ਜਨਵਰੀ-ਮਾਰਚ ’ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ 21 ਫੀਸਦੀ ਵਧੀ, ਅਪ੍ਰੈਲ-ਜੂਨ ’ਚ ਸੁਸਤੀ ਰਹਿਣ ਦਾ ਖਦਸ਼ਾ

Monday, May 17, 2021 - 08:17 PM (IST)

ਜਨਵਰੀ-ਮਾਰਚ ’ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ 21 ਫੀਸਦੀ ਵਧੀ, ਅਪ੍ਰੈਲ-ਜੂਨ ’ਚ ਸੁਸਤੀ ਰਹਿਣ ਦਾ ਖਦਸ਼ਾ

ਨਵੀਂ ਦਿੱਲੀ (ਭਾਸ਼ਾ) – ਡਾਟਾ ਵਿਸ਼ਲੇਸ਼ਣ ਫਰਮ ਪ੍ਰਾਪਇਕਵਿਟੀ ਮੁਤਾਬਕ ਜਨਵਰੀ-ਮਾਰਚ 2021 ਦੌਰਾਨ ਸੱਤ ਪ੍ਰਮੁੱਖ ਸ਼ਹਿਰਾਂ ’ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ ’ਚ 21 ਫੀਸਦੀ ਦਾ ਵਾਧਾ ਹੋਇਆ ਜਦ ਕਿ ਨਵੀਂ ਸਪਲਾਈ ’ਚ ਸਾਲਾਨਾ ਆਧਾਰ ’ਤੇ 40 ਫੀਸਦੀ ਦੀ ਗਿਰਾਵਟ ਆਈ। ਹਾਲਾਂਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਅਪ੍ਰੈਲ-ਜੂਨ ਤਿਮਾਹੀ ’ਚ ਰਿਹਾਇਸ਼ੀ ਮੰਗ ਸੁਸਤ ਰਹਿਣ ਦਾ ਖਦਸ਼ਾ ਹੈ।

ਪ੍ਰਾਪਇਕਵਿਟੀ ਮੁਤਾਬਕ ਕੈਲੰਡਰ ਸਾਲ 2021 ਦੀ ਪਹਿਲੀ ਤਿਮਾਹੀ ’ਚ ਸੱਤ ਸ਼ਹਿਰਾਂ ’ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ 21 ਫੀਸਦੀ ਵਧ ਕੇ 1,05,183 ਇਕਾਈ ਹੋ ਗਈ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 87,236 ਇਕਾਈ ਸੀ। ਰਿਪੋਰਟ ਮੁਤਾਬਕ ਇਸ ਦੌਰਾਨ ਰਿਹਾਇਸ਼ੀ ਇਕਾਈਆਂ ਦੀ ਨਵੀਂ ਸਪਲਾਈ ਜਾਂ ਪੇਸ਼ਕਸ਼ 1,00,343 ਇਕਾਈਆਂ ਤੋਂ 40 ਫੀਸਦੀ ਡਿੱਗ ਕੇ 59,737 ਇਕਾਈ ਰਹਿ ਗਈ। ਸਮੀਖਿਆ ਅਧੀਨ ਮਿਆਦ ’ਚ ਬੇਂਗਲੁਰੂ, ਚੇਨਈ, ਹੈਦਰਾਬਾਦ, ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.), ਦਿੱਲੀ-ਐੱਨ. ਸੀ. ਆਰ. ਅਤੇ ਪੁਣੇ ’ਚ ਰਿਹਾਇਸ਼ੀ ਵਿਕਰੀ ’ਚ ਵਾਧਾ ਦੇਖਿਆ ਗਿਆ ਜਦ ਕਿ ਕੋਲਕਾਤਾ ’ਚ 20 ਫੀਸਦੀ ਦੀ ਗਿਰਾਵਟ ਆਈ।

ਪ੍ਰਾਪਇਕਵਿਟੀ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਸਮੀਰ ਜਸੁਜਾ ਨੇ ਕਿਹਾ ਕਿ ਇਸ ਕੈਲੰਡਰ ਸਾਲ ਦੀ ਪਹਿਲੀ ਤਿਮਾਹੀ ਪਿਛਲੇ ਸਾਲ ਦੀ ਤੁਲਨਾ ’ਚ ਭਾਰਤੀ ਰੀਅਲਟੀ ਲਈ ਆਸ ਤੋਂ ਬਿਹਤਰ ਸੀ। ਉਨ੍ਹਾਂ ਨੇ ਕਿਹਾ ਕਿ ਰਹਿਣ ਲਈ ਤਿਆਰ ਘਰ ਜਾਂ ਕਾਫੀ ਹੱਦ ਤੱਕ ਪੂਰੀਆਂ ਹੋ ਚੁੱਕੀਆਂ ਯੋਜਨਾਵਾਂ ਦੀ ਮੰਗ ਵੱਧ ਸੀ। ਹਾਲਾਂਕਿ ਕੋਵਿਡ ਦੀ ਦੂਜੀ ਲਹਿਰ ਕਾਰਨ ਮੰਗ ’ਚ ਕਮੀ ਹੋਵੇਗੀ। ਜਸੁਜਾ ਨੇ ਉਮੀਦ ਜਤਾਈ ਕਿ ਕੋਵਿਡ ਦੀ ਦੂਜੀ ਲਹਿਰ ਖਤਮ ਹੋਣ ਤੋਂ ਬਾਅਦ ਵਿਕਰੀ ’ਚ ਤੇਜ਼ੀ ਆਵੇਗੀ।


author

Harinder Kaur

Content Editor

Related News