ਕਣਕ ਤੇ ਮਟਰ ਨੂੰ ਲੈ ਕੇ ਸਰਕਾਰ ਦਾ ਵੱਡਾ ਕਦਮ, ਕਿਸਾਨਾਂ ਨੂੰ ਹੋਵੇਗਾ ਲਾਭ

Thursday, Nov 09, 2017 - 03:49 PM (IST)

ਕਣਕ ਤੇ ਮਟਰ ਨੂੰ ਲੈ ਕੇ ਸਰਕਾਰ ਦਾ ਵੱਡਾ ਕਦਮ, ਕਿਸਾਨਾਂ ਨੂੰ ਹੋਵੇਗਾ ਲਾਭ

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਵੱਡਾ ਕਦਮ ਚੁੱਕਦੇ ਹੋਏ ਕਿਸਾਨਾਂ ਦੇ ਹਿੱਤ 'ਚ ਕਣਕ 'ਤੇ ਦਰਾਮਦ ਡਿਊਟੀ ਵਧਾ ਕੇ ਦੁਗਣੀ ਕਰ ਦਿੱਤੀ ਹੈ। ਸਰਕਾਰ ਨੇ ਅਜਿਹਾ ਕਣਕ ਦੀ ਸਸਤੀ ਦਰਾਮਦ (ਇੰਪੋਰਟ) ਨੂੰ ਰੋਕਣ ਲਈ ਕੀਤਾ ਹੈ ਤਾਂ ਕਿ ਹਾੜ੍ਹੀ ਸੀਜ਼ਨ 'ਚ ਕਿਸਾਨਾਂ ਦੀ ਕਣਕ ਦਾ ਮੁੱਲ ਪ੍ਰਭਾਵਿਤ ਨਾ ਹੋਵੇ। ਦੱਸਣਯੋਗ ਹੈ ਕਿ ਇਸ ਵਾਰ ਕਣਕ ਦੀ ਸਰਕਾਰੀ ਖਰੀਦ 1735 ਰੁਪਏ ਪ੍ਰਤੀ ਕੁਇੰਟਲ 'ਤੇ ਹੋਵੇਗੀ, ਜੋ ਪਿਛਲੇ ਸੀਜ਼ਨ 'ਚ 1625 ਰੁਪਏ 'ਤੇ ਹੋਈ ਸੀ। ਉੱਥੇ ਹੀ ਕੈਨੇਡਾ ਵਰਗੇ ਦੇਸ਼ਾਂ ਤੋਂ ਸਸਤੀ ਦਰਾਮਦ ਰੋਕਣ ਲਈ ਮਟਰ 'ਤੇ 50 ਫੀਸਦੀ ਦਰਾਮਦ ਡਿਊਟੀ ਲਗਾਈ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ ਤਕ ਜਿਹੜੇ ਵਪਾਰੀ ਘੱਟ ਜਾਂ ਜ਼ੀਰੋ ਦਰਾਮਦ ਡਿਊਟੀ 'ਤੇ ਕਣਕ ਅਤੇ ਮਟਰ ਬਾਹਰੋਂ ਮੰਗਵਾ ਰਹੇ ਸਨ ਉਨ੍ਹਾਂ ਨੂੰ ਹੁਣ ਇਨ੍ਹਾਂ ਦੀ ਦਰਾਮਦ ਮਹਿੰਗੀ ਪਵੇਗੀ। ਇਸ ਨਾਲ ਦੇਸ਼ 'ਚ ਕਿਸਾਨਾਂ ਨੂੰ ਆਪਣੀ ਫਸਲ ਦਾ ਵਧੀਆ ਮੁੱਲ ਮਿਲ ਸਕੇਗਾ। ਅਜਿਹੇ 'ਚ ਜੇਕਰ ਕਿਸਾਨ ਆਪਣੀ ਫਸਲ ਕਿਸੇ ਵਪਾਰੀ ਨੂੰ ਵੀ ਵੇਚੇਗਾ ਤਾਂ ਉਸ ਨੂੰ ਉਸ ਦਾ ਚੰਗਾ ਮੁੱਲ ਮਿਲ ਸਕੇਗਾ। ਹਾਲਾਂਕਿ, ਮੌਜੂਦਾ ਖਰਚਿਆਂ ਮੁਤਾਬਕ ਸਰਕਾਰ ਵੱਲੋਂ ਤੈਅ ਕੀਤਾ ਗਿਆ ਸਮਰਥਨ ਮੁੱਲ ਨਾਕਾਫੀ ਹੈ। ਕੇਂਦਰੀ ਐਕਸਾਈਜ਼ ਅਤੇ ਕਸਟਮ ਬੋਰਡ (ਸੀ. ਬੀ. ਈ. ਸੀ.) ਦੇ ਨੋਟੀਫਿਕੇਸ਼ਨ ਮੁਤਾਬਕ, ਮਟਰ 'ਤੇ ਬੇਸਿਕ ਕਸਟਮ ਡਿਊਟੀ ਮੌਜੂਦਾ ਜ਼ੀਰੋ ਤੋਂ ਵਧਾ ਕੇ 50 ਫੀਸਦੀ ਅਤੇ ਕਣਕ ਦੀ ਦਰਾਮਦ ਡਿਊਟੀ ਨੂੰ 10 ਫੀਸਦੀ ਤੋਂ 20 ਫੀਸਦੀ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸੀਜ਼ਨ 'ਚ 9 ਕਰੋੜ 83 ਲੱਖ ਟਨ ਤੋਂ ਵਧ ਕਣਕ ਦਾ ਉਤਪਾਦਨ ਹੋਇਆ ਸੀ। ਇਸ ਭਾਰੀ ਉਤਪਾਦਨ ਦੇ ਮੱਦੇਨਜ਼ਰ ਸਥਾਨਕ ਕੀਮਤਾਂ 'ਚ ਗਿਰਾਵਟ ਨੂੰ ਰੋਕਣ ਲਈ ਸਰਕਾਰ ਨੇ ਮਾਰਚ 'ਚ ਕਣਕ 'ਤੇ 10 ਫੀਸਦੀ ਦਰਾਮਦ ਡਿਊਟੀ ਲਗਾ ਦਿੱਤੀ ਸੀ। ਹੁਣ ਕਣਕ ਦੇ ਬਿਜਾਈ ਸੀਜ਼ਨ ਨੂੰ ਦੇਖਦੇ ਹੋਏ ਸਰਕਾਰ ਨੇ ਇਸ 'ਤੇ ਦਰਾਮਦ ਡਿਊਟੀ ਦੁਗਣੀ ਕਰ ਦਿੱਤੀ ਹੈ, ਤਾਂ ਕਿ ਕਿਸਾਨਾਂ ਨੂੰ ਵਧ ਤੋਂ ਵਧ ਰਕਬੇ 'ਚ ਕਣਕ ਬੀਜਣ ਲਈ ਉਤਸ਼ਾਹਤ ਕੀਤਾ ਜਾ ਸਕੇ ਅਤੇ ਇਸ ਨਾਲ ਕਿਸਾਨਾਂ ਨੂੰ ਸੰਕੇਤ ਦਿੱਤਾ ਹੈ ਕਿ ਕਣਕ ਦਾ ਮੁੱਲ ਚੰਗਾ ਮਿਲੇਗਾ। ਸਰਕਾਰ ਚਾਹੁੰਦੀ ਹੈ ਕਿ ਦੇਸ਼ 'ਚ ਕਣਕ ਦਾ ਵਧ ਤੋਂ ਵਧ ਉਤਪਾਦਨ ਹੋਵੇ ਅਤੇ ਕਿਸਾਨਾਂ ਨੂੰ ਵੀ ਚੰਗੀ ਕਮਾਈ ਹੋਵੇ। 2016-17 ਦੇ ਫਸਲ ਸੀਜ਼ਨ 'ਚ ਦਾਲਾਂ ਦੀ ਪੈਦਾਵਾਰ ਵੀ ਭਾਰੀ ਹੋਈ ਸੀ। ਇਸ ਦੌਰਾਨ ਭਾਰਤ 'ਚ ਰਿਕਾਰਡ 2.2 ਕਰੋੜ ਟਨ ਦਾਲਾਂ ਦਾ ਉਤਪਾਦਨ ਹੋਇਆ ਸੀ। ਮਟਰ 'ਤੇ ਡਿਊਟੀ ਸਸਤੀ ਦਰਾਮਦ ਨੂੰ ਰੋਕਣ ਅਤੇ ਘਰੇਲੂ ਕੀਮਤਾਂ ਨੂੰ ਵਧਾਉਣ ਲਈ ਲਗਾਈ ਗਈ ਹੈ।


Related News