ਬੇਲਆਊਟ ਪੈਕੇਜ ''ਤੇ ਪਾਕਿਸਤਾਨ ਦੀ ਆਈ. ਐੱਮ. ਐੱਫ. ਨਾਲ ਗੱਲਬਾਤ ਜਾਰੀ
Sunday, May 12, 2019 - 12:38 AM (IST)

ਇਸਲਾਮਾਬਾਦ-ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਅਤੇ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਵਿਚਾਲੇ ਬੇਲਆਊਟ ਪੈਕੇਜ ਨੂੰ ਲੈ ਕੇ ਗੱਲਬਾਤ ਹਫਤੇ ਦੇ ਅਖੀਰ 'ਚ ਵੀ ਜਾਰੀ ਰਹੇਗੀ। ਸਥਾਨਕ ਮੀਡੀਆ ਦੀਆਂ ਖਬਰਾਂ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲੋਕਾਂ 'ਤੇ ਟੈਕਸ ਬੋਝ ਪਾਉਣ ਨੂੰ ਤਿਆਰ ਨਹੀਂ ਹੋ ਰਹੇ ਹਨ। ਇਸ ਨਾਲ ਦੋਵਾਂ ਪੱਖਾਂ ਦਰਮਿਆਨ ਜਾਰੀ ਗੱਲਬਾਤ ਰੁਕਣ ਦੇ ਕੰਢੇ 'ਤੇ ਪਹੁੰਚ ਗਈ ਹੈ।
ਆਈ. ਐੱਮ. ਐੱਫ. ਟੀਮ ਦੇ ਪ੍ਰਮੁੱਖ ਅਰਨੇਸਟੋ ਰੀਗੋ ਅਜੇ ਇੱਥੇ ਹੀ ਹਨ। ਪਾਕਿਸਤਾਨ ਨੂੰ ਆਈ. ਐੱਮ. ਐੱਫ. ਵਲੋਂ 3 ਸਾਲ ਲਈ ਲਗਭਗ 6.50 ਅਰਬ ਡਾਲਰ ਦਾ ਰਾਹਤ ਪੈਕੇਜ ਮਿਲਣ ਦੀ ਉਮੀਦ ਹੈ। ਇਕ ਸਥਾਨਕ ਅਖਬਾਰ ਨੇ ਪਾਕਿਸਤਾਨ ਦੇ ਵਿੱਤ ਮੰਤਰਾਲਾ ਦੇ ਬੁਲਾਰੇ ਖਕਾਨ ਹਸਨ ਨਜੀਬ ਦੇ ਹਵਾਲੇ ਨਾਲ ਕਿਹਾ, ''ਅਸੀਂ ਇੱਥੇ ਆਈ ਆਈ. ਐੱਮ. ਐੱਫ. ਟੀਮ ਨਾਲ ਗੱਲਬਾਤ 'ਚ ਚੰਗੀ ਤਰੱਕੀ ਕੀਤੀ ਹੈ। ਵਿਚਾਰ-ਵਟਾਂਦਰਾ ਹਫਤੇ ਦੇ ਅਖੀਰ 'ਤੇ ਵੀ ਜਾਰੀ ਰਹੇਗਾ।''
ਵਿੱਤ ਮੰਤਰਾਲਾ ਦੇ ਸੂਤਰਾਂ ਅਨੁਸਾਰ ਆਈ. ਐੱਮ. ਐੱਫ. ਨਾਲ ਅਜੇ ਤੱਕ ਹੋਈ ਗੱਲਬਾਤ 'ਚ ਮੁੱਖ ਤੌਰ 'ਤੇ ਤਿੰਨ ਅਜਿਹੇ ਮੁੱਦੇ ਹਨ, ਜਿਨ੍ਹਾਂ ਦੇ ਕਾਰਨ ਗੱਲਬਾਤ ਦਾ ਨਤੀਜਾ ਨਹੀਂ ਨਿਕਲ ਸਕਿਆ ਹੈ। ਵਿੱਤ ਮੰਤਰਾਲਾ ਦੇ ਉੱਚ ਅਧਿਕਾਰੀਆਂ ਨੂੰ ਵੀਰਵਾਰ ਤੱਕ ਇਹ ਉਮੀਦ ਸੀ ਕਿ ਗੱਲਬਾਤ ਸਮਾਪਤ ਹੋ ਜਾਵੇਗੀ ਅਤੇ ਆਈ. ਐੱਮ. ਐੱਫ. ਟੀਮ ਨੇ 11 ਮਈ ਨੂੰ ਵਾਪਸ ਪਰਤਣ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਆਈ. ਐੱਮ. ਐੱਫ. ਵਲੋਂ ਪ੍ਰੋਗਰਾਮ 'ਚ ਕੁਝ ਨਵੀਆਂ ਸ਼ਰਤਾਂ ਜੋੜਨ ਨਾਲ ਗੱਲਬਾਤ ਲੀਹੋਂ ਲੱਥ ਗਈ।