ਗੋਇਲ ਅਗਲੇ ਹਫਤੇ ਇਟਲੀ ’ਚ ਜੀ7 ਵਪਾਰ ਮੰਤਰੀਆਂ ਦੇ ਨਾਲ ਬੈਠਕ ਕਰਨਗੇ
Sunday, Jul 14, 2024 - 04:12 PM (IST)
ਨਵੀਂ ਦਿੱਲੀ - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਗਲੇ ਹਫਤੇ ਇਟਲੀ ਦੇ ਰੇਜੀਓ ਕੈਲਾਬ੍ਰੀਆ ’ਚ ਜੀ7 ਦੇਸ਼ਾਂ ਦੇ ਆਪਣੇ ਹਮ-ਅਹੁਦੇਦਾਰਾਂ ਨਾਲ ਦੋਪੱਖੀ ਬੈਠਕ ਕਰਨਗੇ।
7 ਉਦਯੋਗਿਕ ਦੇਸ਼ਾਂ ਦੇ ਸਮੂਹ ਜੀ7 ’ਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ। ਬਿਆਨ ਮੁਤਾਬਕ ਇਨ੍ਹਾਂ ਬੈਠਕਾਂ ਦਾ ਮਕਸਦ ਵਪਾਰ ਅਤੇ ਨਿਵੇਸ਼ ਦੇ ਨਵੇਂ ਰਸਤੇ ਲੱਭਣਾ, ਦੋਪੱਖੀ ਵਪਾਰ ਮੁੱਦਿਆਂ ਨੂੰ ਹੱਲ ਕਰਨਾ ਅਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਇਟਲੀ ’ਚ ਜੀ7 ਵਪਾਰ ਮੰਤਰੀਆਂ ਦੀ ਬੈਠਕ (16-17 ਜੁਲਾਈ) ਦੇ ਆਊਟਰੀਚ ਸੈਸ਼ਨ ਦੌਰਾਨ ਗੋਇਲ ਇਹ ਚਰਚਾ ਕਰਨਗੇ। ਇਸ ਦੌਰਾਨ ਗੋਇਲ ਭਾਰਤ ’ਚ ਮੌਜੂਦ ਵਪਾਰ ਅਤੇ ਨਿਵੇਸ਼ ਮੌਕਿਆਂ ਬਾਰੇ ਦੱਸਣਗੇ। ਮੰਤਰਾਲਾ ਨੇ ਦੱਸਿਆ ਕਿ ਗੋਇਲ ਇਟਲੀ ਯਾਤਰਾ ਤੋਂ ਪਹਿਲਾਂ 14-15 ਜੁਲਾਈ ਨੂੰ ਸਵਿੱਟਜ਼ਰਲੈਂਡ ’ਚ ਹੋਣਗੇ ਅਤੇ ਯੂਰਪੀ ਮੁਕਤ ਵਪਾਰ ਸੰਘ (ਈ. ਐੱਫ. ਟੀ. ਏ.) ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (ਟੀ. ਈ. ਪੀ. ਏ.) ’ਤੇ ਚਰਚਾ ਕਰਨਗੇ।