ਚੀਨ-ਤਾਈਵਾਨ ’ਚ ਜੰਗ ਛਿੜੀ ਤਾਂ ਭਾਰਤ ਨੂੰ ਭੁਗਤਣਾ ਪਵੇਗਾ ਵੱਡਾ ਖਮਿਆਜ਼ਾ

08/05/2022 2:34:54 PM

ਨਵੀਂ ਦਿੱਲੀ (ਇੰਟ.) – ਚੀਨ ਅਤੇ ਤਾਈਵਾਨ ਜੰਗ ਦੇ ਕੰਢੇ ’ਤੇ ਖੜ੍ਹੇ ਹਨ। ਰੂਸ ਅਤੇ ਯੂਕ੍ਰੇਨ ਦਰਮਿਆਨ ਹੋ ਰਹੇ ਜੰਗ ਦੀ ਮਾਰ ਝੱਲ ਰਹੇ ਦੁਨੀਆ ਭਰ ਦੇ ਬਾਜ਼ਾਰਾਂ ’ਤੇ ਹੁਣ ਨਵਾਂ ਸੰਕਟ ਮੰਡਰਾਉਣ ਲੱਗਾ ਹੈ। ਚੀਨ ਅਤੇ ਤਾਈਵਾਨ ਇਲੈਕਟ੍ਰਾਨਿਕਸ ਅਤੇ ਸੈਮੀਕੰਡਕਟਰ ਨਿਰਮਾਣ ’ਚ ਸਭ ਤੋਂ ਵੱਡੀ ਹਿੱਸੇਦਾਰੀ ਰੱਖਦੇ ਹਨ। ਜ਼ਾਹਰ ਹੈ ਕਿ ਜੇ ਦੋਹਾਂ ਦੇਸ਼ਾਂ ਦਰਮਿਆਨ ਜੰਗ ਹੁੰਦੀ ਹੈ ਤਾਂ ਇਸ ਦਾ ਵੱਡਾ ਖਮਿਆਜ਼ਾ ਭਾਰਤ ਨੂੰ ਵੀ ਭੁਗਤਣਾ ਪਵੇਗਾ। ਇਸ ਨਾਲ ਕਾਰ ਅਤੇ ਮੋਬਾਇਲ ਕੰਪਨੀਆਂ ਮੁਸ਼ਕਲ ’ਚ ਆ ਜਾਣਗੀਆਂ।

ਵਾਹਨਾਂ ਦੇ ਨਿਰਮਾਣ ’ਚ ਇਸਤੇਮਾਲ ਹੋਣ ਵਾਲੇ ਪਾਰਟਸ ਲਈ ਭਾਰਤ ਕਾਫੀ ਹੱਦ ਤੱਕ ਦੋਹਾਂ ਦੇਸ਼ਾਂ ’ਤੇ ਨਿਰਭਰ ਹੈ। ਆਟੋਮੋਟਿਵ ਕੰਪੋਨੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ (ਐਕਮਾ) ਦੀ ਇਕ ਰਿਪੋਰਟ ਮੁਤਾਬਕ ਭਾਰਤੀ ਆਟੋਮੋਟਿਵ ਇੰਡਸਟਰੀ ਸਭ ਤੋਂ ਵੱਧ ਆਟੋਮੋਟਿਵ ਪਾਰਟਸ ਚੀਨ ਤੋਂ ਇੰਪੋਰਟ ਕਰਦੀ ਹੈ। ਭਾਰਤ ’ਚ ਪਿਛਲੇ ਵਿੱਤੀ ਸਾਲ ਦੀ ਆਖਰੀ ਛਿਮਾਹੀ ’ਚ ਕਰੀਬ 19,000 ਕਰੋੜ ਰੁਪਏ ਦੇ ਆਟੋ ਪਾਰਟਸ ਦਰਾਮਦ ਕੀਤੇ ਗਏ ਸਨ। ਇਨ੍ਹਾਂ ’ਚ ਇੰਜਣ ਦੇ ਪੁਰਜ਼ੇ, ਡਰਾਈਵ ਟ੍ਰਾਂਸਮਿਸ਼ਨ ਅਤੇ ਸਟੀਅਰਿੰਗ, ਇਲੈਕਟ੍ਰੀਕਲਸ ਅਤੇ ਇਲੈਕਟ੍ਰਾਨਿਕਸ ਵਰਗੇ ਕੰਪੋਨੈਂਟ ਸ਼ਾਮਲ ਹਨ।

ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ੁਸ਼ਖਬਰੀ: ਕੇਂਦਰ ਸਰਕਾਰ ਨੇ ਗੰਨੇ ਦੀ FRP ਵਧਾਈ

ਤਾਈਵਾਨ ਦੀ ਗੱਲ ਕਰੀਏ ਤਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਸੈਮੀਕੰਡਕਟਰ ਨਿਰਮਾਤਾ ਦੇਸ਼ ਹੈ। ਤਾਈਵਾਨ ਇਕੱਲੇ ਕੁੱਲ ਬਾਜ਼ਾਰ ਦੀ 63 ਫੀਸਦੀ ਹਿੱਸੇਦਾਰੀ ਰੱਖਦਾ ਹੈ। ਭਾਰਤ ਸਮੇਤ ਦੁਨੀਆ ਭਰ ਦੇ ਪ੍ਰਮੁੱਖ ਕਾਰ ਨਿਰਮਾਤਾ ਆਪਣੇ ਵਾਹਨਾਂ ’ਚ ਇਸਤੇਮਾਲ ਹੋਣ ਵਾਲੀ ਸੈਮੀਕੰਡਕਟਰ ਲਈ ਤਾਈਵਾਨ ’ਤੇ ਬਹੁਤ ਜ਼ਿਆਦਾ ਨਿਰਭਰ ਹਨ। ਭਾਰਤ ਸੈਮੀਕੰਡਕਟਰ ਇੰਪੋਰਟ ਕਰਨ ਵਾਲਾ ਸਭ ਤੋਂ ਵੱਡੇ ਦੇਸ਼ਾਂ ’ਚ ਸ਼ਾਮਲ ਹੈ।

ਭਾਰਤੀ ਆਟੋਮੋਬਾਇਲ ਇੰਡਸਟਰੀ ’ਤੇ ਕੀ ਹੋਵੇਗਾ ਅਸਰ?

ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਮੁਖੀ ਵਿੰਕੇਸ਼ ਗੁਲਾਟੀ ਨੇ ਦੱਸਿਆ ਕਿ 2020 ’ਚ ਭਾਰਤ ਨੇ 17 ਹਜ਼ਾਰ ਕਰੋੜ ਰੁਪਏ ਦੇ ਸੈਮੀਕੰਡਕਟਰ ਦੀ ਇੰਪੋਰਟ ਕੀਤੀ। ਇਹ ਇੰਪੋਰਟ ਮੌਜੂਦਾ ਸਮੇਂ ’ਚ ਕਰੀਬ 3 ਬਿਲੀਅਨ ਅਮਰੀਕੀ ਡਾਲਰ ਯਾਨੀ 24,000 ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਤਾਈਵਾਨ ਦੁਨੀਆ ਦਾ ਸਭ ਤੋਂ ਵੱਡਾ ਸੈਮੀਕੰਡਕਟਰ ਨਿਰਮਾਤਾ ਹੈ ਅਤੇ ਇਸ ਦੀ ਬਾਜ਼ਾਰ ਹਿੱਸੇਦਾਰੀ 50 ਫੀਸਦੀ ਤੋਂ ਵੱਧ ਹੈ। ਜੇ ਜੰਗ ਸ਼ੁਰੂ ਹੁੰਦੀ ਹੈ ਤਾਂ ਨਿਸ਼ਚਿਤ ਤੌਰ ’ਤੇ ਭਾਰਤੀ ਨਿਰਮਾਤਾਵਾਂ ਅਤੇ ਵਿਸ਼ੇਸ਼ ਤੌਰ ’ਤੇ ਆਟੋਮੋਬਾਇਲ ਨਿਰਮਾਤਾਵਾਂ ਲਈ ਇਕ ਵੱਡਾ ਸੰਕਟ ਹੋਵੇਗਾ।

ਘਟ ਰਿਹਾ ਵੇਟਿੰਗ ਪੀਰੀਅਡ ਇਕ ਵਾਰ ਮੁੜ ਵਧੇਗਾ

ਉਨ੍ਹਾਂ ਨੇ ਦੱਸਿਆ ਕਿ ਜੇ ਦੋਹਾਂ ਦੇਸ਼ਾਂ ਦਰਮਿਆਨ ਜੰਗ ਹੋਈ ਤਾਂ ਹਰ ਮਹੀਨੇ ਕਾਰਾਂ ’ਤੇ ਘਟ ਰਿਹਾ ਵੇਟਿੰਗ ਪੀਰੀਅਡ ਇਕ ਵਾਰ ਮੁੜ ਵਧਣ ਲੱਗੇਗਾ। ਫੈਸਟਿਵ ਸੀਜ਼ਨ ਵੀ ਆਉਣ ਵਾਲਾ ਹੈ। ਅਜਿਹੇ ’ਚ ਵਾਹਨ ਨਿਰਮਾਤਾਵਾਂ ਕੋਲ ਸੀਮਤ ਸਟਾਕ ਹੋਵੇਗਾ। ਜ਼ਾਹਰ ਤੌਰ ’ਤੇ ਗਾਹਕਾਂ ਨੂੰ ਫੈਸਟਿਵ ਸੀਜ਼ਨ ਆਫਰ ਦਾ ਫਾਇਦਾ ਨਹੀਂ ਮਿਲ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਦਾ ਵਾਹਨਾਂ ਦੀਆਂ ਕੀਮਤਾਂ ’ਤੇ ਵੀ ਪ੍ਰਭਾਵ ਪਵੇਗਾ। ਜੰਗ ਕਾਰਨ ਧਾਤੂ ਦੀਆਂ ਕੀਮਤਾਂ ਅਸਮਾਨ ਛੂਹ ਜਾਣਗੀਆਂ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਮਹਿੰਗਾਈ ਦਾ ਬਹੁਤ ਜ਼ਿਆਦਾ ਦਬਾਅ ਹੋਵੇਗਾ।

ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਭਾਰਤ ਤੋਂ ਐਨਸਥੀਸੀਆ ਦੀ ਦਵਾਈ ਮੰਗਵਾਉਣ ਦੀ ਮਿਲੀ ਇਜਾਜ਼ਤ

ਸਮਾਰਟਫੋਨ, ਗੈਜੇਟਸ ਇੰਡਸਟਰੀ ’ਤੇ ਵੀ ਹੋਵੇਗਾ ਅਸਰ

ਜੇ ਜੰਗ ਹੁੰਦੀ ਹੈ ਤਾਂ ਭਾਰਤ ਦੇ ਸਮਾਰਟਫੋਨ ਅਤੇ ਗੈਜੇਟ ਇੰਡਸਟਰੀ ’ਤੇ ਸਭ ਤੋਂ ਵੱਧ ਅਸਰ ਹੋਵੇਗਾ। ਇਹ ਕਹਿਣਾ ਬਿਲਕੁਲ ਗਲਤ ਨਹੀਂ ਹੈ ਕਿ ਭਾਰਤ ਦਾ ਸਮਾਰਟਫੋਨ ਅਤੇ ਗੈਜੇਟ ਕਾਰੋਬਾਰ ਇਨ੍ਹਾਂ ਦੋਹਾਂ ਦੇਸ਼ਾਂ ’ਤੇ ਟਿਕਿਆ ਹੈ ਜੋ ਜੰਗ ਕਾਰਨ ਬਰਬਾਦ ਹੋ ਸਕਦਾ ਹੈ।

ਕਮੋਡਿਟੀ ਮਾਹਰ ਅਤੇ ਕੇਡੀਾ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਜੇ ਪੂਰੀ ਦੁਨੀਆ ਨੂੰ ਇਲੈਕਟ੍ਰਾਨਿਕ ਡਿਵਾਈਸ ਮੰਨ ਲਿਆ ਜਾਵੇ ਤਾਂ ਤਾਈਵਾਨ ਉਸ ਦਾ ਸੈਮੀਕੰਡਕਟਰ ਹੈ। ਸਾਲ 2020 ਦੇ ਸੈਮੀਕੰਡਕਟਰ ਇੰਡਸਟਰੀ ਐਸੋਸੀਏਸ਼ਨ ਦੇ ਅੰਕੜੇ ਦੱਸਦੇ ਹਨ ਕਿ ਤਾਈਵਾਨ ਕੁੱਲ ਗਲੋਬਲ ਉਤਪਾਦਨ ਦਾ 63 ਫੀਸਦੀ ਸੈਮੀਕੰਡਕਟਰ ਇਕੱਲੇ ਬਣਾਉਂਦਾ ਹੈ। ਇਸ ਤੋਂ ਬਾਅਦ ਕੋਰੀਆ 18 ਫੀਸਦੀ ਅਤੇ ਚੀਨ 6 ਫੀਸਦੀ ਦਾ ਨੰਬਰ ਆਉਂਦਾ ਹੈ।

ਅਸੀਂ ਆਪਣੀ ਲੋੜ ਦਾ 90 ਫੀਸਦੀ ਸੈਮੀਕੰਡਕਟਰ ਚੀਨ ਅਤੇ ਤਾਈਵਾਨ ਤੋਂ ਮੰਗਵਾਉਂਦੇ ਹਾਂ। ਇਸ ’ਚ ਵੀ ਜ਼ਿਆਦਾਤਰ ਹਿੱਸਾ ਤਾਈਵਾਨ ਦਾ ਹੈ। ਸਾਲ 2020 ’ਚ ਭਾਰਤ ਨੇ 17.1 ਅਰਬ ਡਾਲਰ ਦਾ ਸੈਮੀਕੰਡਕਟਰ ਇਸਤੇਮਾਲ ਕੀਤਾ ਜੋ 2027 ਤੱਕ ਵਧ ਕੇ 92.3 ਅਰਬ ਡਾਲਰ ਪਹੁੰਚ ਜਾਵੇਗਾ। ਸਾਲਾਨਾ 27 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋ ਰਿਹਾ ਹੈ।

ਮਹਿੰਗੇ ਹੋ ਜਾਣਗੇ ਮੋਬਾਇਲ ਅਤੇ ਗੈਜੇਟਸ

ਅਜੇ ਕੇਡੀਆ ਦੱਸਦੇ ਹਨ ਕਿ ਚੀਨ-ਤਾਈਵਾਨ ਜੰਗ ਦਾ ਸਭ ਤੋਂ ਪਹਿਲਾ ਅਸਰ ਮੋਬਾਇਲ ਇੰਡਸਟਰੀ ’ਤੇ ਹੋਵੇਗਾ। ਵੀਵੋ, ਸ਼ਾਓਮੀ, ਪੋਕੋ ਵਰਗੀਆਂ ਮੋਬਾਇਲ ਕੰਪਨੀਆਂ ਭਾਵੇਂ ਹੀ ਇਸ ਨੂੰ ਭਾਰਤ ’ਚ ਬਣਾਉਂਦੀਆਂ ਹਨ ਪਰ ਜ਼ਿਆਦਾਤਰ ਉਪਕਰਨ ਚੀਨ ਤੋਂ ਆਉਂਦੇ ਹਨ। ਜੰਗ ਦੀ ਸਥਿਤੀ ’ਚ ਉਨ੍ਹਾਂ ਦੀ ਇੰਪੋਰਟ ’ਤੇ ਅਸਰ ਹੋਵੇਗਾ ਅਤੇ ਮੋਬਾਇਲ ਉਤਪਾਦਨ ਵੀ ਪ੍ਰਭਾਵਿਤ ਹੋਵੇਗਾ। ਇਸ ਤੋਂ ਇਲਾਵਾ ਗੈਜੇਟਸ ਅਤੇ ਇਲੈਕਟ੍ਰਾਨਿਕਸ ’ਤੇ ਵੀ ਇਸ ਦਾ ਬੁਰਾ ਅਸਰ ਪਵੇਗਾ। ਭਾਰਤ ’ਚ ਕੁੱਲ ਸੈਮੀਕੰਡਕਟਰ ਦੀ ਖਪਤ ’ਚੋਂ ਕਰੀਬ 35 ਫੀਸਦੀ ਹਿੱਸਾ ਇਲੈਕਟ੍ਰਾਨਿਕਸ ’ਚ ਜਾਂਦਾ ਹੈ।

ਇਹ ਵੀ ਪੜ੍ਹੋ : ਨੀਤਾ ਅੰਬਾਨੀ , ਨਿਰਮਲਾ ਸੀਤਾਰਮਣ ਬਣੀਆਂ ਭਾਰਤ ਦੀਆਂ ਮੋਸਟ ਪਾਵਰਫੁਲ ਵੂਮੈਨ ਇਨ ਬਿਜ਼ਨੈੱਸ-2022

ਸੈਮੀਕੰਡਕਟਰ ਦੇ ਉਤਪਾਦਨ ’ਚ ਤਾਈਵਨ ਇੰਝ ਬਣਿਆ ਮੋਹਰੀ

-ਤਾਈਵਾਨ ਨੇ ਖੁਦ ਨੂੰ ਸੈਮੀਕੰਡਕਟਰ ਦੇ ਉਤਪਾਦਨ ’ਚ ਅੱਗੇ ਲਿਆਉਣ ਦੀ ਸ਼ੁਰੂਆਤ ਸਾਲ 1985 ’ਚ ਹੀ ਕਰ ਦਿੱਤੀ ਸੀ।

-ਤਾਈਵਾਨ ਦੀ ਸਰਕਾਰ ਨੇ ਮਾਰਿਸ ਚਾਂਗ ਨੂੰ ਸੈਮੀਕੰਡਕਟਰ ਇੰਡਸਟਰੀ ਨੂੰ ਤਿਆਰ ਕਰਨ ਦਾ ਕੰਮ ਸੌਂਪਿਆ।

-ਸਾਲ 1987 ’ਚ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ (ਟੀ. ਐੱਸ. ਐੱਮ. ਸੀ.) ਦੀ ਸਥਾਪਨਾ ਹੋਈ।

-ਅੱਜ ਇਹ ਦੁਨੀਆ ਦੀ ਸਭ ਤੋਂ ਵੱਡੀ ਸੈਮੀਕੰਡਕਟਰ ਕੰਪਨੀ ਹੈ।

-ਟੀ. ਐੱਸ. ਐੱਮਮ. ਸੀ. ਇਕ ਸਮੇਂ ਗਲੋਬਲ ਬਾਜ਼ਾਰ ਦੀ 92 ਫੀਸਦੀ ਮੰਗ ਪੂਰੀ ਕਰ ਰਹੀ ਸੀ।

-ਦੂਜੇ ਸਥਾਨ ’ਤੇ ਕਬਜ਼ਾ ਕਰ ਕੇ ਬੈਠੀ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਦੀ ਹਿੱਸੇਦਾਰੀ ਸਿਰਫ 8 ਫੀਸਦੀ ’ਤੇ ਸੀਮਤ ਸੀ।

ਇਹ ਵੀ ਪੜ੍ਹੋ : ਮਿਲਾਵਟਖੋਰਾਂ ਦੀ ਖ਼ੈਰ ਨਹੀਂ! FSSAI ਨੇ ਖਾਣ ਵਾਲੇ ਤੇਲ ਵਿੱਚ ਮਿਲਾਵਟ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News