ਸਰਕਾਰ ਫਲਾਈਟਾਂ 'ਚ ਸੀਟਿੰਗ ਸਮਰੱਥਾ ਘਟਾਉਣ ਦਾ ਕਰ ਰਹੀ ਹੈ ਵਿਚਾਰ
Saturday, Apr 17, 2021 - 10:02 AM (IST)
ਨਵੀਂ ਦਿੱਲੀ- ਕੋਵਿਡ-19 ਮਾਮਲਿਆਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਘਰੇਲੂ ਉਡਾਣਾਂ ਵਿਚ ਸੀਟਿੰਗ ਸਮਰੱਥਾ ਘਟਾ ਕੇ 60 ਫ਼ੀਸਦੀ ਕਰਨ 'ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਮੁਤਾਬਕ, ਹਵਾਬਾਜ਼ੀ ਡਾਇਰੈਕਟੋਰੇਟ ਜਨਰਲ, ਏਅਰਪੋਰਟ ਅਥਾਰਟੀ ਆਫ਼ ਇੰਡੀਆ ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਉੱਚ ਅਧਿਕਾਰੀਆਂ ਵੱਲੋਂ ਅਗਲੇ ਹਫ਼ਤੇ ਬੈਠਕ ਵਿਚ ਇਸ ਬਾਰੇ ਫ਼ੈਸਲਾ ਲੈਣ ਦੀ ਸੰਭਾਵਨਾ ਹੈ।
ਮੌਜੂਦਾ ਸਮੇਂ 80 ਫ਼ੀਸਦੀ ਸਮਰੱਥਾ ਦੇ ਨਾਲ ਉਡਾਣ ਭਰਨ ਦੀ ਇਜਾਜ਼ਤ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਮਰੱਥਾ ਘਟਾਉਣ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਸੁਰੱਖਿਆ ਤੇ ਵਿੱਤੀ ਸਬੰਧੀ ਸਾਰੇ ਪੱਖ ਦੇਖੇ ਜਾਣਗੇ।
ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਕੋਰੋਨਾ ਮਾਮਲਿਆਂ ਵਿਚ ਵਾਧਾ, ਖੇਤਰੀ ਤਾਲਾਬੰਦੀ, ਕਰਫਿਊ ਅਤੇ ਹੋਰ ਪਾਬੰਦੀਆਂ ਕਾਰਨ ਪਹਿਲਾਂ ਹੀ ਪਿਛਲੇ ਦੋ ਹਫ਼ਤਿਆਂ ਵਿਚ ਯਾਤਰੀਆਂ ਦੀ ਆਵਾਜਾਈ ਘੱਟ ਗਈ ਹੈ। ਫਰਵਰੀ ਵਿਚ ਲਗਭਗ 3,00,000 ਦੇ ਪੱਧਰ ਨੂੰ ਛੂਹਣ ਤੋਂ ਬਾਅਦ ਰੋਜ਼ਾਨਾ ਹਵਾਈ ਯਾਤਰੀਆਂ ਦੀ ਆਵਾਜਾਈ 200,000 ਤੋਂ ਹੇਠਾਂ ਆ ਗਈ ਹੈ। ਸਰਕਾਰ ਨੇ ਪਿਛਲੇ ਸਾਲ ਕੋਰੋਨਾ ਤਾਲੰਬਦੀ ਪਾਬੰਦੀਆਂ ਦੇ ਦੋ ਮਹੀਨਿਆਂ ਬਾਅਦ 25 ਮਈ ਤੋਂ ਘਰੇਲੂ ਉਡਾਣਾਂ ਨੂੰ ਦੁਬਾਰਾ ਚੱਲਣ ਦੀ ਮਨਜ਼ੂਰੀ ਦਿੱਤੀ ਸੀ।