ਸੋਨੇ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ, ਇੱਕ ਦਿਨ ’ਚ ਡੁੱਬ ਗਏ ਲੋਕਾਂ ਦੇ 10 ਲੱਖ ਕਰੋੜ

Sunday, Jul 28, 2024 - 02:02 PM (IST)

ਨਵੀਂ ਦਿੱਲੀ (ਇੰਟ.) - ਬਜਟ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਗੋਲਡ ’ਤੇ ਕਸਟਮ ਡਿਊਟੀ ਘਟਾਉਣ ਦੇ ਐਲਾਨ ਨਾਲ ਹੀ ਸੋਨੇ ਦੀਆਂ ਕੀਮਤਾਂ ’ਚ 5 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ। ਇਸ ਨਾਲ ਦੇਸ਼ ਦੇ ਆਮ ਲੋਕਾਂ ਦੀ ਬਚਤ ਦੀ ਵੈਲਿਊ ’ਚ 11 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਜੇਕਰ ਇਸ ਦੀ ਤੁਲਣਾ ਸ਼ੇਅਰ ਬਾਜ਼ਾਰ ਨਾਲ ਕਰੀਏ, ਤਾਂ ਇਹ ਸਟਾਕ ਮਾਰਕੀਟ ਦੇ ਇਤਿਹਾਸ ’ਚ ਇਕ ਦਿਨ ’ਚ ਆਈ ਹੁਣ ਤੱਕ ਦੀ 6ਵੀਂ ਸਭ ਤੋਂ ਵੱਡੀ ਗਿਰਾਵਟ ਹੈ। ਇਸ ਗਿਰਾਵਟ ਦਾ ਸਿੱਧਾ ਅਸਰ ਦੇਸ਼ ਦੇ ਲੱਖਾਂ ਪਰਿਵਾਰਾਂ ’ਤੇ ਪਿਆ ਹੈ। ਅਜਿਹਾ ਇਸ ਲਈ ਕਿਉਂਕਿ ਸੋਨਾ ਰੱਖਣ ਵਾਲੇ ਪਰਿਵਾਰਾਂ ਦੀ ਗਿਣਤੀ ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰਨ ਵਾਲਿਆਂ ਦੀ ਤੁਲਣਾ ’ਚ ਕਿਤੇ ਜ਼ਿਆਦਾ ਹੈ।

ਭਾਰਤ ’ਚ ਲੋਕ ਖਾਸ ਕਰ ਕੇ ਮਿਡਲ ਕਲਾਸ ਪਰਿਵਾਰ ਸ਼ੇਅਰ ਬਾਜ਼ਾਰ ਤੋਂ ਜ਼ਿਆਦਾ ਸੋਨੇ ’ਚ ਨਿਵੇਸ਼ ਕਰਦੇ ਹਨ। ਦੇਸ਼ ਦੀਆਂ ਮਾਵਾਂ ਅਤੇ ਭੈਣਾਂ ਕੋਲ ਹਾਊਸਹੋਲਡ ਸੇਵਿੰਗ ਦੇ ਨਾਂ ਭਾਰਤ ’ਚ ਕੁਲ ਇੰਨਾ ਸੋਨੇ ਦਾ ਭੰਡਾਰ ਮੌਜੂਦ ਹੈ, ਜਿੰਨਾ ਭਾਰਤੀ ਰਿਜ਼ਰਵ ਬੈਂਕ ਕੋਲ ਵੀ ਨਹੀਂ ਹੈ।

ਭਾਰਤੀ ਪਰਿਵਾਰਾਂ ਕੋਲ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਇਕ ਅੰਕੜੇ ਮੁਤਾਬਕ, ਦੁਨੀਆ ਦੇ ਕੁਲ ਸੋਨੇ ਦਾ ਲੱਗਭਗ 11 ਫੀਸਦੀ ਭਾਰਤੀ ਪਰਿਵਾਰਾਂ ਕੋਲ ਹੈ। ਇਹ ਅਮਰੀਕਾ, ਜਰਮਨੀ, ਸਵਿੱਟਜ਼ਰਲੈਂਡ ਅਤੇ ਆਈ. ਐੱਮ. ਐੱਫ. ਦੇ ਕੁਲ ਗੋਲਡ ਰਿਜ਼ਰਵ ਤੋਂ ਵੀ ਜ਼ਿਆਦਾ ਹੈ।

ਸੋਨੇ ਦੀਆਂ ਕੀਮਤਾਂ ਕਿਉਂ ਡਿੱਗੀਆਂ?

ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਸਨ। ਬਜਟ ਤੋਂ ਇਕ ਦਿਨ ਪਹਿਲਾਂ ਤੱਕ ਸੋਨੇ ਦੀਆਂ ਕੀਮਤਾਂ ’ਚ ਇਸ ਸਾਲ 14.7 ਫੀਸਦੀ ਦੀ ਤੇਜ਼ੀ ਆਈ ਸੀ, ਜੋ ਸੈਂਸੈਕਸ ਦੇ ਰਿਟਰਨ ਤੋਂ ਵੀ ਜ਼ਿਆਦਾ ਸੀ ਪਰ ਬਜਟ ’ਚ ਵਿੱਤ ਮੰਤਰੀ ਨੇ ਸੋਨੇ-ਚਾਂਦੀ ’ਤੇ ਬੇਸਿਕ ਕਸਟਮ ਡਿਊਟੀ ਨੂੰ 10 ਤੋਂ ਘਟਾ ਕੇ 6 ਫੀਸਦੀ ਕਰ ਦਿੱਤਾ। ਨਾਲ ਹੀ ਇਸ ’ਤੇ ਲੱਗਣ ਵਾਲੇ ਐਗਰੀਕਲਚਰ ਸੈੱਸ ਨੂੰ 5 ਤੋਂ ਘਟਾ ਕੇ 1 ਫੀਸਦੀ ਕਰ ਦਿੱਤਾ। ਇਸ ਨਾਲ ਕੁਲ ਮਿਲਾ ਕੇ ਸੋਨੇ ’ਤੇ ਲੱਗਣ ਵਾਲਾ ਟੈਕਸ ਹੁਣ ਪਹਿਲਾਂ ਦੇ 18.5 ਫੀਸਦੀ ਤੋਂ ਘੱਟ ਕੇ 9 ਫੀਸਦੀ ਹੋ ਗਿਆ ਹੈ, ਜਿਸ ’ਚ ਜੀ. ਐੱਸ. ਟੀ. ਵੀ ਸ਼ਾਮਿਲ ਹੈ।

ਬਜਟ ਤੋਂ ਪਹਿਲਾਂ ਅਤੇ ਬਾਅਦ ’ਚ ਸੋਨੇ ਦਾ ਭਾਅ

ਬਜਟ ਪੇਸ਼ ਹੋਣ ਤੋਂ ਠੀਕ ਇਕ ਦਿਨ ਪਹਿਲਾਂ ਸੋਨੇ ਦੇ ਮੁੱਲ 75,200 ਰੁਪਏ ਪ੍ਰਤੀ 10 ਗ੍ਰਾਮ ’ਤੇ ਸਨ, ਜਦੋਂਕਿ ਬਜਟ ਪੇਸ਼ ਹੋਣ ਤੋਂ ਬਾਅਦ 23 ਜੁਲਾਈ ਨੂੰ ਇਸ ਦੀ ਕੀਮਤ 71,200 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ। ਜੇਕਰ ਇਸ ਦੀ ਤੁਲਣਾ ਸ਼ੇਅਰ ਬਾਜ਼ਾਰ ਨਾਲ ਕੀਤੀ ਜਾਵੇ, ਤਾਂ ਇਕ ਹੀ ਦਿਨ ’ਚ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਇਨਵੈਸਟਰਸ ਨੂੰ 10 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।

ਕੀਮਤਾਂ ’ਚ ਗਿਰਾਵਟ ਦਾ ਅਸਰ

ਸੋਨੇ ਦੇ ਮੁੱਲ ਡਿੱਗਣ ਨਾਲ ਸਰਾਫਾ ਵਪਾਰੀ ਖੁਸ਼ ਨਹੀਂ ਸਨ। ਉਨ੍ਹਾਂ ਨੇ ਆਪਣੇ ਕੋਲ ਰੱਖੀ ਸੋਨੇ ਦੀ ਹੋਲਡਿੰਗਸ ਨੂੰ ਵੇਚ ਕੇ ਲਾਭ ਬੁੱਕ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਸੋਨੇ ਦੇ ਮੁੱਲ ’ਚ ਹੋਰ ਗਿਰਾਵਟ ਆਈ। ਗੋਲਡ ਲੋਨ ਵੰਡਣ ਵਾਲੀਆਂ ਕੰਪਨੀਆਂ ਵੀ ਇਸ ਤੋਂ ਖੁਸ਼ ਨਹੀਂ ਸਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਲੋਨ-ਟੂ-ਵੈਲਿਊ (ਐੱਲ. ਟੀ. ਵੀ.) ਰੇਸ਼ੋ ’ਚ ਕਮੀ ਆਉਣ ਦਾ ਖਦਸ਼ਾ ਹੈ, ਜੋ ਉਨ੍ਹਾਂ ਨੂੰ ਵਿੱਤੀ ਰੂਪ ਨਾਲ ਕਮਜ਼ੋਰ ਕਰ ਸਕਦੀ ਹੈ।

ਮੰਨ ਲੈਂਦੇ ਹਾਂ ਕਿ ਭਾਰਤੀ ਪਰਿਵਾਰਾਂ ਅਤੇ ਮੰਦਰਾਂ ’ਚ ਕੁਲ ਮਿਲਾ ਕੇ 30,000 ਟਨ ਤੋਂ ਜ਼ਿਆਦਾ ਸੋਨਾ ਹੈ। ਹੁਣ 22 ਜੁਲਾਈ ਨੂੰ ਇਸ ਦੇ ਭਾਅ ਦੇ ਹਿਸਾਬ ਨਾਲ ਉਸ ਦਿਨ ਇਸ ਸੋਨੇ ਦੀ ਕੁਲ ਕੀਮਤ 218 ਲੱਖ ਕਰੋਡ਼ ਰੁਪਏ ਬਣਦੀ ਹੈ। ਜਦੋਂਕਿ 23 ਜੁਲਾਈ ਨੂੰ ਭਾਅ ਡਿੱਗਣ ਤੋਂ ਬਾਅਦ ਇੰਨੇ ਸੋਨੇ ਦੀ ਕੀਮਤ 207 ਲੱਖ ਕਰੋੜ ਰੁਪਏ ਰਹਿ ਗਈ। ਇਹ ਸਿੱਧੇ-ਸਿੱਧੇ ਸੋਨੇ ਦੀ ਵੈਲਿਊ ’ਚ 10 ਲੱਖ ਕਰੋਡ਼ ਰੁਪਏ ਦੇ ਨੁਕਸਾਨ ਨੂੰ ਦਿਖਾਉਂਦਾ ਹੈ।

ਹਾਲਾਂਕਿ ਵੱਡੀਆਂ ਜਿਊਲਰੀ ਕੰਪਨੀਆਂ ਨੂੰ ਇਸ ਕਦਮ ਨਾਲ ਲਾਭ ਹੋ ਸਕਦਾ ਹੈ। ਟਰੇਡਰਸ ਲੰਮੇ ਸਮੇਂ ਤੋਂ ਗੋਲਡ ਕਸਟਮ ਡਿਊਟੀ ਘਟਾਉਣ ਦੀ ਮੰਗ ਕਰ ਰਹੇ ਸਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਗੋਲਡ ਦੀ ਸਮੱਗਲਿੰਗ ਰੁਕੇਗੀ। ਸਰਕਾਰ ਲਈ ਵੀ ਗੋਲਡ ਦੀ ਸਮੱਗਲਿੰਗ ’ਚ ਕਮੀ ਆਉਣਾ ਇਕ ਚੰਗੀ ਖਬਰ ਹੈ ਕਿਉਂਕਿ ਉਸ ਦੇ ਰੈਵੇਨਿਊ ਦਾ ਨੁਕਸਾਨ ਘੱਟ ਹੋਵੇਗਾ।


Harinder Kaur

Content Editor

Related News