ਬਜਟ ''ਚ ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 18 ਲੱਖ ਕਰੋੜ ਰੁਪਏ ਕਰ ਸਕਦੀ ਹੈ ਸਰਕਾਰ
Sunday, Jan 02, 2022 - 05:36 PM (IST)
ਨਵੀਂ ਦਿੱਲੀ : ਖੇਤੀ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ 2022-23 ਦੇ ਆਗਾਮੀ ਬਜਟ ਵਿੱਚ ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 18 ਲੱਖ ਕਰੋੜ ਰੁਪਏ ਕਰ ਸਕਦੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਆਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਮੌਜੂਦਾ ਵਿੱਤੀ ਸਾਲ ਲਈ ਖੇਤੀਬਾੜੀ ਕਰਜ਼ੇ ਦਾ ਟੀਚਾ 16.5 ਲੱਖ ਕਰੋੜ ਰੁਪਏ ਹੈ। ਸਰਕਾਰ ਹਰ ਸਾਲ ਖੇਤੀ ਕਰਜ਼ੇ ਦਾ ਟੀਚਾ ਵਧਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਇਸ ਵਾਰ ਵੀ ਟੀਚਾ ਵਧਾ ਕੇ 18-18.5 ਲੱਖ ਕਰੋੜ ਰੁਪਏ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਮਹੀਨੇ ਦੇ ਆਖਰੀ ਹਫਤੇ ਬਜਟ ਦੇ ਅੰਕੜਿਆਂ ਨੂੰ ਅੰਤਿਮ ਰੂਪ ਦਿੰਦੇ ਹੋਏ ਇਹ ਟੀਚਾ ਤੈਅ ਕੀਤਾ ਜਾ ਸਕਦਾ ਹੈ। ਸਰਕਾਰ ਬੈਂਕਿੰਗ ਸੈਕਟਰ ਲਈ ਸਾਲਾਨਾ ਖੇਤੀ ਕਰਜ਼ੇ ਦੇ ਟੀਚੇ ਨਿਰਧਾਰਤ ਕਰਦੀ ਹੈ। ਇਸ ਵਿੱਚ ਫਸਲੀ ਕਰਜ਼ੇ ਦਾ ਟੀਚਾ ਵੀ ਸ਼ਾਮਲ ਹੈ। ਹਾਲ ਹੀ ਦੇ ਸਾਲਾਂ ਵਿੱਚ, ਖੇਤੀਬਾੜੀ ਕਰਜ਼ੇ ਦਾ ਪ੍ਰਵਾਹ ਲਗਾਤਾਰ ਵਧਿਆ ਹੈ ਅਤੇ ਹਰੇਕ ਵਿੱਤੀ ਸਾਲ ਵਿੱਚ ਖੇਤੀਬਾੜੀ ਕਰਜ਼ੇ ਦਾ ਅੰਕੜਾ ਟੀਚੇ ਤੋਂ ਵੱਧ ਰਿਹਾ ਹੈ।
ਉਦਾਹਰਣ ਵਜੋਂ 2017-18 ਲਈ ਖੇਤੀ ਕਰਜ਼ੇ ਦਾ ਟੀਚਾ 10 ਲੱਖ ਕਰੋੜ ਰੁਪਏ ਸੀ ਪਰ ਉਸ ਸਾਲ ਕਿਸਾਨਾਂ ਨੂੰ 11.68 ਲੱਖ ਰੁਪਏ ਦਾ ਕਰਜ਼ਾ ਦਿੱਤਾ ਗਿਆ। ਇਸੇ ਤਰ੍ਹਾਂ ਵਿੱਤੀ ਸਾਲ 2016-17 ਵਿੱਚ 9 ਲੱਖ ਕਰੋੜ ਰੁਪਏ ਦੇ ਫਸਲੀ ਕਰਜ਼ੇ ਦੇ ਟੀਚੇ ਦੇ ਮੁਕਾਬਲੇ 10.66 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਉੱਚ ਉਤਪਾਦਨ ਲਈ ਖੇਤੀਬਾੜੀ ਖੇਤਰ ਵਿੱਚ ਕਰਜ਼ਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸੰਸਥਾਗਤ ਕਰਜ਼ੇ ਕਾਰਨ ਕਿਸਾਨ ਉੱਚ ਵਿਆਜ ਦਰਾਂ 'ਤੇ ਗੈਰ-ਸੰਸਥਾਗਤ ਸਰੋਤਾਂ ਤੋਂ ਕਰਜ਼ਾ ਲੈਣ ਤੋਂ ਵੀ ਬਚਦੇ ਹਨ।
ਆਮ ਤੌਰ 'ਤੇ ਖੇਤੀ ਕੰਮਾਂ ਲਈ ਕਰਜ਼ਾ ਨੌਂ ਫੀਸਦੀ ਵਿਆਜ 'ਤੇ ਦਿੱਤਾ ਜਾਂਦਾ ਹੈ, ਪਰ ਸਰਕਾਰ ਕਿਸਾਨਾਂ ਨੂੰ ਸਸਤੇ ਕਰਜ਼ੇ ਦੇਣ ਲਈ ਥੋੜ੍ਹੇ ਸਮੇਂ ਦੇ ਫਸਲੀ ਕਰਜ਼ੇ 'ਤੇ ਵਿਆਜ ਵਿਚ ਛੋਟ ਦਿੰਦੀ ਹੈ। ਸਰਕਾਰ 3 ਲੱਖ ਰੁਪਏ ਤੱਕ ਦੇ ਥੋੜ੍ਹੇ ਸਮੇਂ ਦੇ ਫਸਲੀ ਕਰਜ਼ੇ 'ਤੇ ਦੋ ਫੀਸਦੀ ਵਿਆਜ ਸਬਸਿਡੀ ਦਿੰਦੀ ਹੈ। ਇਸ ਨਾਲ ਕਿਸਾਨਾਂ ਨੂੰ 7 ਫੀਸਦੀ ਦੇ ਆਕਰਸ਼ਕ ਵਿਆਜ 'ਤੇ ਕਰਜ਼ਾ ਮਿਲਦਾ ਹੈ। ਇਸ ਤੋਂ ਇਲਾਵਾ ਸਮੇਂ ਸਿਰ ਕਰਜ਼ੇ ਦੀ ਅਦਾਇਗੀ ਕਰਨ ਵਾਲੇ ਕਿਸਾਨਾਂ ਨੂੰ ਤਿੰਨ ਫੀਸਦੀ ਦੀ ਛੋਟ ਵੀ ਦਿੱਤੀ ਜਾਂਦੀ ਹੈ। ਅਜਿਹੇ 'ਚ ਉਨ੍ਹਾਂ ਲਈ ਕਰਜ਼ੇ 'ਤੇ ਵਿਆਜ ਦਰ ਚਾਰ ਫੀਸਦੀ 'ਤੇ ਬੈਠਦੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।