ਇਨਕਮ ਟੈਕਸ ਦਾ ਵੱਡਾ ਛਾਪਾ, ਪਿਆਜ਼ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ!

09/15/2017 1:07:04 PM

ਨਾਸਿਕ— ਦੇਸ਼ ਦੀ ਸਭ ਤੋਂ ਵੱਡੀ ਥੋਕ ਪਿਆਜ਼ ਮੰਡੀ ਲਾਸਲਗਾਂਓ 'ਚ ਪਿਆਜ਼ ਦੀਆਂ ਕੀਮਤਾਂ 'ਚ 35 ਫੀਸਦੀ ਦੀ ਗਿਰਾਵਟ ਆ ਗਈ ਹੈ। ਨਾਸਿਕ ਜ਼ਿਲ੍ਹੇ 'ਚ ਵੀਰਵਾਰ ਨੂੰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ 7 ਵੱਡੇ ਪਿਆਜ਼ ਕਾਰੋਬਾਰੀਆਂ ਦੇ ਦਫਤਰਾਂ, ਗੋਦਾਮਾਂ ਅਤੇ ਘਰਾਂ 'ਚ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਲਾਸਲਗਾਂਓ ਮੰਡੀ 'ਚ ਇਹ ਗਿਰਾਵਟ ਦਿਸੀ। ਮੰਡੀ 'ਚ ਆਈ ਵੱਡੀ ਗਿਰਾਵਟ ਤੋਂ ਬਾਅਦ ਕਿਸਾਨਾਂ ਨੇ ਲਾਸਲਗਾਂਓ 'ਚ ਨਿਲਾਮੀ ਰੋਕ ਦਿੱਤੀ ਹੈ ਅਤੇ ਆਪਣੀ ਉਪਜ ਦੀ ਵਿਕਰੀ ਨਹੀਂ ਕਰ ਰਹੇ। ਛਾਪੇਮਾਰੀ ਤੋਂ ਬਾਅਦ ਪਿਆਜ਼ ਦੇ ਮੁੱਲ 35 ਫੀਸਦੀ ਦੀ ਗਿਰਾਵਟ ਦੇ ਨਾਲ 900 ਰੁਪਏ ਪ੍ਰਤੀ ਕੁਇੰਟਲ ਹੋ ਗਏ, ਜਦੋਂ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਕ ਕੁਇੰਟਲ ਪਿਆਜ਼ 1400 ਰੁਪਏ ਤਕ ਵਿਕ ਰਹੇ ਸਨ। 
ਪਿਆਜ਼ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕੀਮਤਾਂ ਕ੍ਰਮਵਾਰ 500 ਅਤੇ 1,331 ਰੁਪਏ ਸੀ। ਲਾਸਲਗਾਂਓ ਖੇਤੀਬਾੜੀ ਉਪਜ ਬਾਜ਼ਾਰ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਜਿਨ੍ਹਾਂ 7 ਕਾਰੋਬਾਰੀਆਂ 'ਤੇ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ 'ਚੋਂ 2 ਲਾਸਲਗਾਓਂ ਦੇ ਹੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰੋਬਾਰੀÎਆਂ ਕੋਲ ਬਾਜ਼ਾਰ 'ਚ ਆਉਣ ਵਾਲੇ ਕੁੱਲ ਮਾਲ ਦਾ 30 ਫੀਸਦੀ ਹਿੱਸਾ ਖਰੀਦਣ ਦੀ ਸਮਰੱਥਾ ਹੈ। ਆਮਦਨ ਟੈਕਸ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਬਾਜ਼ਾਰ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਮੱਦੇਨਜ਼ਰ ਥੋਕ ਬਾਜ਼ਾਰ 'ਚ ਪਿਆਜ਼ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕਮਜ਼ੋਰ ਸਪਲਾਈ ਦੇ ਮੱਦੇਨਜ਼ਰ ਮਈ ਤੋਂ ਅਗਸਤ ਦੌਰਾਨ ਪਿਆਜ਼ ਦੀਆਂ ਕੀਮਤਾਂ 'ਚ 5 ਗੁਣਾ ਤਕ ਦਾ ਵਾਧਾ ਹੋਇਆ ਹੈ। 31 ਮਈ ਨੂੰ ਪਿਆਜ਼ ਦੀ ਥੋਕ ਕੀਮਤ 450 ਰੁਪਏ ਪ੍ਰਤੀ ਕੁਇੰਟਲ ਸੀ ਪਰ 10 ਅਗਸਤ ਤਕ ਇਹ ਅੰਕੜਾ ਵੱਧ ਕੇ 2,450 ਰੁਪਏ ਪ੍ਰਤੀ ਕੁਇੰਟਲ ਹੋ ਗਿਆ।


Related News