ਬ੍ਰਿਟਿਸ਼ ਵੀਜ਼ਾ ਫੀਸ ''ਚ ਹੋਇਆ ਭਾਰੀ ਵਾਧਾ, ਇਮੀਗ੍ਰੇਸ਼ਨ ਹੈਲਥ ਚਾਰਜ ਵੀ ਵਧਾਇਆ

Thursday, Mar 12, 2020 - 06:13 PM (IST)

ਲੰਡਨ — ਅੱਜ ਬ੍ਰਿਟੇਨ ਦੇ ਲੰਬੇ ਸਮੇਂ ਦੀ ਵੀਜ਼ਾ ਫੀਸ ਵਿਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਇਸ ਕਦਮ ਨਾਲ ਭਾਰਤੀ ਦੀ ਜੇਬ 'ਤੇ ਭਾਰ ਵੀ ਅਸਰ ਹੋਵੇਗਾ। ਬ੍ਰਿਟੇਨ ਦੇ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਪਹਿਲੇ ਬਜਟ ਵਿਚ ਭਾਰਤ ਸਮੇਤ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀਆਂ ਲਈ ਵੀਜ਼ਾ ਮਹਿੰਗਾ ਕਰਦੇ ਹੋਏ ਲਾਜ਼ਮੀ ਸਿਹਤ ਫੀਸਾਂ ਵਿਚ ਵੀ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਰਿਸ਼ੀ ਦੇ ਇਸ ਐਲਾਨ ਕਾਰਨ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਲੋਕਾਂ ਲਈ ਵੀਜ਼ਾ ਮਹਿੰਗਾ ਹੋ ਗਿਆ ਹੈ। ਇੰਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਕ ਨੂੰ ਪਿਛਲੇ ਮਹੀਨੇ ਵਿੱਤ ਮੰਤਰੀ ਬਣਾਇਆ ਗਿਆ ਸੀ।

ਸੁਨਕ ਨੇ ਇਮੀਗ੍ਰੇਸ਼ਨ ਹੈਲਥ ਸਰਚਾਰਜ (ਆਈ.ਐਚ.ਐਸ.) ਨੂੰ 400 ਪੌਂਡ (ਲਗਭਗ 38 ਹਜ਼ਾਰ ਰੁਪਏ) ਤੋਂ ਵਧਾ ਕੇ 624 ਪੌਂਡ (ਲਗਭਗ 60 ਹਜ਼ਾਰ ਰੁਪਏ) ਕਰਨ ਦਾ ਐਲਾਨ ਕੀਤਾ। 39 ਸਾਲ ਦੇ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਵਿਚ ਆਪਣੇ ਬਜਟ ਭਾਸ਼ਣ ਵਿਚ ਕਿਹਾ, 'ਪ੍ਰਵਾਸੀ ਸਾਡੀ ਰਾਸ਼ਟਰੀ ਸਿਹਤ ਸੇਵਾ (ਐਨ.ਐਚ.ਐਸ.) ਦਾ ਲਾਭ ਲੈਂਦੇ ਹਨ। ਅਸੀਂ ਸਾਰੇ ਵੀ ਚਾਹੁੰਦੇ ਹਾਂ ਕਿ ਉਹ ਇਹ ਲਾਭ ਲੈਂਦੇ ਰਹਿਣ, ਪਰ ਇਹ ਵੀ ਸਹੀ ਹੈ ਕਿ ਲੋਕ ਕੁਝ ਲੈਂਦੇ ਹਨ ਤਾਂ ਉਸ ਦੀ ਅਦਾਇਗੀ ਵੀ ਕਰਨ।

ਹਾਲਾਂਕਿ ਪਹਿਲਾਂ ਤੋਂ ਸਰਚਾਰਜ ਲੱਗ ਰਹੇ ਹਨ, ਪਰ ਇਹ ਲੋਕਾਂ ਨੂੰ ਮਿਲਣ ਵਾਲੇ ਲਾਭ ਨੂੰ ਪੂਰੀ ਤਰ੍ਹਾਂ ਨਹੀਂ ਦਰਸਾਉਂਦੇ ਹਨ। ਇਸ ਲਈ ਅਸੀਂ ਆਈ.ਐਚ.ਐਸ. ਨੂੰ ਵਧਾ ਰਹੇ ਹਾਂ। 'ਇਸ ਵਾਧੇ ਦੀ ਉਮੀਦ ਉਸ ਸਮੇਂ ਤੋਂ ਕੀਤੀ ਜਾ ਰਹੀ ਸੀ ਜਦੋਂ ਬੀਤੀ ਦਸੰਬਰ 'ਚ ਹੋਈਆਂ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਘੋਸ਼ਣਾ  ਪੱਤਰ ਵਿਚ ਇਸ ਨੂੰ ਸ਼ਾਮਲ ਕੀਤਾ ਸੀ। ਵਿਦੇਸ਼ੀ ਵਿਦਿਆਰਥੀਆਂ ਲਈ ਵੀ ਆਈ.ਐਚ.ਐਸ. 300 ਪੌਂਡ (ਲਗਭਗ 28 ਹਜ਼ਾਰ ਰੁਪਏ) ਤੋਂ ਵਧਾ ਕੇ 470 ਪੌਂਡ (ਲਗਭਗ 45 ਹਜ਼ਾਰ ਰੁਪਏ) ਕਰਨ ਦੀ ਯੋਜਨਾ ਹੈ।

ਸਾਲ 2015 'ਚ ਪੇਸ਼ ਕੀਤਾ ਗਿਆ ਸੀ ਆਈ.ਐਚ.ਐਸ.

ਬ੍ਰਿਟੇਨ ਵਿਚ ਇਮੀਗ੍ਰੇਸ਼ਨ ਹੈਲਥ ਸਰਚਾਰਜ ਪਹਿਲੀ ਅਪ੍ਰੈਲ 2015 'ਚ ਪੇਸ਼ ਕੀਤਾ ਗਿਆ ਸੀ। ਦਸੰਬਰ 2018 'ਚ ਇਸ ਨੂੰ 200 ਪੌਂਡ(ਕਰੀਬ 19 ਹਜ਼ਾਰ ਰੁਪਏ) ਤੋਂ ਵਧਾ ਕੇ 400 ਪੌਂਡ ਕਰ ਦਿੱਤਾ ਗਿਆ ਸੀ।


Related News