‘ਮੂਨਲਾਈਟਿੰਗ’ ਦੀ ਚਰਚਾ ’ਚ IBM ਇੰਡੀਆ ਵੀ ਹੋਈ ਸ਼ਾਮਲ, ਇਸ ਨੂੰ ਅਨੈਤਿਕ ਦੱਸਿਆ

Thursday, Sep 15, 2022 - 01:01 PM (IST)

ਮੁੰਬਈ (ਭਾਸ਼ਾ) – ਪ੍ਰਮੁੱਖ ਤਕਨਾਲੋਜੀ ਕੰਪਨੀ ਆਈ. ਬੀ. ਐੱਮ. ਨੇ ‘ਮੂਨਲਾਈਟਿੰਗ’ ਨੂੰ ਅਨੈਤਿਕ ਕਰਾਰ ਦਿੱਤਾ। ਜਦੋਂ ਕੋਈ ਕਰਮਚਾਰੀ ਆਪਣੀ ਨਿਯਮਿਤ ਨੌਕਰੀ ਤੋਂ ਇਲਾਵਾ ਸੁਤੰਤਰ ਤੌਰ ’ਤੇ ਕੋਈ ਹੋਰ ਕੰਮ ਵੀ ਕਰਦਾ ਹੈ ਤਾਂ ਉਸ ਨੂੰ ਤਕਨੀਕੀ ਤੌਰ ’ਤੇ ‘ਮੂਨਲਾਈਟਿੰਗ’ ਕਿਹਾ ਜਾਂਦਾ ਹੈ। ਤਕਨਾਲੋਜੀ ਪੇਸ਼ੇਵਰਾਂ ਦਰਮਿਆਨ ‘ਮੂਨਲਾਈਟਿੰਗ’ ਦੀ ਵਧਦੀ ਰਵਾਇਤ ਨੇ ਉਦਯੋਗ ’ਚ ਇਕ ਨਵੀਂ ਬਹਿਸ ਛੇੜ ਦਿੱਤੀ ਹੈ।

ਆਈ. ਬੀ. ਐੱਮ. ਦੇ ਮੈਨੇਜਿੰਗ ਡਾਇਰੈਕਟਰ (ਭਾਰਤ ਅਤੇ ਦੱਖਣੀ ਏਸ਼ੀਆ) ਸੰਦੀਪ ਪਟੇਲ ਨੇ ਕਿਹਾ ਕਿ ਕੰਪਨੀ ’ਚ ਸ਼ਾਮਲ ਹੋਣ ਦੇ ਸਮੇਂ ਕਰਮਚਾਰੀ ਇਕ ਸਮਝੌਤੇ ’ਤੇ ਹਸਤਾਖਰ ਕਰਦੇ ਹਨ ਕਿ ਉਹ ਸਿਰਫ ਆਈ. ਬੀ. ਐੱਮ. ਲਈ ਕੰਮ ਕਰਨਗੇ। ਉਨ੍ਹਾਂ ਨੇ ਕੰਪਨੀ ਦੇ ਇਕ ਪ੍ਰੋਗਰਾਮ ਮੌਕੇ ਪੱਤਰਕਾਰਾਂ ਨੂੰ ਕਿਹਾ ਕਿ ਲੋਕ ਆਪਣੇ ਬਾਕੀ ਸਮੇਂ ’ਚ ਜੋ ਚਾਹੁਣ ਕਰ ਸਕਦੇ ਹਨ ਪਰ ਇਸ ਦੇ ਬਾਵਜੂਦ ਅਜਿਹਾ (ਮੂਨਲਾਈਟਿੰਗ) ਕਰਨਾ ਨੈਤਿਕ ਤੌਰ ’ਤੇ ਸਹੀ ਨਹੀਂ ਹੈ। ਭਾਰਤ ’ਚ ਤਕਨਾਲੋਜੀ ਕੰਪਨੀਆਂ ਮੂਨਲਾਈਟਿੰਗ ’ਤੇ ਵੱਖ-ਵੱਖ ਰਾਏ ਦੇ ਰਹੀਆਂ ਹਨ।

ਵਿਪਰੋ ਦੇ ਚੇਅਰਮੈਨ ਰਿਸ਼ਦ ਪ੍ਰੇਮਜੀ ਨੇ ਹਾਲ ਹੀ ’ਚ ਇਸ ਨੂੰ ਰੋਜ਼ਗਾਰਦਾਤਾ ਕੰਪਨੀ ਨਾਲ ਧੋਖਾ ਦੱਸਿਆ ਸੀ। ਪਟੇਲ ਨੇ ਕਿਹਾ ਕਿ ਤੁਸੀਂ ਇਸ ’ਤੇ ਰਿਸ਼ਦ ਦੀ ਰਾਏ ਜਾਣਦੇ ਹੋ ਨਾ? ਮੈਂ ਰਿਸ਼ਦ ਦੀ ਰਾਏ ਨਾਲ ਸਹਿਮਤ ਹਾਂ। ਭਾਰਤ ’ਚ ਕੰਪਨੀ ਦੀਆਂ ਭਰਤੀ ਯੋਜਨਾਵਾਂ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਆਪਣੇ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀ ਪੂਰੀ ਤਰ੍ਹਾਂ ਵਾਪਸ ਨਹੀਂ ਪਰਤੇ ਹਨ ਅਤੇ ਇਸ ਲਈ ਆਈ. ਟੀ. ਕੰਪਨੀਆਂ ਨੇ ਮਿਸ਼ਰਤ ਜਾਂ ਹਾਈਬ੍ਰਿਡ ਮਾਡਲ ਅਪਣਾਇਆ ਹੈ।


Harinder Kaur

Content Editor

Related News