ਗੰਨੇ ਦੇ ਮੁੱਲ 'ਚ ਹਰਿਆਣਾ ਨੇ ਫਿਰ ਮਾਰੀ ਬਾਜ਼ੀ, ਪੰਜਾਬ ਤੋਂ ਵੱਧ ਕੀਤਾ ਮੁੱਲ

Thursday, Sep 09, 2021 - 03:43 PM (IST)

ਗੰਨੇ ਦੇ ਮੁੱਲ 'ਚ ਹਰਿਆਣਾ ਨੇ ਫਿਰ ਮਾਰੀ ਬਾਜ਼ੀ, ਪੰਜਾਬ ਤੋਂ ਵੱਧ ਕੀਤਾ ਮੁੱਲ

ਚੰਡੀਗੜ੍ਹ- ਕਿਸਾਨਾਂ ਦੇ ਅੰਦੋਲਨ ਅਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਨੇ ਜਿੱਥੇ ਹਾਲ ਹੀ ਵਿਚ ਗੰਨੇ ਦਾ ਮੁੱਲ ਵਧਾ ਕੇ 360 ਰੁਪਏ ਪ੍ਰਤੀ ਕੁਇੰਟਲ ਕੀਤਾ ਸੀ, ਉੱਥੇ ਹੀ ਇਸ ਮਾਮਲੇ ਵਿਚ ਹਰਿਆਣਾ ਨੇ ਫਿਰ ਬਾਜ਼ੀ ਮਾਰ ਲਈ ਹੈ। ਖ਼ਬਰ ਹੈ ਕਿ ਹਰਿਆਣਾ ਸਰਕਾਰ ਨੇ ਗੰਨੇ ਦਾ ਮੁੱਲ ਪੰਜਾਬ ਨਾਲੋਂ 2 ਰੁਪਏ ਹੋਰ ਉੱਪਰ ਕਰ ਦਿੱਤਾ ਹੈ।

ਹੁਣ ਹਰਿਆਣਾ ਦੇ ਕਿਸਾਨਾਂ ਨੂੰ ਗੰਨੇ ਦਾ 362 ਰੁਪਏ ਪ੍ਰਤੀ ਕੁਇੰਟਲ ਮੁੱਲ ਮਿਲੇਗਾ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਕਿਸਾਨਾਂ ਨੂੰ 350 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਮੁੱਲ ਦੇ ਰਹੀ ਸੀ, ਜੋ ਕਿ ਪੰਜਾਬ ਨਾਲੋਂ ਕਿਤੇ ਵੱਧ ਸੀ। ਪੰਜਾਬ ਵਿਚ ਪਹਿਲਾਂ ਸਰਕਾਰ ਨੇ ਗੰਨੇ ਦਾ ਮੁੱਲ ਵਧਾ ਕੇ ਹਾਲ ਹੀ ਵਿਚ 325 ਰੁਪਏ ਪ੍ਰਤੀ ਕੁਇੰਟਲ ਕੀਤਾ ਸੀ, ਜਦੋਂ ਕਿ ਕਿਸਾਨਾਂ ਦਾ ਵਿਰੋਧ ਦੇਖਦੇ ਹੋਏ ਸੂਬਾ ਸਰਕਾਰ ਨੂੰ ਇਸ ਮੁੱਲ ਨੂੰ 360 ਰੁਪਏ ਪ੍ਰਤੀ ਕੁਇੰਟਲ ਕਰਨਾ ਪਿਆ।

ਇਹ ਵੀ ਪੜ੍ਹੋ- ਇਟਲੀ ਜਾਣ ਵਾਲੇ ਲੋਕਾਂ ਲਈ ਇੰਤਜ਼ਾਰ ਖ਼ਤਮ, ਪੰਜਾਬ ਤੋਂ ਸਿੱਧੀ ਉਡਾਣ ਸ਼ੁਰੂ

ਹਰਿਆਣਾ ਖੇਤੀਬਾੜੀ ਮੰਤਰੀ ਜੇ. ਪੀ. ਦਲਾਲ ਨੇ ਘੋਸ਼ਣਾ ਕਰਦੇ ਕਿਹਾ ਕਿ ਸੂਬਾ ਸਰਕਾਰ ਨੇ ਗੰਨੇ ਦਾ ਮੁੱਲ 12 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤਾ ਹੈ, ਹੁਣ ਸੂਬੇ ਵਿਚ ਇਸ ਦਾ ਮੁੱਲ 362 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਗੌਰਤਲਬ ਹੈ ਕਿ ਹਰਿਆਣਾ ਪਹਿਲਾਂ ਵੀ ਕਿਸਾਨਾਂ ਨੂੰ ਪੰਜਾਬ ਨਾਲੋਂ ਜ਼ਿਆਦਾ ਮੁੱਲ ਦੇ ਰਿਹਾ ਸੀ। ਰਿਪੋਰਟਾਂ ਮੁਤਾਬਕ, ਪੰਜਾਬ ਵਿਚ ਕਿਸਾਨਾਂ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁਰੂ ਵਿਚ ਗੰਨੇ ਦਾ ਮੁੱਲ 340 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਪ੍ਰਸਤਾਵ ਦਿੱਤਾ ਸੀ, ਨਾਲ ਇਹ ਭਰੋਸਾ ਦਿੱਤਾ ਸੀ ਕਿ ਅਗਲੇ ਗੰਨੇ ਦੀ ਪਿੜਾਈ ਦੇ ਸੀਜ਼ਨ ਵਿਚ ਇਸ ਵਿਚ 15 ਰੁਪਏ ਪ੍ਰਤੀ ਕੁਇੰਟਲ ਦਾ ਹੋਰ ਵਾਧਾ ਕੀਤਾ ਜਾਵੇਗਾ। ਹਾਲਾਂਕਿ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਮਨਜੀਤ ਸਿੰਘ ਰਾਏ ਸਮੇਤ ਕਿਸਾਨ ਨੇਤਾਵਾਂ ਨੇ ਜ਼ੋਰ ਦੇ ਕੇ ਮੰਗ ਕੀਤੀ ਕਿ ਐੱਸ. ਏ. ਪੀ. ਨੂੰ ਇਕ ਹੀ ਸਮੇਂ ਵਿਚ ਵਧਾਇਆ ਜਾਣਾ ਚਾਹੀਦਾ ਹੈ ਅਤੇ ਇਹ ਗੁਆਂਢੀ ਸੂਬਾ ਹਰਿਆਣਾ ਨਾਲੋਂ ਜ਼ਿਆਦਾ ਹੋਣਾ ਚਾਹੀਦਾ ਹੈ। ਫਿਰ ਪੰਜਾਬ ਵਿਚ ਐੱਸ. ਏ. ਪੀ. ਨੂੰ 360 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਸਹਿਮਤੀ ਬਣੀ।

ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਨੇ ਕਣਕ ਦੇ ਸਮਰਥਨ ਮੁੱਲ 'ਚ ਕੀਤਾ ਵਾਧਾ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News