ਹੀਰੋ ਮੋਟੋਕਾਰਪ ਹੁਣ ਕਰੇਗੀ ਮੋਟਰਸਾਈਕਲ, ਸਕੂਟਰ ਦੀ ਹੋਮ ਡਲਿਵਰੀ
Sunday, Aug 04, 2019 - 09:45 PM (IST)

ਨਵੀਂ ਦਿੱਲੀ (ਭਾਸ਼ਾ)-ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਹੁਣ ਆਪਣੇ ਮੋਟਰਸਾਈਕਲ ਤੇ ਸਕੂਟਰਾਂ ਦੀ ਹੋਮ ਡਲਿਵਰੀ ਕਰਨ ਦੀ ਯੋਜਨਾ 'ਤੇ ਅਮਲ ਕਰ ਰਹੀ ਹੈ। ਕੰਪਨੀ ਇਸ ਦੇ ਲਈ ਮਾਮੂਲੀ ਚਾਰਜ ਲਵੇਗੀ। ਕੰਪਨੀ 3 ਸ਼ਹਿਰਾਂ ਮੁੰਬਈ, ਬੇਂਗਲੁਰੂ ਅਤੇ ਨੋਇਡਾ 'ਚ ਪਹਿਲਾਂ ਹੀ ਇਸ ਸੇਵਾ ਦੀ ਸ਼ੁਰੂਆਤ ਕਰ ਚੁੱਕੀ ਹੈ। ਹੁਣ ਉਸ ਦੀ ਯੋਜਨਾ ਪੜਾਅਬੱਧ ਤਰੀਕੇ ਨਾਲ ਅਗਲੇ ਕੁਝ ਮਹੀਨਿਆਂ 'ਚ ਇਸ ਨੂੰ ਦੇਸ਼ ਦੇ 25 ਸ਼ਹਿਰਾਂ 'ਚ ਸ਼ੁਰੂ ਕਰਨ ਦੀ ਹੈ। ਕੰਪਨੀ ਨੇ ਇਸ ਦੇ ਲਈ ਇਕ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਖਪਤਕਾਰ ਪੋਰਟਲ ਰਾਹੀਂ ਬੁਕਿੰਗ ਕਰ ਕੇ ਆਪਣੇ ਪਸੰਦ ਦੇ ਪਤੇ 'ਤੇ ਮੋਟਰਸਾਈਕਲ ਦੀ ਡਲਿਵਰੀ ਪਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਸਿਰਫ਼ 349 ਰੁਪਏ ਦਾ ਚਾਰਜ ਦੇਣਾ ਹੋਵੇਗਾ ।