ਆਮਦਨ ਕਰ ਵਿਭਾਗ ਵੱਲੋਂ ਕਾਰੋਬਾਰੀਆਂ ਨੂੰ ਰਾਹਤ
Monday, Aug 20, 2018 - 11:48 PM (IST)

ਨਵੀਂ ਦਿੱਲੀ(ਬੀ.)- ਕਾਰੋਬਾਰੀਆਂ ਨੂੰ ਆਮਦਨ ਕਰ ਵਿਭਾਗ ਵੱਲੋਂ ਵੱਡੀ ਰਾਹਤ ਮਿਲੀ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਨੇ ਮਾਰਚ 2019 ਤੱਕ ਕਾਰੋਬਾਰੀਆਂ ਦੇ ਰਿਪੋਰਟਿੰਗ ਨਿਯਮਾਂ ਸਬੰਧੀ ਨਰਮੀ ਵਰਤਣ ਦਾ ਫੈਸਲਾ ਕੀਤਾ ਹੈ।
ਹੁਣ ਕਾਰੋਬਾਰੀਆਂ ਨੂੰ ਆਡਿਟ ਰਿਪੋਰਟ 'ਚ ਜੀ. ਐੱਸ. ਟੀ. ਅਤੇ ਜੀ. ਏ. ਏ. ਆਰ. ਦੇ ਨਾਲ ਕਈ ਹੋਰ ਜਾਣਕਾਰੀਆਂ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਤੱਕ ਕਾਰੋਬਾਰੀਆਂ ਨੂੰ ਆਡਿਟ ਰਿਪੋਰਟ ਦੇ ਨਾਲ ਫ਼ਾਰਮ-3 ਸੀ. ਡੀ. 'ਚ ਇਹ ਸਾਰੀਆਂ ਜਾਣਕਾਰੀਆਂ ਦੇਣੀਆਂ ਜ਼ਰੂਰੀ ਸਨ। ਆਮਦਨ ਕਰ ਵਿਭਾਗ ਨੇ ਨਵੇਂ ਨਿਯਮ 20 ਅਗਸਤ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਇਨ੍ਹਾਂ ਨਿਯਮਾਂ ਕਾਰਨ ਕਾਰੋਬਾਰੀਆਂ ਨੂੰ ਰਿਟਰਨ ਭਰਨਾ ਮੁਸ਼ਕਲ ਹੋ ਰਿਹਾ ਸੀ।
ਸਰਕਾਰ ਨੇ ਆਮਦਨ ਕਰ ਕਟੌਤੀ ਨਾ ਕਰਨ ਜਾਂ ਘੱਟ ਦਰ 'ਤੇ ਕਟੌਤੀ/ਕੁਲੈਕਸ਼ਨ ਲਈ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਤਰਕਸੰਗਤ ਅਤੇ ਇਲੈਕਟ੍ਰੋਨਿਕ ਬਣਾਉਣ ਲਈ ਮੌਜੂਦਾ ਫ਼ਾਰਮ ਨੰਬਰ 13 ਤੇ ਆਮਦਨ ਕਰ ਨਿਯਮਾਵਲੀ 'ਚ ਪ੍ਰਸਤਾਵਿਤ ਸੋਧ 'ਤੇ ਹਿੱਤਧਾਰਕਾਂ ਦੀਆਂ ਟਿੱਪਣੀਆਂ ਮੰਗੀਆਂ ਹਨ। ਸੀ. ਬੀ. ਡੀ. ਟੀ. ਨੇ ਕਿਹਾ ਕਿ 4 ਸਤੰਬਰ ਤੱਕ ਇਲੈਕਟ੍ਰੋਨਿਕ ਤਰੀਕੇ ਨਾਲ ਟਿੱਪਣੀਆਂ ਦਿੱਤੀਆਂ ਜਾ ਸਕਦੀਆਂ ਹਨ।