Air India ਦੀ 100 ਫੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, ਟੈਂਡਰ ਜਾਰੀ

01/27/2020 11:06:00 AM

ਨਵੀਂ ਦਿੱਲੀ — ਭਾਰੀ ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਵੇਚਣ ਲਈ ਇਕ ਵਾਰ ਫਿਰ ਤੋਂ ਬੋਲੀਆਂ ਮੰਗੀਆਂ ਗਈਆਂ ਹਨ। ਇਸ ਵਾਰ ਸਰਕਾਰ ਨੇ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚਣ ਲਈ ਟੈਂਡਰ ਜਾਰੀ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਬਣੇ ਮੰਤਰੀ ਸਮੂਹ ਨੇ 7 ਜਨਵਰੀ ਨੂੰ ਇਸ ਸਰਕਾਰੀ ਹਵਾਈ ਕੰਪਨੀ ਦੇ ਨਿੱਜੀਕਰਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2018 'ਚ ਏਅਰ ਇੰਡੀਆ ਦੀ 76 ਫੀਸਦੀ ਹਿੱਸੇਦਾਰੀ ਵੇਚਣ ਦਾ ਪ੍ਰਸਤਾਵ ਮੋਦੀ ਸਰਕਾਰ ਲੈ ਕੇ ਆਈ ਸੀ, ਪਰ ਇਸ ਡੀਲ ਲਈ ਕਿਸੇ ਕੰਪਨੀ ਨੇ ਖਾਸ ਦਿਲਚਸਪੀ ਨਹੀਂ ਦਿਖਾਈ ਸੀ।

ਟੈਂਡਰ ਪੱਤਰ ਅਨੁਸਾਰ ਰਣਨੀਤਕ ਵਿਨਿਵੇਸ਼ਕ ਦੇ ਤਹਿਤ ਏਅਰ ਇੰਡੀਆ ਘੱਟ ਕੀਮਤ ਵਾਲੀ ਏਅਰਲਾਈਨ ਏਅਰ ਇੰਡੀਆ ਐਕਸਪ੍ਰੈੱਸ ਦੀ ਆਪਣੀ 100 ਫੀਸਦੀ ਹਿੱਸੇਦਾਰੀ ਅਤੇ ਸਾਂਝੇ ਉੱਦਮ AISATS ਦੀ 50 ਫੀਸਦੀ ਹਿੱਸੇਦਾਰੀ ਵੇਚੇਗੀ। ਏਅਰਲਾਈਨ ਦਾ ਪ੍ਰਬੰਧਨ ਵੀ ਸਫਲ ਬੋਲੀਕਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ। ਟੈਂਡਰ ਪੱਤਰ ਅਨੁਸਾਰ ਦਿਲਚਸਪੀ ਲੈਣ ਵਾਲੇ ਖਰੀਦਦਾਰ 17 ਮਾਰਚ ਤੱਕ ਐਕਸਪ੍ਰੈਸ਼ਨ ਆਫ ਇੰਟਰੱਸਟ(EOI) ਜਮ੍ਹਾਂ ਕਰਵਾ ਸਕਦੇ ਹਨ। 

PunjabKesari

ਏਅਰਇੰਡੀਆ ਅਤੇ ਸਿੰਗਾਪੁਰ ਦਾ ਸਾਂਝਾ ਉੱਦਮ ਹੈ AISATS

AISATS ਏਅਰ ਇੰਡੀਆ ਅਤੇ ਸਿੰਗਾਪੁਰ ਏਅਰਲਾਈਨ ਦਾ ਸਾਂਝਾ ਉੱਦਮ ਹੈ। ਇਹ ਕੰਪਨੀ ਗਰਾਊਂਡ ਹੈਂਡਲਿੰਗ ਦਾ ਕੰਮ ਕਰਦੀ ਹੈ। ਟੈਂਡਰ ਵਿਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਇਸ ਤੋਂ ਇਲਾਵਾ ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸਿਜ਼, ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸਿਜ਼, ਏਅਰਲਾਈਨ ਏਲਾਈਡ ਸਰਵਿਸਿਜ਼ ਅਤੇ ਹੋਟਲ ਕਾਰਪੋਰੇਸ਼ਨ ਆਫ ਇੰਡੀਆ ਵਿਚ ਵੀ ਹਿੱਸੇਦਾਰੀ ਰੱਖਦੀ ਹੈ। ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਇਕ ਵੱਖਰੀ ਕੰਪਨੀ ਏਅਰ ਇੰਡੀਆ ਐਸੇਟਸ ਹੋਲਡਿੰਗ ਲਿਮਟਿਡ ਨੂੰ ਟਰਾਂਸਫਰ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ। ਇਹ ਸਾਰੀਆਂ ਕੰਪਨੀਆਂ ਮੌਜੂਦਾ ਵਿਕਰੀ ਡਰਾਫਟ ਦਾ ਹਿੱਸਾ ਨਹੀਂ ਹੋਣਗੀਆਂ। ਟੈਂਡਰ ਅਨੁਸਾਰ ਵਿਨਿਵੇਸ਼ ਦੇ ਸਮੇਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੇ ਕੁੱਲ 60 ਹਜ਼ਾਰ ਕਰੋੜ ਰੁਪਏ ਵਿਚੋਂ 23,286.5 ਕਰੋੜ ਰੁਪਏ ਦਾ ਕਰਜ਼ਾ ਰਹੇਗਾ। ਹੋਰ ਕਰਜ਼ਿਆਂ ਨੂੰ ਏਅਰ ਇੰਡੀਆ ਐਸੇਟਸ ਹੋਲਡਿੰਗ ਲਿਮਟਿਡ ਨੂੰ ਵੰਡ ਦਿੱਤਾ ਜਾਵੇਗਾ। ਸਲਾਹਕਾਰ ਫਰਮ ਅਰਨੈਸਟ ਐਂਡ ਯੰਗ(EY) ਨੂੰ ਵਿਨਿਵੇਸ਼ ਸਲਾਹਕਾਰ ਬਣਾਇਆ ਗਿਆ ਹੈ।


Related News