ਸੋਨੇ ''ਚ ਭਾਰੀ ਉਛਾਲ, ਚਾਂਦੀ, 65 ਹਜ਼ਾਰ ਰੁਪਏ ਤੋਂ ਪਾਰ, ਜਾਣੋ ਕੀਮਤ
Monday, Jul 27, 2020 - 07:14 PM (IST)

ਨਵੀਂ ਦਿੱਲੀ— ਗਲੋਬਲ ਮੰਗ 'ਚ ਤੇਜ਼ੀ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ 905 ਰੁਪਏ ਪ੍ਰਤੀ ਦਸ ਗ੍ਰਾਮ, ਜਦੋਂ ਕਿ ਚਾਂਦੀ ਦੀਆਂ ਕੀਮਤਾਂ 'ਚ 3,347 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਭਾਰੀ ਵਾਧਾ ਹੋਇਆ। ਸੋਨੇ ਦੀ ਕੀਮਤ 905 ਰੁਪਏ ਚੜ੍ਹ ਕੇ 52,960 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨੇ ਦੀ ਬੰਦ ਕੀਮਤ 52,055 ਰੁਪਏ ਪ੍ਰਤੀ ਦਸ ਗ੍ਰਾਮ ਸੀ।
ਭਾਰੀ ਮੰਗ ਕਾਰਨ ਚਾਂਦੀ ਵੀ 3,347 ਰੁਪਏ ਦੀ ਛਲਾਂਗ ਲਾ ਕੇ 65,670 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ 'ਚ ਇਕ ਕਿਲੋ ਚਾਂਦੀ 62,323 ਰੁਪਏ ਦੇ ਪੱਧਰ 'ਤੇ ਬੰਦ ਹੋਈ ਸੀ।
ਕੌਮਾਂਤਰੀ ਬਾਜ਼ਾਰ 'ਚ ਸੋਨਾ 1935 ਡਾਲਰ ਪ੍ਰਤੀ ਔਂਸ ਅਤੇ ਚਾਂਦੀ 24 ਡਾਲਰ ਪ੍ਰਤੀ ਔਸ 'ਤੇ ਕਾਰੋਬਾਰ ਕਰ ਰਹੀ ਸੀ। ਮਾਹਰਾਂ ਅਨੁਸਾਰ, ਆਰਥਿਕ ਸੁਧਾਰ 'ਚ ਸੁਸਤੀ ਅਤੇ ਅਮਰੀਕਾ ਤੇ ਚੀਨ ਦਰਮਿਆਨ ਤਣਾਅ ਦੇ ਮੱਦੇਨਜ਼ਰ ਲੋਕ ਸੋਨੇ ਨੂੰ ਇਕ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਵੇਖ ਰਹੇ ਹਨ, ਜਿਸ ਕਾਰਨ ਇਸ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ।
ਵਾਇਦਾ ਬਾਜ਼ਾਰ 'ਚ ਵੀ ਤੇਜ਼ੀ-
ਹਾਜ਼ਰ ਬਾਜ਼ਾਰ ਦੀ ਮਜਬੂਤ ਮੰਗ ਕਾਰਨ ਵਾਇਦਾ ਬਾਜ਼ਾਰ 'ਚ ਵੀ ਸੋਮਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ 'ਤੇ ਅਗਸਤ ਮਹੀਨੇ 'ਚ ਡਿਲਿਵਰੀ ਵਾਲਾ ਸੋਨਾ 825 ਰੁਪਏ ਦੀ ਤੇਜ਼ੀ ਨਾਲ 51,860 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਤਾਜ਼ਾ ਸੌਦਿਆਂ ਦੀ ਖਰੀਦਦਾਰੀ ਕਾਰਨ ਸੋਨੇ ਦੀਆਂ ਵਾਇਦਾ ਕੀਮਤਾਂ 'ਚ ਤੇਜ਼ੀ ਆਈ।