ਟਿਕਟਾਕ ਸਮੇਤ ਚੀਨੀ ਐਪਸ 'ਤੇ ਪਾਬੰਦੀ ਜਾਰੀ ਰੱਖੇਗੀ ਸਰਕਾਰ : ਰਿਪੋਰਟ
Saturday, Jan 23, 2021 - 08:11 PM (IST)
ਨਵੀਂ ਦਿੱਲੀ- ਟਿਕਟਾਕ ਸਮੇਤ ਚੀਨੀ ਐਪਸ 'ਤੇ ਲੱਗੀ ਪਾਬੰਦੀ ਸਰਕਾਰ ਹਟਾਉਣ ਦੇ ਮੂਡ ਵਿਚ ਨਹੀਂ ਹੈ। ਖ਼ਬਰਾਂ ਹਨ ਕਿ ਸਰਕਾਰ ਨੇ ਟਿਕਟਾਕ ਸਮੇਤ ਚੀਨੀ ਐਪਸ ਕੰਪਨੀਆਂ ਨੂੰ ਨੋਟਿਸ ਭੇਜੇ ਹਨ ਕਿ ਉਨ੍ਹਾਂ ਨੂੰ ਬਲਾਕ ਕਰਨ ਦਾ ਪਹਿਲਾਂ ਤੋਂ ਜਾਰੀ ਆਦੇਸ਼ ਲਾਗੂ ਰਹੇਗਾ। ਰਿਪੋਰਟ ਮੁਤਾਬਕ, ਐਪਸ ਦੇ ਜਵਾਬਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਲੈਕਟ੍ਰਾਨਿਕਸ ਅਤੇ ਆਈ. ਟੀ. ਮੰਤਰਾਲਾ ਨੇ ਇਹ ਨੋਟਿਸ ਜਾਰੀ ਕੀਤੇ ਹਨ।
ਰਿਪੋਰਟ ਮੁਤਾਬਕ, ਟਿਕਟਾਕ ਨੇ ਕਿਹਾ ਹੈ ਕਿ ਉਹ ਨੋਟਿਸ ਦਾ ਮੁਲਾਂਕਣ ਕਰ ਰਹੀ ਹੈ ਅਤੇ ਉਚਿਤ ਤੌਰ 'ਤੇ ਇਸ ਦਾ ਜਵਾਬ ਦਾਖ਼ਲ ਕਰੇਗੀ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਟਿਕਟਾਕ 29 ਜੂਨ 2020 ਨੂੰ ਜਾਰੀ ਭਾਰਤ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਵਾਲੀ ਪਹਿਲੀ ਕੰਪਨੀ ਸੀ।
ਬੁਲਾਰੇ ਨੇ ਅੱਗੇ ਕਿਹਾ ਕਿਹਾ, ''ਅਸੀਂ ਨਿਰੰਤਰ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਰਕਾਰ ਨੂੰ ਹੋਣ ਵਾਲੀਆਂ ਕਿਸੇ ਵੀ ਚਿੰਤਾਵਾਂ ਨੂੰ ਦੂਰ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ। ਯੂਜ਼ਰਜ਼ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ।" ਗੌਰਤਲਬ ਹੈ ਕਿ ਸਰਕਾਰ ਨੇ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਜੂਨ ਵਿਚ 59 ਚੀਨੀ ਐਪਸ ਅਤੇ ਸਤੰਬਰ ਵਿਚ ਪੱਬਜੀ ਮੋਬਾਇਲ ਗੇਮ ਸਮੇਤ 118 ਹੋਰ ਐਪਸ ਨੂੰ ਬੈਨ ਕਰ ਦਿੱਤਾ ਸੀ। ਸੂਚਨਾ ਤਕਨਾਲੋਜੀ ਮੰਤਰਾਲਾ ਨੇ ਆਈ. ਟੀ. ਐਕਟ ਦੀ ਧਾਰਾ 69-ਏ ਤਹਿਤ ਇਨ੍ਹਾਂ ਐਪਸ ਨੂੰ ਬੈਨ ਕੀਤਾ ਸੀ।