HDFC ਬੈਂਕ ਗਾਹਕਾਂ ਦੀ ਘੱਟ ਹੋਵੇਗੀ EMI, ਕਰਜ਼ ਦਰਾਂ 'ਚ ਹੋਈ ਕਟੌਤੀ

08/07/2020 1:54:33 PM

ਨਵੀਂ ਦਿੱਲੀ— ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਨੇ ਫੰਡ ਆਧਾਰਿਤ ਉਧਾਰੀ ਦਰ (ਐੱਮ. ਸੀ. ਐੱਲ. ਆਰ.) 'ਚ ਕਟੌਤੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰੀ ਖੇਤਰ ਦੇ ਕੇਨਰਾ ਬੈਂਕ ਨੇ ਵੀ ਕਰਜ਼ ਦਰਾਂ ਨੂੰ ਸਸਤਾ ਕੀਤਾ ਹੈ।


ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੇ ਐੱਮ. ਸੀ. ਐੱਲ. ਆਰ. 'ਚ 0.10 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਬੈਂਕ ਦੀ ਵੈੱਬਸਾਈਟ ਮੁਤਾਬਕ, ਦਰਾਂ 'ਚ ਕਟੌਤੀ ਸ਼ੁੱਕਰਵਾਰ ਯਾਨੀ 7 ਅਗਸਤ 2020 ਤੋਂ ਪ੍ਰਭਾਵੀ ਹੋ ਗਈ ਹੈ। ਦੋਹਾਂ ਬੈਂਕਾਂ ਦੇ ਇਸ ਕਦਮ ਨਾਲ ਉਨ੍ਹਾਂ ਦੇ ਗਾਹਕਾਂ ਦੀ ਈ. ਐੱਮ. ਆਈ. 'ਚ ਕਮੀ ਹੋਵੇਗੀ।

ਪਿਛਲੇ ਮਹੀਨੇ ਵੀ ਐੱਚ. ਡੀ. ਐੱਫ. ਸੀ. ਬੈਂਕ ਨੇ ਐੱਮ. ਸੀ. ਐੱਲ. ਆਰ. ਦਰਾਂ 'ਚ 0.20 ਫੀਸਦੀ ਤੱਕ ਦੀ ਕਮੀ ਕੀਤੀ ਸੀ। ਐੱਚ. ਡੀ. ਐੱਫ. ਸੀ. ਬੈਂਕ ਦੀ ਵੈੱਬਸਾਈਟ ਅਨੁਸਾਰ, ਦਰਾਂ 'ਚ ਤਾਜ਼ਾ ਕਟੌਤੀ ਤੋਂ ਬਾਅਦ ਉਸ ਦੀ ਓਵਰਨਾਈਟ ਐੱਮ. ਸੀ. ਐੱਲ. ਆਰ. ਦਰ ਘੱਟ ਕੇ 7 ਫੀਸਦੀ ਹੋ ਗਈ ਹੈ, ਜਦੋਂ ਕਿ ਇਕ ਮਹੀਨੇ ਦੀ ਐੱਮ. ਸੀ. ਐੱਲ. ਆਰ. ਦਰ 7.05 ਫੀਸਦੀ ਰਹਿ ਗਈ ਹੈ। ਇਕ ਸਾਲ ਦੀ ਐੱਮ. ਸੀ. ਐੱਲ. ਆਰ. ਦਰ ਜਿਸ ਨਾਲ ਬਹੁਤ ਸਾਰੇ ਪ੍ਰਚੂਨ ਕਰਜ਼ੇ ਜੁੜੇ ਹੋਏ ਹਨ, ਹੁਣ 7.35 ਫੀਸਦੀ ਹੋ ਗਈ ਹੈ, ਜਦੋਂ ਕਿ ਤਿੰਨ ਸਾਲਾਂ ਦੀ ਐੱਮ. ਸੀ. ਐੱਲ. ਆਰ. ਦਰ 7.55 ਫੀਸਦੀ ਕਰ ਦਿੱਤੀ ਗਈ ਹੈ।

ਗੌਰਤਲਬ ਹੈ ਕਿ ਸਰਕਾਰੀ ਖੇਤਰ ਦੇ ਕੇਨਰਾ ਬੈਂਕ ਨੇ ਵੀਰਵਾਰ ਨੂੰ ਐੱਮ. ਸੀ. ਐੱਲ. ਆਰ. ਆਧਾਰਿਤ ਕਰਜ਼ ਦਰਾਂ 'ਚ 0.30 ਫੀਸਦੀ ਤੱਕ ਦੀ ਕਟੌਤੀ ਕੀਤੀ ਸੀ, ਜੋ ਅੱਜ ਤੋਂ ਪ੍ਰਭਾਵੀ ਹੋ ਗਈ ਹੈ। ਕੇਨਰਾ ਬੈਂਕ ਨੇ ਇਕ ਸਾਲ ਦੇ ਐੱਮ. ਸੀ. ਐੱਲ. ਆਰ. ਨੂੰ 7.55 ਫੀਸਦੀ ਤੋਂ ਘਟਾ ਕੇ 7.45 ਫੀਸਦੀ ਕਰ ਦਿੱਤਾ ਹੈ। ਤਿੰਨ ਮਹੀਨੇ ਦੀ ਐੱਮ. ਸੀ. ਐੱਲ. ਆਰ. ਦਰ ਨੂੰ 7.45 ਫੀਸਦੀ ਤੋਂ ਘਟਾ ਕੇ 7.15 ਫੀਸਦੀ ਕੀਤਾ ਗਿਆ ਹੈ।
 


Sanjeev

Content Editor

Related News