Google ਨੂੰ ਵੇਚਣਾ ਪੈ ਸਕਦੈ ‘Chrome Browser’, ਅਮਰੀਕੀ ਅਦਾਲਤ ’ਚ ਕਾਰਵਾਈ ਤੇਜ਼!

Monday, Nov 25, 2024 - 05:31 AM (IST)

Google ਨੂੰ ਵੇਚਣਾ ਪੈ ਸਕਦੈ ‘Chrome Browser’, ਅਮਰੀਕੀ ਅਦਾਲਤ ’ਚ ਕਾਰਵਾਈ ਤੇਜ਼!

ਜਲੰਧਰ - ਅਮਰੀਕੀ ਅਦਾਲਤ ’ਚ ਗੂਗਲ ਤੋਂ ਉਸ ਦਾ ਕਰੋਮ ਬ੍ਰਾਊਜ਼ਰ ਖੋਹਣ ਦੀ ਕਾਰਵਾਈ ਤੇਜ਼ ਹੋ ਗਈ ਹੈ। ਨਿਆਂ ਵਿਭਾਗ ਅਤੇ ਰਾਜ  ਦੇ ਐਂਟੀ-ਟਰੱਸਟ ਅਧਿਕਾਰੀਆਂ ਨੇ ਹਾਲ ਹੀ ’ਚ ਅਦਾਲਤ ’ਚ ਇਸ ਨਾਲ ਸਬੰਧਤ ਦਸਤਾਵੇਜ਼ ਦਾਖਲ ਕੀਤੇ ਹਨ ਅਤੇ ਕਿਹਾ ਹੈ ਕਿ ਗੂਗਲ  ਦੇ ਗੈਰ-ਕਾਨੂਨੀ ਵਿਵਹਾਰ ਨੇ ਵਿਰੋਧੀਆਂ ਨੂੰ ਨਾ ਸਿਰਫ ਜ਼ਰੂਰੀ ਵੰਡ ਮਾਧਿਅਮਾਂ, ਸਗੋਂ ਵੰਡ ਸਾਝੇਦਾਰਾਂ ਤੋਂ ਵੀ ਵਾਂਝੇ ਕੀਤਾ ਹੈ, ਜੋ ਨਵੇਂ ਅਤੇ ਨਵੇਂ ਤਰੀਕਿਆਂ ਨਾਲ ਵਿਰੋਧੀਆਂ ਨੂੰ ਇਨ੍ਹਾਂ ਬਾਜ਼ਾਰਾਂ ’ਚ ਪ੍ਰਵੇਸ਼  ਕਰਨ ’ਚ ਸਮਰਥ ਬਣਾ ਸਕਦੇ ਸਨ।

ਗੂਗਲ ਨੂੰ ਸਰਚ ਮਾਰਕੀਟ ’ਤੇ ਗੈਰ-ਕਾਨੂਨੀ ਢੰਗ ਨਾਲ ਏਕਾਧਿਕਾਰ ਸਥਾਪਤ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਬਾਅਦ ਅਮਰੀਕਾ ਦੇ ਐਂਟੀ-ਟਰੱਸਟ ਅਧਿਕਾਰੀਆਂ ਨੇ ਪ੍ਰਸਤਾਵ ਰੱਖਿਆ ਹੈ ਕਿ ਕੰਪਨੀ ਨੂੰ ਉਸ ਦਾ ਕਰੋਮ ਬ੍ਰਾਊਜ਼ਰ ਵੇਚਣ ’ਤੇ ਮਜਬੂਰ ਕੀਤਾ ਜਾਣਾ ਚਾਹੀਦਾ ਹੈ। 

ਕਿਵੇਂ ਮਾਰਕੀਟ ’ਤੇ ਗੂਗਲ ਨੇ ਕੀਤਾ ਕਬਜ਼ਾ
ਇਕ ਰਿਪੋਰਟ ਮੁਤਾਬਕ ਇਸ ਸਾਲ ਅਗਸਤ ’ਚ ਆਨਲਾਈਨ ਜਗਤ ਦੀਆਂ ਵੱਡੀਆਂ ਕੰਪਨੀਆਂ ’ਚ ਸ਼ੁਮਾਰ ਅਲਫਾਬੈੱਟ  ਕੰਪਨੀ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਐਂਟੀ-ਟਰੱਸਟ ਮੁਕੱਦਮਾ ਹਾਰ ਗਈ ਸੀ। ਅਦਾਲਤ ’ਚ ਪਾਇਆ ਗਿਆ ਸੀ ਕਿ ਅਲਫਾਬੈੱਟ ਦੀ ਸਹਾਇਕ ਕੰਪਨੀ ਗੂਗਲ ਨੇ ਗੈਰ-ਕਾਨੂਨੀ ਢੰਗ ਨਾਲ ਸਰਚ ਮਾਰਕੀਟ ’ਤੇ ਏਕਾਧਿਕਾਰ ਸਥਾਪਤ ਕੀਤਾ ਸੀ।

ਸੰਘੀ ਅਦਾਲਤ  ਦੇ ਜੱਜ ਅਮਿਤ ਮੇਹਤਾ ਨੇ ਫੈਸਲਾ ਸੁਣਾਇਆ ਕਿ ਗੂਗਲ ਨੇ ਆਪਣੇ ਇੰਟਰਨੈੱਟ ਸਰਚ ਇੰਜਣ ਨੂੰ ਸਮਾਰਟਫੋਨ ਅਤੇ ਵੈੱਬ ਬ੍ਰਾਊਜ਼ਰਾਂ ’ਤੇ ਡਿਫਾਲਟ ਬਦਲ ਬਣਾਉਣ ਲਈ ਦੂਜੀਆਂ ਕੰਪਨੀਆਂ ਨੂੰ 26.3 ਅਰਬ ਡਾਲਰ ਦਾ ਭੁਗਤਾਨ ਕੀਤਾ। ਉਸ ਨੇ ਇਸ ਤਰ੍ਹਾਂ ਕਿਸੇ ਵੀ ਹੋਰ ਪ੍ਰਤੀਯੋਗੀ ਨੂੰ ਬਾਜ਼ਾਰ ’ਚ ਸਫਲਤਾ ਹਾਸਲ ਕਰਨ ਤੋਂ ਰੋਕ ਦਿੱਤਾ। ਅਗਸਤ ’ਚ ਆਏ ਇਸ ਫੈਸਲੇ  ਦੇ ਨਤੀਜੇ ਵਜੋਂ ਅਮਰੀਕਾ ਦੇ ਨਿਆਂ ਵਿਭਾਗ ਨੇ ਪ੍ਰਸਤਾਵ ਰੱਖਿਆ ਹੈ ਕਿ ਗੂਗਲ ਨੂੰ ਉਸ ਦਾ ਕਰੋਮ ਬ੍ਰਾਊਜ਼ਰ ਵੇਚਣ ’ਤੇ ਮਜਬੂਰ ਕੀਤਾ ਜਾਵੇ। 

ਫੈਸਲੇ ਖਿਲਾਫ ਅਪੀਲ ਕਰੇਗਾ ਗੂਗਲ
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਮਾਮਲਾ ਮੂਲ ਰੂਪ ਨਾਲ ਡੋਨਾਲਡ ਟਰੰਪ  ਦੇ ਪਹਿਲੇ ਕਾਰਜਕਾਲ  ਦੌਰਾਨ ਦਰਜ ਕੀਤਾ ਗਿਆ ਸੀ। ਇਸ ’ਚ ਅਮਰੀਕਾ ਦੇ ਐਂਟੀ-ਟਰੱਸਟ ਅਧਿਕਾਰੀ ਅਤੇ ਕਈ ਰਾਜ ਵੀ ਸ਼ਾਮਲ ਹੋ ਗਏ ਹਨ। ਇਹ ਮਾਮਲਾ ਰਾਸ਼ਟਰਪਤੀ ਜੋ ਬਾਈਡੇਨ ਦੇ ਕਾਰਜਕਾਲ ’ਚ ਵੀ ਚੱਲਦਾ ਰਿਹਾ। ਇਸ ਨੂੰ ਦਹਾਕੇ ਦਾ ਸਭ ਤੋਂ ਵੱਡਾ ਮੁਕੱਦਮਾ ਦੱਸਿਆ ਗਿਆ ਹੈ। ਹਾਲੀਆ ਪ੍ਰਸਤਾਵ ਨੂੰ ਇਕ ਤਕਨੀਕੀ ਕੰਪਨੀ ਦੀ ਤਾਕਤ ’ਤੇ ਲਗਾਮ ਲਾਉਣ ਲਈ ਸਰਕਾਰ ਦੀ ਮਹੱਤਵਪੂਰਨ ਕੋਸ਼ਿਸ਼ ਮੰਨਿਆ ਜਾ ਰਿਹਾ ਹੈ।

ਨਿਆਂ ਵਿਭਾਗ ਨੇ 2 ਦਹਾਕੇ ਪਹਿਲਾਂ ਮਾਈਕ੍ਰੋਸਾਫਟ ਨੂੰ ਵੀ ਤੋਡ਼ਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ’ਚ ਸਫਲਤਾ ਨਹੀਂ ਮਿਲੀ ਸੀ। ਅਗਸਤ ’ਚ ਗੂਗਲ ਨੇ ਵੀ ਕਿਹਾ ਸੀ ਕਿ ਉਹ ਇਸ ਫੈਸਲੇ  ਖਿਲਾਫ ਅਪੀਲ ਕਰੇਗਾ ਕਿਉਂਕਿ ਇਹ ਦਿਖਾਉਂਦਾ ਹੈ ਕਿ ਸਰਕਾਰ ਆਪਣੇ ਅਧਿਕਾਰਾਂ  ਦੇ ਘੇਰੇ ਤੋਂ ਬਾਹਰ  ਜਾ ਕੇ ਕੰਮ ਕਰ ਰਹੀ ਹੈ, ਜਿਸ ਦੇ ਨਾਲ ਯੂਜ਼ਰਜ਼ ਨੂੰ ਨੁਕਸਾਨ ਹੋਵੇਗਾ। 

ਗੂਗਲ ਤੋਂ ਹੁੰਦੀ ਹੈ 90 ਫੀਸਦੀ ਸਰਚ ਕੁਐਰੀ
ਕਰੋਮ ਦਾ ਖੋਹਿਆ ਜਾਣਾ ਗੂਗਲ ਲਈ ਇਕ ਵੱਡਾ ਝਟਕਾ ਹੋਵੇਗਾ। ਦੁਨੀਆ ਦੀ ਲੱਗਭਗ 90 ਫੀਸਦੀ ਸਰਚ ਕੁਐਰੀ ਗੂਗਲ  ਜ਼ਰੀਏ ਕੀਤੀ ਜਾਂਦੀ ਹੈ। 60 ਫੀਸਦੀ ਤੋਂ ਜ਼ਿਆਦਾ ਯੂਜ਼ਰਜ਼ ਸਰਚ ਕਰਨ ਲਈ ਗੂਗਲ  ਦੇ ਕਰੋਮ ਬ੍ਰਾਊਜ਼ਰ ’ਤੇ ਨਿਰਭਰ ਰਹਿੰਦੇ ਹਨ। ਕਰੋਮ ਇੰਟਰਨੈੱਟ ਦੀ ਦੁਨੀਆ ’ਚ ਗੂਗਲ  ਦੇ ਪ੍ਰਵੇਸ਼  ਦੁਆਰ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਆਪਣੇ ਉਤਪਾਦਾਂ ਨੂੰ ਬੜ੍ਹਾਵਾ ਦੇਣ ਅਤੇ ਗਾਹਕਾਂ ਨੂੰ ਬਣਾਏ ਰੱਖਣ ’ਚ ਕੰਪਨੀ ਦੀ ਮਦਦ ਕਰਦਾ ਹੈ। ਜੀਮੇਲ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਮਾਡਲ ਜੇਮਿਨੀ ਨੂੰ ਵੀ ਇਸ ਤੋਂ ਫਾਇਦਾ ਹੁੰਦਾ ਹੈ।


author

Inder Prajapati

Content Editor

Related News