GST ਰਿਟਰਨ ਭਰਨ ''ਚ ਦੇਰੀ ਹੁਣ ਪਵੇਗੀ ਮਹਿੰਗੀ, 5 ਦਿਨ ''ਚ ਮਿਲੇਗਾ ਨੋਟਿਸ

Thursday, Dec 26, 2019 - 11:49 AM (IST)

GST ਰਿਟਰਨ ਭਰਨ ''ਚ ਦੇਰੀ ਹੁਣ ਪਵੇਗੀ ਮਹਿੰਗੀ, 5 ਦਿਨ ''ਚ ਮਿਲੇਗਾ ਨੋਟਿਸ

ਨਵੀਂ ਦਿੱਲੀ— ਜੀ. ਐੱਸ. ਟੀ. ਰਿਟਰਨ ਫਾਈਲ ਕਰਨ 'ਚ ਦੇਰੀ ਹੁਣ ਮਹਿੰਗੀ ਪੈ ਸਕਦੀ ਹੈ। ਸਰਕਾਰ ਸਮੇਂ 'ਤੇ ਜੀ. ਐੱਸ. ਟੀ. ਰਿਟਰਨ ਨਾ ਭਰਨ ਵਾਲਿਆਂ ਖਿਲਾਫ ਸਖਤ ਹੋਣ ਜਾ ਰਹੀ ਹੈ। ਨਾਨ-ਫਾਈਲਿੰਗ 'ਤੇ ਵੱਖ-ਵੱਖ ਰਾਜਾਂ 'ਚ ਵਿਭਾਗਾਂ ਦੇ ਢਿੱਲੇ ਰਵੱਈਏ ਤੇ ਕਾਰਵਾਈਆਂ ਦੀ ਕੋਈ ਸਮਾਂ-ਸੀਮਾ ਨਾ ਹੋਣ ਦੇ ਮੱਦੇਨਜ਼ਰ ਸੀ. ਬੀ. ਆਈ. ਸੀ. ਨੇ ਪੂਰੇ ਦੇਸ਼ ਲਈ ਇਕ 'ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ' ਜਾਰੀ ਕੀਤਾ ਹੈ। ਇਸ ਤਹਿਤ ਮਹੀਨਾਵਾਰ ਰਿਟਰਨ ਜੀ. ਐੱਸ. ਟੀ. ਆਰ.-3ਬੀ ਫਾਈਲ ਨਾ ਕਰਨ 'ਤੇ ਪੰਜ ਦਿਨਾਂ ਮਗਰੋਂ ਨੋਟਿਸ ਭੇਜਿਆ ਜਾਵੇਗਾ। 

 

ਪਹਿਲਾ ਨੋਟਿਸ ਮਿਲਣ 'ਤੇ ਰਿਟਰਨ ਨਾ ਫਾਈਲ ਕੀਤੀ ਤਾਂ 15 ਦਿਨਾਂ ਬਾਅਦ ਇਕ ਹੋਰ ਨੋਟਿਸ ਭੇਜਿਆ ਜਾਵੇਗਾ। ਇਸ ਪਿੱਛੋਂ ਵੀ ਸਬਮਿਟ ਨਾ ਕਰਨ 'ਤੇ ਅਧਿਕਾਰੀ ਵਿਭਾਗ ਕੋਲ ਉਪਲੱਬਧ ਤੁਹਾਡੇ ਰਿਕਾਰਡ ਜਾਂ ਡਾਟਾ ਦੇ ਆਧਾਰ 'ਤੇ 30 ਦਿਨਾਂ ਮਗਰੋਂ ਟੈਕਸ ਡਿਮਾਂਡ ਕਰ ਸਕਦਾ ਹੈ। ਲਗਾਤਾਰ ਦੋ ਮਹੀਨੇ ਰਿਟਰਨ ਨਾ ਭਰਨ ਵਾਲਿਆਂ ਦਾ ਈ-ਵੇਅ ਬਿੱਲ ਬਲਾਕ ਕਰਨ ਦੀ ਕਾਰਵਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਜਦੋਂ ਕਿ ਛੇ ਮਹੀਨੇ ਰਿਟਰਨ ਨਾ ਭਰਨ ਵਾਲਿਆਂ ਦਾ ਰਜਿਸਟਰੇਸ਼ਨ ਵੀ ਰੱਦ ਹੋ ਰਿਹਾ ਹੈ। ਇਕ ਉੱਚ ਅਧਿਕਾਰੀ ਮੁਤਾਬਕ, ਹੁਣ ਤਕ 3.5 ਲੱਖ ਕਾਰੋਬਾਰੀਆਂ ਦੇ ਈ-ਵੇਅ ਬਿੱਲ ਇਸ ਕਾਰਨ ਬਲਾਕ ਹੋ ਚੁੱਕੇ ਹਨ, ਜਦੋਂ ਕਿ 12 ਲੱਖ ਤੋਂ ਵੱਧ ਕਾਰੋਬਾਰੀਆਂ ਨੂੰ ਕੈਂਸਲੇਸ਼ਨ ਲਈ ਸ਼ਾਰਟਲਿਸਟ ਕੀਤਾ ਜਾ ਚੁੱਕਾ ਹੈ।
ਜੀ. ਐੱਸ. ਟੀ. ਪ੍ਰਿੰਸੀਪਲ ਕਮਿਸ਼ਨਰ ਯੋਗਿੰਦਰ ਗਰਗ ਵੱਲੋਂ ਜਾਰੀ ਹੁਕਮ ਮੁਤਾਬਕ, ਰਿਟਰਨ ਨਾ ਭਰਨ 'ਤੇ ਪੂਰੇ ਦੇਸ਼ 'ਚ ਇਕ ਹੀ ਟਾਈਮਲਾਈਨ ਨਾਲ ਇਕ ਹੀ ਤਰ੍ਹਾਂ ਦੇ ਫਾਰਮ ਤੇ ਫਾਰਮੈਟ 'ਚ ਨੋਟਿਸ ਜਾਂ ਡਿਮਾਂਡ ਜਾਰੀ ਹੋਣਗੇ। ਸੈਕਸ਼ਨ 39 ਜਾਂ 44 ਜਾਂ 45 ਤਹਿਤ ਰਿਟਰਨ ਨਾ ਭਰਨ ਵਾਲਿਆਂ ਨੂੰ ਨੋਟਿਸਾਂ 'ਚ ਹੁਣ 'ਡਿਫਾਲਟਰ' ਕਰਾਰ ਦਿੱਤਾ ਜਾਵੇਗਾ। ਫਾਈਲਿੰਗ ਦੀ ਤਰੀਕ ਖਤਮ ਹੁਣ ਦੇ ਪੰਜ ਦਿਨਾਂ ਮਗਰੋਂ ਫਾਰਮ ਜੀ. ਐੱਸ. ਟੀ. ਆਰ.-3ਏ ਜ਼ਰੀਏ ਨੋਟਿਸ ਭੇਜ ਕੇ 15 ਦਿਨਾਂ 'ਚ ਫਾਈਲਿੰਗ ਲਈ ਕਿਹਾ ਜਾਵੇਗਾ। ਫਿਰ ਵੀ ਫਾਈਲਿੰਗ ਨਾ ਹੋਣ 'ਤੇ ਫਾਰਮ ਏ. ਐੱਸ. ਐੱਮ. ਟੀ.-13 ਜ਼ਰੀਏ 30 ਦਿਨ ਦੀ ਸਮਾਂ-ਸੀਮਾ ਨਾਲ ਟੈਕਸ ਡਿਮਾਂਡ ਨੋਟਿਸ ਦਿੱਤਾ ਜਾਵੇਗਾ।


Related News