ਧਨਤੇਰਸ ਤੱਕ 40,000 ਰੁਪਏ ਤੋਂ ਪਾਰ ਜਾ ਸਕਦੈ ਸੋਨੇ ਦਾ ਮੁੱਲ

10/18/2019 1:26:38 AM

ਨਵੀਂ ਦਿੱਲੀ (ਇੰਟ.)-ਕਰਵਾਚੌਥ ਤੋਂ ਬਾਅਦ ਧਨਤੇਰਸ ਅਤੇ ਦੀਵਾਲੀ ਨੂੰ ਵੇਖਦਿਆਂ ਜਿਊਲਰੀ ਮਾਰਕੀਟ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ। ਖੁਸ਼ੀਆਂ ਅਤੇ ਦੀਵਿਆਂ ਦਾ ਤਿਉਹਾਰ ਦੀਵਾਲੀ ਨੇੜੇ ਆਉਂਦਿਆਂ ਹੀ ਮਾਰਕੀਟ 'ਚ ਵੀ ਰੌਣਕ ਦਿਸਣੀ ਸ਼ੁਰੂ ਹੋ ਗਈ ਹੈ। ਸਭ ਤੋਂ ਜ਼ਿਆਦਾ ਭੀੜ ਜੇਕਰ ਕਿਤੇ ਦਿਸ ਰਹੀ ਹੈ ਤਾਂ ਉਹ ਹੈ ਸਰਾਫਾ ਬਾਜ਼ਾਰ। ਇਸ ਵਾਰ ਸਰਾਫਾ ਬਾਜ਼ਾਰ 'ਚ ਤੁਹਾਨੂੰ ਦੀਵਾਲੀ ਦੌਰਾਨ ਕਈ ਤਰ੍ਹਾਂ ਦੇ ਆਫਰ ਵੀ ਦਿੱਤੇ ਜਾ ਰਹੇ ਹਨ ਤਾਂ ਕਿ ਦੀਵਾਲੀ 'ਤੇ ਤੁਹਾਡੀਆਂ ਖੁਸ਼ੀਆਂ ਹੋਰ ਵੀ ਵਧ ਜਾਣ। ਧਨਤੇਰਸ ਵੀ ਅਜਿਹਾ ਤਿਉਹਾਰ ਹੈ, ਜਿਸ 'ਚ ਬਹੁਤ ਸਾਰੇ ਲੋਕ ਸੋਨੇ 'ਚ ਨਿਵੇਸ਼ ਕਰਦੇ ਹਨ। ਵੈਸੇ ਵੀ ਇਨ੍ਹੀਂ ਦਿਨੀਂ ਸੋਨਾ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ ਪਰ ਪਿਛਲੇ ਕੁੱਝ ਦਿਨਾਂ 'ਚ ਸੋਨੇ 'ਚ ਇੰਨੀ ਤੇਜ਼ੀ ਆ ਗਈ ਹੈ ਕਿ ਨਿਵੇਸ਼ਕ ਇਸ 'ਚ ਨਵੇਂ ਨਿਵੇਸ਼ ਨੂੰ ਲੈ ਕੇ ਕਨਫਿਊਜ਼ ਹੋ ਰਹੇ ਹਨ। ਉਨ੍ਹਾਂ ਨੂੰ ਡਰ ਲੱਗ ਰਿਹਾ ਹੈ ਕਿ ਇੰਨੀ ਉੱਚਾਈ 'ਤੇ ਜਾਣ ਤੋਂ ਬਾਅਦ ਸੋਨੇ 'ਚ ਗਿਰਾਵਟ ਆ ਸਕਦੀ ਹੈ।

ਧਨਤੇਰਸ ਦੇ ਸਮੇਂ ਸੋਨਾ ਇਕ ਵਾਰ ਫਿਰ 40,000 ਰੁਪਏ ਤੋਂ ਪਾਰ ਜਾ ਸਕਦਾ ਹੈ। ਨਾਲ ਹੀ ਇਸ ਵਾਰ ਚਾਂਦੀ ਦੀ ਕੀਮਤ ਵੀ 49,000 ਰੁਪਏ ਪ੍ਰਤੀ ਕਿਲੋ ਦੇ ਨੇੜੇ ਜਾ ਸਕਦੀ ਹੈ। ਹਾਲਾਂਕਿ ਘਰੇਲੂ ਮਾਰਕੀਟ 'ਚ ਜ਼ਿਆਦਾ ਮੰਗ ਨਹੀਂ ਹੈ ਪਰ ਕੌਮਾਂਤਰੀ ਪੱਧਰ 'ਤੇ ਸੋਨੇ ਅਤੇ ਚਾਂਦੀ 'ਚ ਵਧਦੇ ਨਿਵੇਸ਼ ਕਾਰਣ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ 'ਤੇ ਦਬਾਅ ਵਧ ਰਿਹਾ ਹੈ। ਧਨਤਰੇਸ ਦੇ ਸਮੇਂ ਭਾਰਤ 'ਚ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ। ਇਕ ਅੰਦਾਜ਼ੇ ਅਨੁਸਾਰ ਪੂਰੇ ਸਾਲ 'ਚ ਸੋਨੇ ਅਤੇ ਚਾਂਦੀ ਦੀ ਜਿੰਨੀ ਖਰੀਦਦਾਰੀ ਹੁੰਦੀ ਹੈ, ਉਸ ਦੀ 30 ਫ਼ੀਸਦੀ ਖਰੀਦਦਾਰੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਤਿਉਹਾਰੀ ਮੌਸਮ 'ਚ ਹੁੰਦੀ ਹੈ।

ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨੂੰ ਰੋਕਣਾ ਮੁਸ਼ਕਿਲ
ਪੀ. ਪੀ. ਜਿਊਲਰਸ ਦੇ ਵਾਈਸ ਚੇਅਰਮੈਨ ਪਵਨ ਗੁਪਤਾ ਦਾ ਕਹਿਣਾ ਹੈ ਕਿ ਪੂਰੇ ਵਿਸ਼ਵ ਦੀ ਇਕਾਨਮੀ 'ਚ ਸਲੋਅਡਾਊਨ ਦੀ ਗੱਲ ਕਹੀ ਜਾ ਰਹੀ ਹੈ। ਇਸ ਕਾਰਣ ਸ਼ੇਅਰ ਮਾਰਕੀਟ 'ਚ ਅਨਿਸ਼ਚਿਤਤਾ ਦਾ ਮਾਹੌਲ ਹੈ। ਅਜਿਹੇ 'ਚ ਕੌਮਾਂਤਰੀ ਬਾਜ਼ਾਰ 'ਚ ਨਿਵੇਸ਼ਕ ਸੋਨੇ ਅਤੇ ਚਾਂਦੀ ਵੱਲ ਪਰਤ ਰਹੇ ਹਨ। ਭਾਰਤ ਆਪਣੀ ਖਪਤ ਦਾ 90 ਫ਼ੀਸਦੀ ਤੋਂ ਜ਼ਿਆਦਾ ਸੋਨਾ ਦਰਾਮਦ ਕਰਦਾ ਹੈ। ਅਜਿਹੇ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨੂੰ ਰੋਕਣਾ ਮੁਸ਼ਕਿਲ ਹੈ। ਹੁਣ ਧਨਤੇਰਸ ਦੇ ਸਮੇਂ ਫਿਰ ਘਰੇਲੂ ਬਾਜ਼ਾਰ 'ਚ ਮੰਗ ਵਧ ਜਾਵੇਗੀ। ਇਸ ਨਾਲ ਸੋਨੇ ਦੀ ਕੀਮਤ 'ਚ ਦਬਾਅ ਬਣਨਾ ਸੁਭਾਵਿਕ ਹੈ। ਜੇਕਰ ਪਹਿਲਾਂ ਦੀ ਤੇਜ਼ੀ ਬਰਕਰਾਰ ਰਹਿੰਦੀ ਤਾਂ ਸੋਨਾ ਫਿਰ ਤੇਜ਼ੀ ਦੇ ਰਿਕਾਰਡ ਬਣਾ ਸਕਦਾ ਹੈ।

ਚਾਂਦੀ 'ਚ ਉਤਾਰ-ਚੜ੍ਹਾਅ ਦਾ ਰਹੇਗਾ ਮਾਹੌਲ
ਕਮੋਡਿਟੀ ਮਾਰਕੀਟ ਐਕਸਪਰਟ ਵੀ. ਚੰਦਰ ਸ਼ੇਖਰ ਦਾ ਮੰਨਣਾ ਹੈ ਕਿ ਜੋ ਹਾਲਾਤ ਹਨ, ਉਨ੍ਹਾਂ ਤੋਂ ਲੱਗ ਰਿਹਾ ਹੈ ਕਿ ਸੋਨੇ 'ਚ ਤੇਜ਼ੀ ਰਹੇਗੀ ਪਰ ਉਹ ਇਕ ਸੀਮਤ ਘੇਰੇ 'ਚ ਰਹਿ ਸਕਦੀ ਹੈ। ਹਾਲਾਂਕਿ ਜਦੋਂ ਵਿਆਹਾਂ ਦਾ ਸੀਜ਼ਨ ਆਵੇਗਾ ਤਾਂ ਸੋਨੇ 'ਚ ਤੇਜ਼ੀ ਕੁੱਝ ਸਮੇਂ ਲਈ ਉੱਚਾ ਪੱਧਰ ਛੂਹ ਸਕਦੀ ਹੈ। ਜਿੱਥੋਂ ਤੱਕ ਚਾਂਦੀ ਦਾ ਸਵਾਲ ਹੈ ਤਾਂ ਚਿੱਟੀ ਧਾਤੂ 'ਚ ਉਤਾਰ-ਚੜ੍ਹਾਅ ਦਾ ਮਾਹੌਲ ਰਹੇਗਾ। ਚਾਂਦੀ 'ਚ ਤੇਜ਼ੀ ਮੂਲ ਰੂਪ ਨਾਲ ਉਦਯੋਗਿਕ ਮੰਗ 'ਤੇ ਨਿਰਭਰ ਕਰਦੀ ਹੈ।

ਦੀਵਾਲੀ ਤੋਂ 11 ਦਿਨ ਬਾਅਦ ਫਿਰ ਵਧੇਗਾ ਸੋਨੇ ਦਾ ਭਾਅ
ਮਾਹਿਰਾਂ ਦਾ ਮੰਨਣਾ ਹੈ ਕਿ ਦੀਵਾਲੀ ਤੱਕ ਸੋਨੇ 'ਚ ਅਨਿਸ਼ਚਿਤਤਾ ਦਾ ਮਾਹੌਲ ਰਹੇਗਾ। ਅਜਿਹੇ 'ਚ ਸੋਨਾ ਖਰੀਦਣ ਦਾ ਇਹ ਵੇਲਾ ਸਹੀ ਹੈ। ਦੀਵਾਲੀ ਤੋਂ ਕੁੱਝ ਦਿਨ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਸੋਨਾ ਫਿਰ 40 ਹਜ਼ਾਰੀ ਬਣ ਸਕਦਾ ਹੈ। ਯਾਨੀ ਸੋਨੇ ਦੀ ਕੀਮਤ 40,000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਜਾ ਸਕਦੀ ਹੈ। ਪਵਨ ਗੁਪਤਾ ਦਾ ਕਹਿਣਾ ਹੈ ਕਿ ਇਸ ਵੇਲੇ ਕੌਮਾਂਤਰੀ ਬਾਜ਼ਾਰ ਦੇ ਨਾਲ ਘਰੇਲੂ ਬਾਜ਼ਾਰ 'ਚ ਸੋਨੇ ਦੀ ਮੰਗ ਵਧ ਨਹੀਂ ਰਹੀ ਹੈ। ਬਾਜ਼ਾਰ 'ਚ ਸੋਨੇ ਦੀ ਖਰੀਦਦਾਰੀ ਘੱਟ ਹੋ ਰਹੀ ਹੈ। ਲੋਕ ਅਜੇ ਸੋਨੇ 'ਚ ਨਿਵੇਸ਼ ਕਰਨ 'ਚ ਜ਼ਿਆਦਾ ਰੁਚੀ ਨਹੀਂ ਵਿਖਾ ਰਹੇ ਹਨ ਪਰ ਇਸ ਦੀ ਮੰਗ ਦੀਵਾਲੀ ਤੋਂ 11 ਦਿਨਾਂ ਬਾਅਦ ਵਧ ਸਕਦੀ ਹੈ। ਉਦੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ।

ਦੀਵਾਲੀ 'ਤੇ ਡਿਜੀਟਲ ਗੋਲਡ ਵਲੋਂ ਵੀ ਕਰ ਸਕਦੇ ਹਨ ਖਰੀਦਦਾਰੀ
ਸੋਨੇ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਸੋਨੇ ਦੀ ਖਰੀਦ 'ਚ ਰੁਕਾਵਟ ਪੈਦਾ ਕਰਦੀਆਂ ਹਨ। ਜੇਕਰ ਤੁਸੀਂ ਵੀ ਦੀਵਾਲੀ 'ਤੇ ਸੋਨਾ ਖਰੀਦਣਾ ਚਾਹੁੰਦੇ ਹੋ ਪਰ ਬਜਟ ਨਹੀਂ ਹੈ ਤਾਂ ਡਿਜੀਟਲ ਫ਼ਾਰਮ 'ਚ ਸਸਤੇ 'ਚ ਸੋਨੇ ਦੀ ਖਰੀਦਦਾਰੀ ਕਰ ਸਕਦੇ ਹੋ। ਤੁਸੀਂ ਆਪਣੇ ਸਮਾਰਟਫੋਨ ਜ਼ਰੀਏ ਹੀ ਫਿਜ਼ੀਕਲ ਯਾਨੀ ਅਸਲੀ ਸੋਨੇ ਵਰਗਾ ਹੀ ਸ਼ੁੱਧ ਸੋਨਾ ਡਿਜੀਟਲ ਫ਼ਾਰਮ 'ਚ ਸੁਰੱਖਿਅਤ ਰੱਖ ਸਕਦੇ ਹੋ। ਕੇਡੀਆ ਕਮੋਡਿਟੀ ਦੇ ਡਾਇਰੈਕਟਰ ਅਜੈ ਕੇਡੀਆ ਦਾ ਕਹਿਣਾ ਹੈ ਕਿ ਸੋਨੇ 'ਚ ਤੇਜ਼ੀ ਦਾ ਰੁਖ਼ ਜਾਰੀ ਰਹਿਣ ਲਈ ਸਮਰੱਥ ਕਾਰਕ ਬਾਜ਼ਾਰ 'ਚ ਮੌਜੂਦ ਹਨ।


Karan Kumar

Content Editor

Related News