ਮਾਰਚ ’ਚ GST ਮਾਲੀਆ ਕੁਲੈਕਸ਼ਨ 1.42 ਲੱਖ ਕਰੋੜ ਤੋਂ ਪਾਰ
Saturday, Apr 02, 2022 - 11:00 AM (IST)
 
            
            ਨਵੀਂ ਦਿੱਲੀ (ਯੂ. ਐੱਨ. ਆਈ.) – ਆਰਥਿਕ ਸਰਗਰਮੀਆਂ ’ਚ ਆ ਰਹੀ ਤੇਜ਼ੀ ਦੇ ਬਲ ’ਤੇ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ ’ਚ ਵੀ ਵਾਧੇ ਦਾ ਰੁਖ ਬਣਿਆ ਹੋਇਆ ਹੈ। ਇਸ ਸਾਲ ਮਾਰਚ ’ਚ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ 1.42 ਲੱਖ ਕਰੋੜ ਰੁਪਏ ਤੋਂ ਪਾਰ ਰਿਹਾ ਜੋ ਹੁਣ ਤੱਕ ਦਾ ਸਭ ਤੋਂ ਉੱਚਾ ਜੀ. ਐੱਸ. ਟੀ. ਰਿਕਾਰਡ ਹੈ। ਇਸ ਤੋਂ ਪਹਿਲਾਂ ਜਨਵਰੀ 2022 ’ਚ 1,40,986 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ। ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਇਹ ਛੇਵਾਂ ਅਜਿਹਾ ਮਹੀਨਾ ਹੈ, ਜਿਸ ’ਚ ਜੀ. ਐੱਸ. ਟੀ. ਮਾਲੀਆ ਕਲੈਕਸ਼ਨ 1.30 ਲੱਖ ਕਰੋੜ ਰੁਪਏ ਤੋਂ ਵੱਧ ਰਹੀ ਹੈ।
ਵਿੱਤ ਮੰਤਰਾਲਾ ਵਲੋਂ ਅੱਜ ਇੱਥੇ ਜਾਰੀ ਜੀ. ਐੱਸ. ਟੀ. ਕੁਲੈਕਸ਼ਨ ਦੇ ਅੰਕੜਿਆਂ ਮੁਤਾਬਕ ਇਸ ਸਾਲ ਮਾਰਚ ’ਚ ਕੁੱਲ ਜੀ. ਐੱਸ. ਟੀ. ਮਾਲੀਆ ਕਲੈਕਸ਼ਨ 1,42,095 ਕਰੋੜ ਰੁਪਏ ਰਹੀ ਹੈ। ਇਸ ’ਚ ਜੀ. ਐੱਸ. ਟੀ. 25,830 ਕਰੋੜ, ਐੱਸ. ਜੀ. ਐੱਸ. ਟੀ. 32378 ਕਰੋੜ, ਆਈ. ਜੀ. ਐੱਸ. ਟੀ. 74,470 ਕਰੋੜ ਅਤੇ ਮੁਆਵਜ਼ਾ ਸੈੱਸ 9417 ਕਰੋੜ ਰੁਪਏ ਰਿਹਾ ਹੈ। ਆਈ. ਜੀ. ਐੱਸ. ਟੀ. ’ਚ ਦਰਾਮਦ ’ਤੇ ਜੀ. ਐੱਸ. ਟੀ. 39,131 ਕਰੋੜ ਅਤੇ ਮੁਆਵਜ਼ਾ ਸੈੱਸ ’ਚ ਦਰਾਮਦ ’ਤੇ ਜੀ. ਐੱਸ. ਟੀ. 981 ਕਰੋੜ ਰੁਪਏ ਸ਼ਾਮਲ ਹੈ। ਸਰਕਾਰ ਨੇ ਆਈ. ਜੀ. ਐੱਸ. ਟੀ. ’ਚੋਂ ਸੀ. ਜੀ. ਐੱਸ. ਟੀ. ਵਿਚ 29,816 ਕਰੋੜ ਅਤੇ ਐੱਸ. ਜੀ. ਐੱਸ. ਟੀ. ਵਿਚ 25,032 ਕਰੋੜ ਦਿੱਤਾ ਹੈ। ਇਸ ਦੇ ਨਾਲ ਹੀ ਸੂਬਿਆਂ ਨੂੰ 20,000 ਕਰੋੜ ਰੁਪਏ ਵੀ ਦਿੱਤੇ ਗਏ ਹਨ। ਇਸ ਨਿਯਮਿਤ ਟ੍ਰਾਂਸਫਰ ਤੋਂ ਬਾਅਦ ਮਾਰਚ ’ਚ ਕੇਂਦਰ ਅਤੇ ਸੂਬਿਆਂ ਨੂੰ ਕ੍ਰਮਵਾਰ 65,646 ਕਰੋੜ ਅਤੇ 67410 ਕਰੋੜ ਰੁਪਏ ਮਿਲੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            