ਗੂਗਲ ਦਾ ਏ.ਆਈ. ''ਤੇ ਵੱਡਾ ਦਾਅ
Tuesday, Dec 20, 2022 - 03:50 PM (IST)
ਨਵੀਂ ਦਿੱਲੀ- ਗੂਗਲ ਦੇ ਮੁੱਖ ਕਾਰਜਕਾਰੀ ਸੁੰਦਰਪਿਚਾਈ ਨੇ ਅੱਜ ਕਿਹਾ ਕਿ ਤਕਨਾਲੋਜੀ ਨੂੰ ਜ਼ਿੰਮੇਵਾਰੀ ਭਰੇ ਵਿਨਿਯਮ ਦੀ ਲੋੜ ਹੈ ਅਤੇ ਨਿੱਜੀ ਕੰਪਨੀਆਂ ਤੋਂ ਨਵੀਨਤਾ ਦੀ ਇਜਾਜ਼ਤ ਦੇਣ ਲਈ ਕਾਨੂੰਨੀ ਢਾਂਚੇ 'ਚ ਸਥਿਰਤਾ ਬਹੁਤ ਮਹੱਤਵਪੂਰਨ ਹੈ। ਉਹ ਗੂਗਲ ਫਾਰ ਇੰਡੀਆ ਈਵੈਂਟ 'ਚ ਬੋਲ ਰਹੇ ਸਨ। ਭਾਰਤ ਦੇ ਟੈਕਨਾਲੋਜੀ ਰੈਗੂਲੇਸ਼ਨ ਬਾਰੇ ਪੁੱਛੇ ਜਾਣ 'ਤੇ ਪਿਚਾਈ ਨੇ ਕਿਹਾ, "ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਸੰਤੁਲਨ ਕਾਇਮ ਕਰ ਰਹੇ ਹੋ, ਲੋਕਾਂ ਲਈ ਸੁਰੱਖਿਆ ਦਾ ਪ੍ਰਬੰਧ ਕਰ ਰਹੇ ਹੋ, ਨਵੀਨਤਾਕਾਰੀ ਢਾਂਚਾ ਬਣਾ ਰਹੇ ਹਨ ਤਾਂ ਜੋ ਕੰਪਨੀਆਂ ਇੱਕ ਨਿਸ਼ਚਿਤ ਕਾਨੂੰਨੀ ਢਾਂਚੇ ਦੇ ਅੰਦਰ ਕੰਮ ਕਰ ਸਕਣ।"
ਭਾਰਤ ਦੇ ਦੌਰੇ 'ਤੇ ਆਏ ਪਿਚਾਈ ਨੇ ਗੂਗਲ ਦੇ ਫਲੈਗਸ਼ਿਪ ਈਵੈਂਟ 'ਚ ਕੇਂਦਰੀ ਸੰਚਾਰ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਭਾਰਤ ਇਕ ਨਿਰਯਾਤ ਅਧਾਰਿਤ ਅਰਥਵਿਵਸਥਾ ਹੈ, ਜਿਸ ਨੂੰ ਖੁੱਲ੍ਹੇ ਅਤੇ ਕਨੈਕਟਿਡ ਇੰਟਰਨੈਟ ਦਾ ਲਾਭ ਮਿਲੇਗਾ। ਪਿਚਾਈ ਨੇ ਕਿਹਾ, 'ਤਕਨਾਲੋਜੀ ਨੂੰ ਜ਼ਿੰਮੇਵਾਰ ਨਿਯਮ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਦੇਸ਼ਾਂ ਨੂੰ ਇਸ ਗੱਲ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਆਪਣੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕਿਸ ਤਰ੍ਹਾਂ ਕੀਤੀ ਜਾਵੇ। ਮੈਨੂੰ ਲੱਗਦਾ ਹੈ ਕਿ ਇਹ ਇੱਕ ਮਹੱਤਵਪੂਰਨ ਕਦਮ ਹੈ। ਅਸੀਂ ਰਚਨਾਤਮਕ ਤੌਰ 'ਤੇ ਜੁੜ ਰਹੇ ਹਾਂ। ਇਸ ਦੇ ਵਿਆਪਕ ਪੱਧਰ ਅਤੇ ਤਕਨੀਕੀ ਅਗਵਾਈ ਨੂੰ ਦੇਖਦੇ ਹੋਏ, ਮੈਨੂੰ ਲੱਗਦਾ ਹੈ ਕਿ ਭਾਰਤ ਇਕ ਅਗਵਾਈ ਦੀ ਭੂਮਿਕਾ ਨਿਭਾਏਗਾ।
ਸਰਕਾਰ ਨੇ ਹਾਲ ਹੀ 'ਚ ਡਿਜੀਟਲ ਵਿਅਕਤੀਗਤ ਡਾਟਾ ਸੁਰੱਖਿਆ ਬਿੱਲ ਅਤੇ ਟੈਲੀਕਾਮ ਬਿੱਲ ਦਾ ਖਰੜਾ ਤਿਆਰ ਕੀਤਾ ਹੈ, ਜੋ ਇਕ 'ਵਿਆਪਕ ਕਾਨੂੰਨੀ ਢਾਂਚੇ' ਦਾ ਹਿੱਸਾ ਹਨ। ਇਹ ਖਰੜਾ ਜਨਤਕ ਸਲਾਹ-ਮਸ਼ਵਰੇ ਲਈ ਜਾਰੀ ਕੀਤਾ ਗਿਆ ਹੈ। ਵੈਸ਼ਨਵ ਨੇ ਕਿਹਾ ਕਿ ਸਰਕਾਰ ਤਿੰਨ ਤਰ੍ਹਾਂ ਦੇ ਕਾਇਦੇ ਬਣਾ ਰਹੀ ਹੈ- ਆਪਰੇਟਰਾਂ ਲਈ ਟੈਲੀਕਾਮ ਬਿੱਲ, ਨਾਗਰਿਕਾਂ ਦੀ ਨਿੱਜਤਾ ਲਈ ਡਿਜੀਟਲ ਡਾਟਾ ਸੁਰੱਖਿਆ ਬਿੱਲ ਅਤੇ ਡਿਜੀਟਲ ਇੰਡੀਆ ਬਿੱਲ, ਜੋ ਅਮਲੀ ਤੌਰ 'ਤੇ ਲੋੜੀਂਦੀ ਹਰ ਚੀਜ਼ ਨੂੰ ਕਾਨੂੰਨ 'ਚ ਲਿਆਏਗਾ।
ਵੈਸ਼ਨਵ ਨੇ ਕਿਹਾ, “ਅਸੀਂ ਅਗਲੇ 14 ਤੋਂ 16 ਮਹੀਨਿਆਂ 'ਚ ਇਸ ਅਭਿਆਸ ਨੂੰ ਪੂਰਾ ਕਰ ਲਵਾਂਗੇ। ਅਸੀਂ ਸਾਰੇ ਹਿੱਸੇਦਾਰਾਂ ਨਾਲ ਖੁੱਲ੍ਹੇ ਤੌਰ 'ਤੇ ਸਲਾਹ-ਮਸ਼ਵਰਾ ਕਰ ਰਹੇ ਹਾਂ। ਸਾਡੇ ਨਾਲ ਹੁਣ ਤੱਕ ਚਰਚਾ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਅਜਿਹੇ ਫਰੇਮਵਰਕ ਦੀ ਲੋੜ ਕਈ ਹੋਰ ਦੇਸ਼ਾਂ 'ਚ ਵੀ ਹੈ, ਜੋ ਤੇਜ਼ੀ ਨਾਲ ਡਿਜੀਟਲ ਪ੍ਰਣਾਲੀਆਂ ਨੂੰ ਅਪਣਾ ਰਹੇ ਹਨ।