ਸਰਕਾਰ ਟਾਟਾ ਕਮਿਊਨੀਕੇਸ਼ਨਸ ਤੋਂ ਬਾਹਰ ਨਿਕਲੀ, 10 ਫੀਸਦੀ ਹਿੱਸੇਦਾਰੀ ਵੇਚੀ’

03/20/2021 10:01:14 AM

ਨਵੀਂ ਦਿੱਲੀ– ਸਰਕਾਰ ਨੇ ਬਾਜ਼ਾਰ ਤੋਂ ਬਾਹਰ ਸੌਦੇ ’ਚ ਟਾਟਾ ਕਮਿਊਨੀਕੇਸ਼ਸ ’ਚ ਆਪਣੀ 10 ਫੀਸਦੀ ਹਿੱਸੇਦਾਰੀ ਟਾਟਾ ਸਨਜ਼ ਦੀ ਇਕਾਈ ਪੈਨਾਟੋਨ ਫਿਨਵੈਸਟ ਨੂੰ ਵੇਚ ਦਿੱਤੀ ਹੈ। ਇਸ ਤਰ੍ਹਾਂ ਸਰਕਾਰ ਟਾਟਾ ਕਮਿਊਨੀਕੇਸ਼ਨਸ ਤੋਂ ਬਾਹਰ ਨਿਕਲ ਗਈ ਹੈ। ਇਸ ਸੌਦੇ ਤੋਂ ਪਹਿਲਾਂ ਕੰਪਨੀ ’ਚ ਸਰਕਾਰ ਦੀ ਹਿੱਸੇਦਾਰੀ 26.12 ਫੀਸਦੀ ਅਤੇ ਪੈਨਾਟੋਨ ਫਿਨਵੈਸਟ ਦੀ ਹਿੱਸੇਦਾਰੀ 34.80 ਫੀਸਦੀ, ਟਾਟਾ ਸੰਨਜ਼ ਦੀ 14.07 ਫੀਸਦੀ ਅਤੇ ਜਨਤਕ ਸ਼ੇਅਰਧਾਰਕਾਂ ਕੋਲ ਬਾਕੀ 25.01 ਫੀਸਦੀ ਹਿੱਸੇਦਾਰੀ ਸੀ।

ਦੂਰਸੰਚਾਰ ਵਿਭਾਗ ਨੇ ਭਾਰਤ ਦੇ ਰਾਸ਼ਟਰਪਤੀ ਵਲੋਂ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਅਸੀਂ ਇਹ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਬਾਜ਼ਾਰ ਤੋਂ ਬਾਹਰ ਸੌਦੇ ’ਚ ਖਰੀਦਦਾਰ ਨੂੰ 2,85,00,000 ਇਕਵਿਟੀ ਸ਼ੇਅਰ ਵੇਚੇ ਹਨ। ਇਹ ਕੰਪਨੀ ਦੀ ਕੁਲ ਸ਼ੇਅਰਧਾਰਿਤਾ ਦਾ 10 ਫੀਸਦੀ ਹੈ। ਸਰਕਾਰ ਪਹਿਲਾਂ ਹੀ ਪ੍ਰਚੂਨ ਅਤੇ ਗੈਰ-ਪ੍ਰਚੂਨ ਨਿਵੇਸ਼ਕਾਂ ਨੂੰ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਰਾਹੀਂ ਕੰਪਨੀ ਦੀ 16.12 ਫੀਸਦੀ ਹਿੱਸੇਦਾਰੀ 1,161 ਰੁਪਏ ਪ੍ਰਤੀ ਸ਼ੇਅਰ ਦੇ ਘੱਟੋ-ਘੱਟ ਮੁੱਲ ’ਤੇ ਵੇਚ ਚੁੱਕੀ ਹੈ।

ਸਰਕਾਰ ਨੇ ਵਿਕਰੀ ਪੇਸ਼ਕਸ਼ ਦੇ ਘੱਟੋ-ਘੱਟ 25 ਫੀਸਦੀ ਸ਼ੇਅਰ ਮਿਊਚਲ ਫੰਡ ਕੰਪਨੀਆਂ ਅਤੇ ਬੀਮਾ ਕੰਪਨੀਆਂ ਅਤੇ 10 ਫੀਸਦੀ ਪ੍ਰਚੂਨ ਨਿਵੇਸ਼ਕਾਂ ਲਈ ਰਾਖਵੇਂ ਕੀਤੇ ਸਨ। ਓ. ਐੱਫ. ਐੱਸ. ਨੂੰ 1.33 ਗੁਣਾ ਸਬਸਕ੍ਰਿਪਸ਼ਨ ਮਿਲੀ ਸੀ। ਟਾਟਾ ਸਮੂਹ ਨੇ 2002 ’ਚ ਵਿਦੇਸ਼ ਸੰਚਾਰ ਨਿਗਮ ਲਿਮ. ਦਾ ਐਕਵਾਇਰ ਕੀਤਾ ਸੀ। ਉਸ ਤੋਂ ਬਾਅਦਾ ਟਾਟਾ ਕਮਿਊਨੀਕੇਸ਼ਨਸ ਹੋਂਦ ’ਚ ਆਈ ਸੀ। ਵਿਦੇਸ਼ ਸੰਚਾਰ ਨਿਗਮ ਲਿਮ. ਦੀ ਸਥਾਪਨਾ ਸਰਕਾਰ ਨੇ 1986 ’ਚ ਕੀਤੀ ਸੀ। ਇਹ ਹਿੱਸੇਦਾਰੀ ਵਿਕਰੀ ਸਰਕਾਰ ਦੀ ਨਿਵੇਸ਼ ਪ੍ਰਕਿਰਿਆ ਦਾ ਹਿੱਸਾ ਹੈ।


Sanjeev

Content Editor

Related News