ਕਿਚਨ ’ਚ ਤੜਕਾ ਲਾਉਣਾ ਹੋਵੇਗਾ ਸਸਤਾ, ਸਰਕਾਰ ਹੁਣ 50 ਰੁਪਏ ਕਿਲੋ ਦੇ ਭਾਅ ’ਤੇ ਵੇਚੇਗੀ ਟਮਾਟਰ
Friday, Aug 02, 2024 - 03:04 PM (IST)
ਨਵੀਂ ਦਿੱਲੀ (ਭਾਸ਼ਾ) - ਪਿਛਲੇ ਕਾਫੀ ਸਮੇਂ ਤੋਂ ਬਾਕੀ ਸਬਜ਼ੀਆਂ ਸਮੇਤ ਟਮਾਟਰ ਦੇ ਆਸਮਾਨੀ ਭਾਅ ਨੇ ਕਿਚਨ ਦੇ ਜ਼ਾਇਕੇ ਨੂੰ ਬੇਰਸ ਕਰ ਰੱਖਿਆ ਹੈ ਪਰ ਹੁਣ ਤੁਹਾਡੇ ਲਈ ਕਿਚਨ ’ਚ ਟਮਾਟਰ ਦੇ ਨਾਲ ਖਾਣ ੇ ’ਚ ਤੜਕਾ ਲਾਉਣਾ ਸਸਤਾ ਪੈਣ ਵਾਲਾ ਹੈ। ਦਰਅਸਲ, ਸਰਕਾਰ ਆਮ ਲੋਕਾਂ ਨੂੰ ਰਾਹਤ ਦੇਣ ਲਈ ਦਿੱਲੀ ਅਤੇ ਉਸ ਦੇ ਆਸ-ਪਾਸ ਦੇ ਖੇਤਰਾਂ ਅਤੇ ਮੁੰਬਈ ਦੇ ਪ੍ਰਚੂਨ ਬਾਜ਼ਾਰਾਂ ’ਚ ਸਸਤੀ ਦਰ ’ਤੇ ਟਮਾਟਰ ਵੇਚੇਗੀ।
ਟਮਾਟਰ ਦੀ ਵਿਕਰੀ ਸ਼ੁੱਕਰਵਾਰ ਤੋਂ 50 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਕੀਤੀ ਜਾਵੇਗੀ। ਅਜੇ ਇਸ ਨੂੰ 60 ਰੁਪਏ ਕਿਲੋ ਦੇ ਭਾਅ ’ਤੇ ਵੇਚਿਆ ਜਾ ਰਿਹਾ ਹੈ। ਦੇਸ਼ ਦੇ ਕਈ ਬਾਜ਼ਾਰਾਂ ’ਚ ਫਿਲਹਾਲ ਟਮਾਟਰ ਦੀ ਪ੍ਰਚੂਨ ਕੀਮਤ 70-100 ਰੁਪਏ ਕਿਲੋ ਤੱਕ ਹੈ।
ਪਹਿਲਾਂ ਦਿੱਲੀ ਫਿਰ ਮੁੰਬਈ ’ਚ ਵਿਕਰੀ ਹੋਈ ਸ਼ੁਰੂ
ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ’ਚ 60 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਕੀਤੀ ਸੀ। ਬਾਅਦ ’ਚ ਇਸ ਦੀ ਵਿਕਰੀ ਮੁੰਬਈ ’ਚ ਵੀ ਸ਼ੁਰੂ ਕੀਤੀ ਗਈ।
ਜੋਸ਼ੀ ਨੇ ਕਿਹਾ ਕਿ ਸਾਡੇ ਦਖਲ ਤੋਂ ਬਾਅਦ ਟਮਾਟਰ ਦੀਆਂ ਕੀਮਤਾਂ ਘੱਟ ਹੋਈਆਂ ਹਨ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਅਸੀਂ ਕੱਲ ਯਾਨੀ 2 ਅਗਸਤ ਤੋਂ ਰਾਸ਼ਟਰੀ ਖੇਤਰ ਦਿੱਲੀ ਅਤੇ ਮੁੰਬਈ ’ਚ 50 ਰੁਪਏ ਪ੍ਰਤੀ ਕਿਲੋ ਦੀ ਦਰ ’ਤੇ ਟਮਾਟਰ ਵੇਚਣਾ ਸ਼ੁਰੂ ਕਰਾਂਗੇ।
ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਜ਼ ਫੈੱਡਰੇਸ਼ਨ ਆਫ ਇੰਡੀਆ ਲਿ. (ਐੱਨ. ਸੀ. ਸੀ. ਐੱਫ.) ਮੋਬਾਈਲ ਵੈਨ ਜ਼ਰੀਏ ਟਮਾਟਰ ਵੇਚ ਰਿਹਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਮੁਤਾਬਕ, 31 ਜੁਲਾਈ ਨੂੰ ਟਮਾਟਰ ਦੀ ਆਲ ਇੰਡੀਆ ਔਸਤ ਕੀਮਤ 61.74 ਰੁਪਏ ਪ੍ਰਤੀ ਕਿਲੋ ਸੀ।
ਦਿੱਲੀ ’ਚ ਬੁੱਧਵਾਰ ਨੂੰ ਔਸਤ ਕੀਮਤ 70 ਰੁਪਏ ਪ੍ਰਤੀ ਕਿਲੋ ਸੀ। ਪਿਛਲੇ ਮਹੀਨੇ, ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੋ ਗਈ ਸੀ। ਮੁੱਲ ਵਧਣ ਦੇ ਪਿੱਛੇ ਕਈ ਉਤਪਾਦਕ ਸੂਬਿਆਂ ’ਚ ਗਰਮੀ ਅਤੇ ਬੇਨਿਯਮੇ ਮੀਂਹ ਕਾਰਨ ਸਪਲਾਈ ਦਾ ਪ੍ਰਭਾਵਿਤ ਹੋਣਾ ਹੈ।
ਪ੍ਰਚੂਨ ਪੱਧਰ ’ਤੇ ਪ੍ਰਾਫਿਟ ਮਾਰਜਨ ਉਚਿਤ ਬਣਾਏ ਰੱਖਣ ਦੀ ਕੋਸ਼ਿਸ਼
ਮੰਤਰਾਲਾ ਨੇ ਮੁੱਲ ਸਥਿਰੀਕਰਨ ਨਿਧੀ (ਪੀ. ਐੱਸ. ਐੱਫ.) ਦਾ ਇਸਤੇਮਾਲ ਨਹੀਂ ਕੀਤਾ ਹੈ ਕਿਉਂਕਿ ਟਮਾਟਰ ਸਿੱਧੇ ਮੰਡੀਆਂ ਤੋਂ ਖਰੀਦੇ ਗਏ ਹਨ। ਫੈੱਡਰੇਸ਼ਨ ਥੋਕ ਬਾਜ਼ਾਰ ਤੋਂ ਟਮਾਟਰ ਖਰੀਦ ਰਿਹਾ ਹੈ ਅਤੇ ਉਨ੍ਹਾਂ ਨੂੰ ਉਚਿਤ ਪ੍ਰਚੂਨ ਕੀਮਤਾਂ ’ਤੇ ਵੇਚ ਰਿਹਾ ਹੈ। ਸਰਕਾਰ ਵੱਲੋਂ ਚੁੱਕੇ ਇਸ ਕਦਮ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਪ੍ਰਚੂਨ ਪੱਧਰ ’ਤੇ ਪ੍ਰਾਫਿਟ ਮਾਰਜਨ ਉਚਿਤ ਬਣਿਆ ਰਹੇ ਅਤੇ ਵਿਚੌਲਿਆਂ ਨੂੰ ਹੋਣ ਵਾਲੇ ਅਪ੍ਰਤੱਖ ਮੁਨਾਫੇ ਨੂੰ ਰੋਕਿਆ ਜਾ ਸਕੇ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਹੋ ਸਕੇ।