ਹੁਣ ਖਾਣ ਵਾਲੇ ਤੇਲ ''ਤੇ ਜੇਬ ਹੋਵੇਗੀ ਢਿੱਲੀ, ਸਰਕਾਰ ਨੇ ਇੰਨੀ ਵਧਾਈ ਡਿਊਟੀ

11/18/2017 3:40:51 PM

ਮੁੰਬਈ/ਨਵੀਂ ਦਿੱਲੀ— ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਆਉਣ ਵਾਲੇ ਸਮੇਂ 'ਚ ਵਾਧਾ ਹੋ ਸਕਦਾ ਹੈ। ਦਰਅਸਲ, ਸਰਕਾਰ ਵੱਲੋਂ ਪਾਮ ਤੇਲ 'ਤੇ ਦਰਾਮਦ ਡਿਊਟੀ ਦੁਗਣੀ ਵਧਾ ਕੇ 30 ਫੀਸਦੀ ਕਰ ਦਿੱਤੀ ਗਈ ਹੈ। ਉੱਥੇ ਹੀ ਰਿਫਾਇੰਡ ਪਾਮ ਤੇਲ 'ਤੇ ਡਿਊਟੀ 25 ਫੀਸਦੀ ਤੋਂ ਵਧਾ ਕੇ 40 ਫੀਸਦੀ ਕਰ ਦਿੱਤੀ ਗਈ ਹੈ। ਸਰਕਾਰ ਨੇ ਆਪਣੇ ਹੁਕਮ 'ਚ ਕਿਹਾ ਕਿ ਇਹ ਫੈਸਲਾ ਸਥਾਨਕ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੋਇਆ ਤੇਲ 'ਤੇ ਦਰਾਮਦ ਡਿਊਟੀ 30 ਫੀਸਦੀ ਕਰ ਦਿੱਤੀ ਗਈ ਹੈ, ਜੋ ਪਹਿਲਾਂ 17.5 ਫੀਸਦੀ ਸੀ, ਜਦੋਂ ਕਿ ਰਿਫਾਇੰਡ ਸੋਇਆ ਤੇਲ 'ਤੇ ਡਿਊਟੀ 20 ਫੀਸਦੀ ਤੋਂ ਵਧਾ ਕੇ 35 ਫੀਸਦੀ ਕੀਤੀ ਗਈ ਹੈ। ਇਸ ਦੇ ਇਲਾਵਾ ਸੂਰਜਮੁਖੀ ਤੇਲ ਅਤੇ ਸਰੋਂ ਦੇ ਤੇਲ 'ਤੇ ਵੀ ਦਰਾਮਦ ਡਿਊਟੀ ਵਧਾਈ ਗਈ ਹੈ। ਸੂਰਜਮੁਖੀ ਤੇਲ 'ਤੇ ਦਰਾਮਦ ਡਿਊਟੀ 12.5 ਫੀਸਦੀ ਤੋਂ ਵਧਾ ਕੇ 25 ਫੀਸਦੀ, ਜਦੋਂ ਕਿ ਰਿਫਾਇੰਡ ਸੂਰਜਮੁਖੀ ਤੇਲ 'ਤੇ ਇਹ ਡਿਊਟੀ 20 ਫੀਸਦੀ ਤੋਂ ਵਧਾ ਕੇ 35 ਫੀਸਦੀ ਕਰ ਦਿੱਤੀ ਗਈ ਹੈ। ਇੰਨੀ ਹੀ ਡਿਊਟੀ ਕੱਚੇ ਸਰੋਂ ਤੇਲ ਅਤੇ ਰਿਫਾਇੰਡ ਸਰੋਂ ਤੇਲ 'ਤੇ ਵਧਾਈ ਗਈ ਹੈ। 

ਜਾਣਕਾਰੀ ਮੁਤਾਬਕ ਸਥਾਨਕ ਤੇਲ ਬੀਜਾਂ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਇੰਡੋਨੇਸ਼ੀਆ, ਮਲੇਸ਼ੀਆ, ਬ੍ਰਾਜ਼ੀਲ ਅਤੇ ਅਰਜਨਟੀਨਾ ਤੋਂ ਸਸਤੀ ਦਰਾਮਦ ਕਾਰਨ ਘਰੇਲੂ ਤੇਲ ਉਤਪਾਦਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਸੀ। ਸਰਕਾਰ ਵੱਲੋਂ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ 'ਚ ਦਰਾਮਦ ਡਿਊਟੀ 'ਚ ਦੂਜੀ ਵਾਰ ਵਾਧਾ ਕੀਤੇ ਜਾਣ ਨਾਲ ਘਰੇਲੂ ਖੁਰਾਕੀ ਤੇਲ ਦੀਆਂ ਕੀਮਤਾਂ ਵਧਣਗੀਆਂ। ਦੱਸਣਯੋਗ ਹੈ ਕਿ ਭਾਰਤ ਆਪਣੇ ਖੁਰਾਕੀ ਤੇਲ ਦਾ 70 ਫੀਸਦੀ ਹਿੱਸਾ ਬਾਹਰੋਂ ਦਰਾਮਦ ਕਰਦਾ ਹੈ। ਡਿਊਟੀ ਵਧਾਉਣ ਤੋਂ ਬਾਅਦ ਵੀ ਭਾਰਤ ਨੂੰ 2017-18 'ਚ 1 ਕਰੋੜ 55 ਲੱਖ ਟਨ ਖਾਣ ਵਾਲੇ ਤੇਲ ਦੀ ਦਰਾਮਦ ਕਰਨ ਦੀ ਲੋੜ ਹੋਵੇਗੀ। ਸਨਵਿਨ ਗਰੁੱਪ ਦੇ ਮੁੱਖ ਕਾਰਜਕਾਰੀ ਸੰਦੀਪ ਬਜਾਰੀਆ ਨੇ ਕਿਹਾ ਕਿ ਡਿਊਟੀ ਵਧਾਏ ਜਾਣੇ ਨਾਲ ਦਰਾਮਦ 'ਤੇ ਥੋੜ੍ਹਾ ਅਸਰ ਪਵੇਗਾ ਪਰ ਭਾਰਤ 'ਚ ਜ਼ਿਆਦਾ ਮੰਗ ਹੋਣ ਕਾਰਨ ਇਸ ਦੀ ਦਰਾਮਦ ਕਰਨੀ ਪਵੇਗੀ।


Related News