HDFC ਬੈਂਕ ਦਾ ਏਕੀਕ੍ਰਿਤ ਲਾਭ 22.30 ਫੀਸਦੀ ਵਧਿਆ

Sunday, Oct 16, 2022 - 10:29 AM (IST)

HDFC ਬੈਂਕ ਦਾ ਏਕੀਕ੍ਰਿਤ ਲਾਭ 22.30 ਫੀਸਦੀ ਵਧਿਆ

ਮੁੰਬਈ–ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ 22.30 ਫੀਸਦੀ ਵਧ ਕੇ 11,125.21 ਕਰੋੜ ਰੁਪਏ ਹੋ ਗਿਆ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ 9,096.19 ਕਰੋੜ ਰੁਪਏ ਰਿਹਾ ਸੀ। ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਨੇ ਕਿਹਾ ਕਿ ਜੁਲਾਈ-ਸਤੰਬਰ ਤਿਮਾਹੀ ’ਚ ਉਸ ਦਾ ਸਿੰਗਲ ਆਧਾਰ ’ਤੇ ਸ਼ੁੱਧ ਲਾਭ 20 ਫੀਸਦੀ ਤੋਂ ਜ਼ਿਆਦਾ ਹੋ ਕੇ 10,605.78 ਕਰੋੜ ਰੁਪਏ ਹੋ ਗਿਆ।
ਸਮੀਖਿਆ ਅਧੀਨ ਤਿਮਾਹੀ ’ਚ ਬੈਂਕ ਦੀ ਕੁੱਲ ਆਮਦਨ ਇਕ ਸਾਲ ਪਹਿਲਾਂ ਦੇ 38,754 ਕਰੋੜ ਤੋਂ ਵਧ ਕੇ 46,182 ਕਰੋੜ ਰੁਪਏ ਹੋ ਗਈ। ਇਸ ਦੌਰਾਨ ਉਸ ਦਾ ਖਰਚਾ ਵੀ 22,947 ਕਰੋੜ ਤੋਂ ਵਧ ਕੇ 28,790 ਕਰੋੜ ਰੁਪਏ ਹੋ ਗਿਆ। ਦੂਜੀ ਤਿਮਾਹੀ ’ਚ ਬੈਂਕ ਦੀਆਂ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) ਕੁੱਲ ਖਾਤੇ ਦਾ 1.23 ਫੀਸਦੀ ਰਹੀਆਂ ਜਦ ਕਿ ਇਕ ਸਾਲ ਪਹਿਲਾਂ ਦੀ ਦੂਜੀ ਤਿਮਾਹੀ ’ਚ ਇਹ 1.35 ਫੀਸਦੀ ਰਹੀ ਸੀ। ਅਪ੍ਰੈਲ-ਜੂਨ 2022 ਦੀ ਤਿਮਾਹੀ ’ਚ ਕੁੱਲ ਐੱਨ. ਪੀ. ਏ. 1.28 ਫੀਸਦੀ ’ਤੇ ਸੀ।
ਉਧਰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਰਿਹਾਇਸ਼ੀ ਵਿੱਤੀ ਕੰਪਨੀ ਐੱਚ. ਡੀ. ਐੱਫ. ਸੀ. ਲਿਮਟਿਡ ਦੇ ਐੱਚ. ਡੀ. ਐੱਫ. ਸੀ. ਬੈਂਕ ਦੇ ਰਲੇਵੇਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਲਈ ਸ਼ੇਅਰਧਾਰਕਾਂ ਦੀ ਬੈਠਕ ਸੱਦਣ ਦੀ ਇਜਾਜ਼ਤ ਦੇ ਦਿੱਤੀ ਹੈ। ਐੱਚ. ਡੀ. ਐੱਫ. ਸੀ. ਲਿਮਟਿਡ ਨੇ ਕਿਹਾ ਕਿ ਰਲੇਵੇਂ ਦੇ ਪ੍ਰਸਤਾਵ ’ਤੇ ਮਨਜ਼ੂਰੀ ਲੈਣ ਲਈ 25 ਨਵੰਬਰ ਨੂੰ ਸ਼ੇਅਰਧਾਰਕਾਂ ਦੀ ਬੈਠਕ ਸੱਦੀ ਗਈ ਹੈ। ਇਸ ਤੋਂ ਇਲਾਵਾ ਐੱਚ. ਡੀ. ਐੱਫ. ਸੀ. ਲਿਮਟਿਡ ਨੂੰ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਤੋਂ ਪੂਰੀ ਮਲਕੀਅਤ ਵਾਲੀ ਸਹਾਇਕ ਇਕਾਈ ਐੱਚ. ਡੀ. ਐੱਫ. ਸੀ. ਪ੍ਰਾਪਰਟੀ ਵੈਂਚਰਸ ਲਿਮਟਿਡ (ਐੱਚ. ਪੀ. ਵੀ. ਐੱਲ.) ਦਾ ਐੱਚ. ਡੀ. ਐੱਫ. ਸੀ. ਬੈਂਕ ਨੂੰ ਟ੍ਰਾਂਸਫਰ ਕਰਨ ਦੀ ਵੀ ਮਨਜ਼ੂਰੀ ਮਿਲ ਗਈ ਹੈ।


author

Aarti dhillon

Content Editor

Related News