਜਮੁਖੀ ਬੀਜ ਦੇ ਤੇਲ ’ਤੇ ਮੂਲ ਕਸਟਮ ਡਿਊਟੀ ਸਿਫ਼ਰ ਤੋਂ ਵਧਾ ਕੇ 20 ਫ਼ੀਸਦੀ ਕਰ ਦਿੱਤੀ ਗਈ ਹੈ। ਰਿਫਾਈਂਡ ਪਾਮ, ਸੋਇਆਬੀਨ ਅਤੇ ਸੂਰਜਮੁਖੀ ਤੇਲ ’ਤੇ ਮੂਲ ਕਸਟਮ ਡਿਊਟੀ 12.5 ਫ਼ੀਸਦੀ ਤੋਂ ਵਧਾ ਕੇ 32.5 ਫ਼ੀਸਦੀ ਕਰ ਦਿੱਤੀ ਗਈ ਹੈ। ਇਨ੍ਹਾਂ ਕੱਚੇ ਅਤੇ ਰਿਫਾਈਂਡ ਤੇਲਾਂ ’ਤੇ ਲਾਗੂ ਫੀਸ ਕ੍ਰਮਵਾਰ 5.5 ਫ਼ੀਸਦੀ ਤੋਂ ਵਧ ਕੇ 27.5 ਫ਼ੀਸਦੀ ਅਤੇ 13.75 ਫ਼ੀਸਦੀ ਤੋਂ ਵਧ ਕੇ 35.75 ਫ਼ੀਸਦੀ ਹੋ ਜਾਵੇਗੀ।
ਅਧਿਕਾਰੀ ਨੇ ਕਿਹਾ, “ਇਹ ਸੋਇਆਬੀਨ ਅਤੇ ਤਿਲਹਨ ਕਿਸਾਨਾਂ ਲਈ ਬਹੁਤ ਵੱਡੀ ਮਦਦ ਹੈ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਇਸ ਨਾਲ ਬਹੁਤ ਲਾਭ ਹੋਵੇਗਾ, ਕਿਉਂਕਿ ਇਨ੍ਹਾਂ ਤਿਲਹਨਾਂ ਦਾ ਉਤਪਾਦਨ ਇਥੇ ਬਹੁਤ ਜ਼ਿਆਦਾ ਹੁੰਦਾ ਹੈ।” ਅਧਿਕਾਰੀ ਨੇ ਕਿਹਾ ਕਿ ਇਹ ਉਪਰਾਲੇ ਸਰਕਾਰ ਦੇ ਪ੍ਰਭਾਵਸ਼ਾਲੀ ਪ੍ਰਬੰਧਾਂ ਕਾਰਨ ਸੰਭਵ ਹੋ ਸਕੇ ਹਨ, ਜਿਸ ਨਾਲ ਪਿਛਲੇ ਲੱਗਭਗ 2 ਸਾਲਾਂ ਤੋਂ ਲਗਾਤਾਰ ਡਿੱਗ ਰਹੇ ਖੁਰਾਕੀ ਤੇਲ ਦੀਆਂ ਘਰੇਲੂ ਕੀਮਤਾਂ ’ਤੇ ਕਾਬੂ ਰੱਖਿਆ ਜਾ ਸਕੇ।
ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਇਲਾਵਾ ਹੋਰ ਪ੍ਰਮੁੱਖ ਤਿਲਹਨ ਉਤਪਾਦਕ ਸੂਬੇ ਗੁਜਰਾਤ, ਰਾਜਸਥਾਨ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਤੇਲੰਗਾਨਾ ਅਤੇ ਤਮਿਲਨਾਡੂ ਹਨ। ਸਰਕਾਰ ਨੇ ਪਹਿਲਾਂ ਘੱਟੋ-ਘੱਟ ਬਰਾਮਦ ਮੁੱਲ (ਐੱਮ. ਈ. ਪੀ.) ਦੇ ਤੌਰ ’ਤੇ 550 ਡਾਲਰ ਪ੍ਰਤੀ ਟਨ ਤੈਅ ਕੀਤਾ ਸੀ, ਜਿਸ ਦਾ ਲਾਜ਼ਮੀ ਤੌਰ ’ਤੇ ਮਤਲੱਬ ਸੀ ਕਿ ਕਿਸਾਨ ਆਪਣੀ ਪੈਦਾਵਾਰ ਇਸ ਦਰ ਤੋਂ ਘੱਟ ’ਤੇ ਵਿਦੇਸ਼ਾਂ ’ਚ ਨਹੀਂ ਵੇਚ ਸਕਦੇ ਸਨ।
ਸ਼ੁੱਕਰਵਾਰ ਨੂੰ ਜਾਰੀ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਫ. ਟੀ.) ਦੇ ਨੋਟੀਫਿਕੇਸ਼ਨ ਨੇ ਤੁਰੰਤ ਪ੍ਰਭਾਵ ਨਾਲ ਐੱਮ. ਈ. ਪੀ. ਨੂੰ ਹਟਾ ਦਿੱਤਾ। ਸਰਕਾਰ ਨੇ ਪਿਆਜ਼ ਦੀ ਬਰਾਮਦ ’ਤੇ ਡਿਊਟੀ ਨੂੰ 40 ਫ਼ੀਸਦੀ ਤੋਂ ਘਟਾ ਕੇ 20 ਫ਼ੀਸਦੀ ਕਰ ਦਿੱਤਾ ਹੈ।
ਕਿਸਾਨਾਂ ਅਤੇ ਬਰਾਮਦਕਾਰਾਂ ਦੀ ਆਮਦਨ ਵਧੇਗੀ : ਗੋਇਲ
ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਕਿਸਾਨਾਂ ਅਤੇ ਵਪਾਰੀਆਂ ਕੋਲ ਅਜੇ ਵੀ ਲੱਗਭਗ 38 ਲੱਖ ਟਨ ਪਿਆਜ਼ ਦਾ ਭੰਡਾਰ ਹੈ। ਐੱਮ. ਈ. ਪੀ. ਹਟਾਉਣ ਅਤੇ ਐਕਸਪੋਰਟ ਡਿਊਟੀ 40 ਫ਼ੀਸਦੀ ਤੋਂ ਘਟਾ ਕੇ 20 ਫ਼ੀਸਦੀ ਕਰਨ ਨਾਲ ਪਿਆਜ਼ ਦੀ ਜ਼ਿਆਦਾ ਮਾਤਰਾ ’ਚ ਬਰਾਮਦ ਕੀਤੀ ਜਾ ਸਕੇਗੀ।
ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, “ਇਸ ਫੈਸਲੇ ਨਾਲ ਕਿਸਾਨਾਂ ਅਤੇ ਬਰਾਮਦਕਾਰਾਂ ਦੀ ਆਮਦਨ ਵਧੇਗੀ ਅਤੇ ਖੇਤੀਬਾੜੀ ਖੇਤਰ ’ਚ ਕਾਰੋਬਾਰ ਨੂੰ ਕਾਫ਼ੀ ਉਤਸ਼ਾਹ ਮਿਲੇਗਾ।” ਬਾਸਮਤੀ ਚੌਲ ’ਤੇ ਐੱਮ. ਈ. ਪੀ. ਹਟਾਉਣ ਬਾਰੇ ਮੰਤਰੀ ਨੇ ਕਿਹਾ ਕਿ ਇਸ ਨਾਲ ਬਰਾਮਦ ਅਤੇ ਕਿਸਾਨਾਂ ਦੀ ਆਮਦਨ ਵਧਾਉਣ ’ਚ ਮਦਦ ਮਿਲੇਗੀ।