ਆਪਣੇ ਹੁਣ ਤੱਕ ਦੇ ਉੱਚ ਪੱਧਰ ''ਤੇ ਪਹੁੰਚੇ ਸੋਨੇ ਦੇ ਭਾਅ

02/18/2020 3:17:30 PM

ਮੁੰਬਈ — ਗਲੋਬਲ ਪੱਧਰ 'ਤੇ ਅਸਥਿਰਤਾ ਦੇ ਬਾਅਦ ਸੋਮਵਾਰ ਨੂੰ ਰੁਪਏ ਦੇ ਹਿਸਾਬ ਨਾਲ ਸੋਨੇ ਦੀਆਂ ਕੀਮਤਾਂ 0.2 ਫੀਸਦੀ ਦੀ ਤੇਜ਼ੀ ਨਾਲ ਆਪਣੇ ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਕਿਉਂਕਿ ਨਿਵੇਸ਼ਕਾਂ ਨੇ ਪ੍ਰਮੁੱਖ ਅਰਥਵਿਵਸਥਾਵਾਂ ਦੁਆਰਾ ਘੋਸ਼ਿਤ ਆਰਥਿਕ ਪ੍ਰੋਤਸਾਹਨ ਦੇ ਕਾਰਨ ਸੁਰੱਖਿਅਤ ਨਿਵੇਸ਼ ਸਮਝੀ ਜਾਣ ਵਾਲੀ ਜਾਇਦਾਦ 'ਚ  ਵਾਧੂ ਖਰੀਦ ਕੀਤੀ ਹੈ। ਬੈਂਚਮਾਰਕ ਜ਼ਵੇਰੀ ਬਾਜ਼ਾਰ ਵਿਚ ਸੋਮਵਾਰ ਨੂੰ ਸਟੈਂਡਰਡ ਸੋਨੇ ਦੀਆਂ ਕੀਮਤਾਂ ਵਧ ਕੇ ਰਿਕਾਰਡ ਸਿਖਰ ਪੱਧਰ 40,701 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈਆਂ, ਜਦੋਂਕਿ ਇਸ ਦੀ ਬੰਦ ਕੀਮਤ ਸ਼ੁੱਕਰਵਾਰ ਨੂੰ 40,617 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ 'ਚ ਵੀ ਉਛਾਲ ਆਇਆ ਅਤੇ ਕੀਮਤ ਪ੍ਰਤੀ ਕਿਲੋਗ੍ਰਾਮ ਵਧ ਕੇ 46,165 ਰੁਪਏ ਦੇ ਪੱਧਰ 'ਤੇ ਪਹੁੰਚ ਗਈ, ਜਦੋਂਕਿ ਸ਼ੁੱਕਰਵਾਰ ਨੂੰ ਇਹ ਭਾਅ 46,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਦੇਸ਼ ਵਿਚ ਸੋਨੇ ਦੀ ਵਿਕਰੀ ਰੁਕ ਗਈ ਹੈ ਕਿਉਂਕਿ ਖਰੀਦਦਾਰਾਂ ਨੂੰ ਨਵੇਂ ਆਰਡਰ ਦੇਣ ਲਈ ਕੀਮਤਾਂ ਵਿਚ ਕਮੀ ਲਿਆਉਣ ਦਾ ਇੰਤਜ਼ਾਰ ਹੈ। ਹਾਲਾਂਕਿ ਖਾਸ ਤੌਰ 'ਤੇ ਪੁਰਾਣੇ ਗਹਿਣਿਆਂ ਦੇ ਬਦਲੇ ਨਵੇਂ ਗਹਿਣਿਆਂ ਦੀ ਵਿਕਰੀ ਅਤੇ ਮਹੀਨਾਵਾਰ ਜਮ੍ਹਾਂ ਨਾਲ ਸਬੰਧਿਤ ਛੁੱਟ-ਪੁੱਟ ਵਿਕਰੀ ਸੋਮਵਾਰ ਨੂੰ ਜਾਰੀ ਰਹੀ। ਜਿਹੜੇ ਖਰੀਦਦਾਰਾਂ ਨੇ ਪਹਿਲਾਂ ਹੀ ਸੋਮਵਾਰ ਨੂੰ ਡਿਲਵਰੀ ਲਈ ਗਹਿਣਿਆਂ ਦੀ ਬੁਕਿੰਗ ਕਰਵਾਈ ਹੋਈ ਸੀ ਉਹ ਵੀ ਆਪਣਾ ਸਮਾਨ ਲੈਣ ਲਈ ਹੀ ਆਏ। ਮਾਹਰਾਂ ਦਾ ਕਹਿਣਾ ਹੈ ਕਿ ਚੀਨ 'ਚ ਵਾਇਰਸ ਦੀ ਮਹਾਂਮਾਰੀ ਨੂੰ ਦੇਖਦੇ ਹੋਏ ਕਈ ਸਰਕਾਰਾਂ ਨੇ ਜਿਹੜਾ ਆਰਥਿਕ ਪ੍ਰੋਤਸਾਹਨ ਦੇਣਾ ਸ਼ੁਰੂ ਕੀਤਾ ਹੈ ਉਹ ਸੋਨੇ ਲਈ ਸਕਾਰਾਤਮਕ ਗੱਲ ਹੈ। ਆਰਥਿਕ ਪ੍ਰੋਤਸਾਹਨ ਦਾ ਇਕ ਹੋਰ ਰੂਪ ਵਿਆਜ ਦਰਾਂ ਵਿਚ ਕਟੌਤੀ ਹੈ। ਜਦੋਂ ਵਿਆਜ ਦਰਾਂ ਘੱਟ ਹੋਣ ਲਗਦੀਆਂ ਹਨ ਜਿਹੜੀਆਂ ਅਜੇ ਹੋਣੀਆਂ ਬਾਕੀ ਹਨ, ਤਾਂ ਸੋਨਾ ਰੱਖਣਾ ਫਾਇਦੇਮੰਦ ਰਹਿੰਦਾ ਹੈ। ਹਾਲਾਂਕਿ ਮੌਜੂਦਾ ਕੀਮਤ ਵਾਧੇ ਨੂੰ ਦੇਖਦੇ ਹੋਏ ਤੁਰੰਤ ਉਪਾਅ ਸੁਰੱਖਿਅਤ ਨਿਵੇਸ਼ ਲਈ ਖਰੀਦ ਕਰਨਾ ਹੈ।

ਬੈਂਚ ਮਾਰਕ ਲੰਡਨ ਵਿਚ ਪ੍ਰਤੀ ਔਂਸ 1,586 ਡਾਲਰ ਜਾਣ ਦੇ ਬਾਅਦ ਮੁੰਬਈ ਦੇ ਹਾਜਿਰ ਬਜ਼ਾਰ ਵਿਚ ਸੋਨੇ ਦੇ ਭਾਅ ਡਿੱਗਣ ਤੋਂ ਪਹਿਲਾਂ ਵਧ ਕੇ 40,806 ਰੁਪਏ ਪ੍ਰਤੀ 10 ਗ੍ਰਾਮ ਹੋ ਗਏ ਸਨ। ਹਾਲਾਂਕਿ ਸੋਮਵਾਰ ਨੂੰ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨੇ ਦਾ ਭਾਅ ਸੁਧਰ ਕੇ 1,584 ਡਾਲਰ ਪ੍ਰਤੀ ਔਂਸ ਹੋਣ ਤੋਂ ਪਹਿਲਾਂ ਫਿਸਲ ਕੇ 1,580 ਡਾਲਰ ਪ੍ਰਤੀ ਔਂਸ ਹੋ ਗਏ ਸਨ। ਮਾਹਰÎਾਂ ਦਾ ਕਹਿਣਾ ਹੈ ਕਿ ਗਲੋਬਲ ਮੋਰਚੇ 'ਤੇ ਕੋਰੋਨਾ ਵਾਇਰਸ ਦਾ ਡਰ, ਅਮਰੀਕਾ 'ਚ ਜਨਵਰੀ ਦੀ ਕਮਜ਼ੋਰ ਉਪਭੋਗਤਾ ਵਿਕਰੀ ਦੇ ਅੰਕੜੇ ਅਤੇ ਜਾਪਾਨ ਦੇ ਕੁੱਲ ਘਰੇਲੂ ਉਤਪਾਦ ਦੇ ਅੰਕੜਿਆਂ ਨੇ ਗਲੋਬਲ ਧਾਰਨਾਂ ਨੂੰ ਪ੍ਰਭਾਵਿਤ ਕੀਤਾ ਹੈ। ਪਰ ਚੀਨ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਹੋਣ ਵਾਲੇ ਨੁਕਸਾਨ ਨਾਲ ਨਜਿੱਠਣ ਲਈ ਨੀਤੀਗਤ ਪ੍ਰੋਤਸਾਹਨ ਦਾ ਭਰੋਸਾ ਦਿੱਤਾ ਹੈ ਜਿਹੜਾ ਕਿ ਸ਼ੇਅਰਾਂ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਹੌਸਲਾ ਦਿੰਦਾ ਹੈ।


Related News