ਸਰਕਾਰ ਨੇ ਝੋਨੇ ਅਤੇ ਦੋ ਹੋਰ ਫਸਲਾਂ ਦੀ ਬਿਜਾਈ ਦੇ ਅੰਕੜੇ ਜਾਰੀ ਕਰਨੇ ਕੀਤੇ ਬੰਦ

Saturday, Jul 30, 2022 - 01:07 PM (IST)

ਸਰਕਾਰ ਨੇ ਝੋਨੇ ਅਤੇ ਦੋ ਹੋਰ ਫਸਲਾਂ ਦੀ ਬਿਜਾਈ ਦੇ ਅੰਕੜੇ ਜਾਰੀ ਕਰਨੇ ਕੀਤੇ ਬੰਦ

ਨਵੀਂ ਦਿੱਲੀ : ਮੁੱਖ ਉਤਪਾਦਕ ਸੂਬਿਆਂ ਵਿੱਚ ਮਾੜੀ ਬਾਰਸ਼ ਕਾਰਨ ਮੌਜੂਦਾ ਸਾਉਣੀ ਸੀਜ਼ਨ ਵਿੱਚ ਝੋਨੇ ਦੀ ਬਿਜਾਈ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਝੋਨੇ ਹੇਠ ਬੀਜੇ ਕੁੱਲ ਰਕਬੇ (ਅਪਡੇਟ ਕੀਤੀ ਜਾਣਕਾਰੀ) ਦਾ ਹਫਤਾਵਾਰੀ ਅੰਕੜਾ ਜਾਰੀ ਕਰਨਾ ਬੰਦ ਕਰ ਦਿੱਤਾ ਹੈ। ਸਿਰਫ ਝੋਨਾ ਹੀ ਨਹੀਂ, ਕਪਾਹ ਅਤੇ ਗੰਨੇ ਦੀ ਬਿਜਾਈ ਦਾ ਹਫਤਾਵਾਰੀ ਅੰਕੜਾ ਵੀ ਲਗਾਤਾਰ ਦੂਜੇ ਹਫਤੇ ਜਾਰੀ ਨਹੀਂ ਕੀਤਾ ਗਿਆ ਹੈ। ਸੰਪਰਕ ਕਰਨ 'ਤੇ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਸ਼ੁੱਕਰਵਾਰ ਨੂੰ ਤਿੰਨੋਂ ਫ਼ਸਲਾਂ ਦੇ ਅੰਕੜੇ ਜਾਰੀ ਨਾ ਕਰਨ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ।

ਇਹ ਵੀ ਪੜ੍ਹੋ : ਆਧਾਰ ਨਾਲ ਜੁੜੇਗਾ ਵੋਟਰ ਕਾਰਡ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਦੇਸ਼ ਭਰ ਵਿਚ ਮੁਹਿੰਮ

ਝੋਨਾ ਮੁੱਖ ਸਾਉਣੀ (ਗਰਮੀ) ਦੀ ਫਸਲ ਹੈ ਅਤੇ ਦੇਸ਼ ਦੇ ਕੁੱਲ ਝੋਨੇ ਦੇ ਉਤਪਾਦਨ ਦਾ 80 ਫੀਸਦੀ ਤੋਂ ਵੱਧ ਇਸ ਸੀਜ਼ਨ ਦੌਰਾਨ ਹੁੰਦਾ ਹੈ। ਝੋਨੇ ਸਮੇਤ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਜੂਨ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਨਾਲ ਸ਼ੁਰੂ ਹੁੰਦੀ ਹੈ। ਮੰਤਰਾਲਾ ਆਮ ਤੌਰ 'ਤੇ ਬਿਜਾਈ ਸ਼ੁਰੂ ਹੋਣ ਤੋਂ ਬਾਅਦ ਹਰ ਸ਼ੁੱਕਰਵਾਰ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਦੀ ਬਿਜਾਈ ਦੇ ਅੰਕੜੇ ਜਾਰੀ ਕਰਦਾ ਹੈ। ਇਸ ਸਾਉਣੀ ਸੀਜ਼ਨ ਲਈ ਮੰਤਰਾਲੇ ਕੋਲ ਝੋਨੇ ਦੀ ਬਿਜਾਈ ਦੇ ਆਖਰੀ ਉਪਲਬਧ ਅੰਕੜੇ 17 ਜੁਲਾਈ ਤੱਕ ਹਨ। 17 ਜੁਲਾਈ ਤੱਕ ਦੇ ਉਪਲਬਧ ਅੰਕੜਿਆਂ ਅਨੁਸਾਰ ਸਮੁੱਚੇ ਭਾਰਤ ਵਿੱਚ ਝੋਨੇ ਹੇਠਲਾ ਰਕਬਾ 17.4 ਫੀਸਦੀ ਘਟ ਕੇ 128.50 ਲੱਖ ਹੈਕਟੇਅਰ ਰਹਿ ਗਿਆ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 155.53 ਲੱਖ ਹੈਕਟੇਅਰ ਸੀ।

ਤਿੰਨ ਫਸਲਾਂ- ਝੋਨਾ, ਕਪਾਹ ਅਤੇ ਗੰਨੇ ਨੂੰ ਛੱਡ ਕੇ, ਮੰਤਰਾਲੇ ਨੇ ਦਾਲਾਂ, ਤੇਲ ਬੀਜ, ਮੋਟੇ ਅਨਾਜ ਅਤੇ ਜੂਟ : ਮੇਸਟਾ ਦੀ ਬਿਜਾਈ ਦੇ ਅਪਡੇਟ ਕੀਤੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਫਸਲਾਂ ਦੇ ਅੰਕੜੇ ਇਸ ਸਾਉਣੀ ਸੀਜ਼ਨ ਦੇ 29 ਜੁਲਾਈ ਤੱਕ ਅੱਪਡੇਟ ਕੀਤੇ ਜਾਂਦੇ ਹਨ। ਅੰਕੜਿਆਂ ਮੁਤਾਬਕ 29 ਜੁਲਾਈ ਤੱਕ ਦਾਲਾਂ ਹੇਠ ਰਕਬਾ ਮਾਮੂਲੀ ਵਧ ਕੇ 106.18 ਲੱਖ ਹੈਕਟੇਅਰ ਹੋ ਗਿਆ ਹੈ, ਜੋ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 103.23 ਲੱਖ ਹੈਕਟੇਅਰ ਸੀ। ਤੇਲ ਬੀਜਾਂ ਹੇਠਲਾ ਰਕਬਾ ਵੀ ਇਸ ਸਮੇਂ ਦੌਰਾਨ ਮਾਮੂਲੀ ਤੌਰ 'ਤੇ ਵਧ ਕੇ 164.34 ਲੱਖ ਹੈਕਟੇਅਰ ਹੋ ਗਿਆ ਜੋ ਪਹਿਲਾਂ 163.03 ਲੱਖ ਹੈਕਟੇਅਰ ਸੀ ਜਦਕਿ ਮੋਟੇ ਅਨਾਜ ਹੇਠ ਰਕਬਾ 135.30 ਲੱਖ ਹੈਕਟੇਅਰ ਤੋਂ ਵਧ ਕੇ 142.21 ਲੱਖ ਹੈਕਟੇਅਰ ਹੋ ਗਿਆ ਹੈ।

ਇਹ ਵੀ ਪੜ੍ਹੋ : RBI ਵਲੋਂ ਰੁਪਏ ਨੂੰ ਸੰਭਾਲਣ ਦੀ ਯੋਜਨਾ ਨੂੰ ਲੱਗਾ ਝਟਕਾ, NRIs ਨਹੀਂ ਦਿਖਾ ਰਹੇ ਉਤਸ਼ਾਹ

ਹਾਲਾਂਕਿ, ਇਸ ਸਾਉਣੀ ਦੇ ਸੀਜ਼ਨ ਦੇ 29 ਜੁਲਾਈ ਤੱਕ, ਜੂਟ/ਮੇਸਟਾ ਹੇਠ ਰਕਬਾ ਮਾਮੂਲੀ ਤੌਰ 'ਤੇ ਘੱਟ ਕੇ 6.91 ਲੱਖ ਹੈਕਟੇਅਰ ਰਹਿ ਗਿਆ ਸੀ ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 7.01 ਲੱਖ ਹੈਕਟੇਅਰ ਸੀ। ਇਸ ਸਾਉਣੀ ਸੀਜ਼ਨ ਦੀ 29 ਜੁਲਾਈ ਤੱਕ ਝੋਨਾ, ਕਪਾਹ ਅਤੇ ਗੰਨੇ ਨੂੰ ਛੱਡ ਕੇ ਸਾਰੀਆਂ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਦਾ ਕੁੱਲ ਰਕਬਾ ਇਕ ਸਾਲ ਪਹਿਲਾਂ ਦੀ ਮਿਆਦ ਦੇ ਮੁਕਾਬਲੇ 2.70 ਫੀਸਦੀ ਵਧ ਕੇ 419.64 ਲੱਖ ਹੈਕਟੇਅਰ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਸ ਸਾਲ ਦੱਖਣ-ਪੱਛਮੀ ਮਾਨਸੂਨ ਦੇ ਆਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

1 ਜੂਨ ਤੋਂ 27 ਜੁਲਾਈ ਦੇ ਵਿਚਕਾਰ, ਪੂਰੇ ਦੇਸ਼ ਵਿੱਚ 10 ਫੀਸਦੀ ਜ਼ਿਆਦਾ ਮੌਨਸੂਨ ਬਾਰਿਸ਼ ਹੋਈ, ਪਰ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਇਸ ਸਮੇਂ ਦੌਰਾਨ 15 ਫੀਸਦੀ ਬਾਰਿਸ਼ ਦੀ ਕਮੀ ਦਰਜ ਕੀਤੀ ਗਈ। ਆਈਐਮਡੀ ਦੇ ਅੰਕੜਿਆਂ ਅਨੁਸਾਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਮਿਜ਼ੋਰਮ ਅਤੇ ਮਨੀਪੁਰ ਵਿੱਚ ਮੀਂਹ ਘੱਟ ਰਿਹਾ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਚੌਲ ਉਤਪਾਦਕ ਅਤੇ ਚੋਟੀ ਦਾ ਨਿਰਯਾਤਕ ਦੇਸ਼ ਹੈ।

ਇਹ ਵੀ ਪੜ੍ਹੋ : ਪਾਬੰਦੀ ਦੇ ਬਾਵਜੂਦ ਪਾਕਿਸਤਾਨ ਨੇ ਲਗਜ਼ਰੀ ਵਸਤੂਆਂ ਦੀ ਸਪਲਾਈ ਰੱਖੀ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News