ਵਿਆਹ-ਸ਼ਾਦੀ ਦੇ ਸੀਜ਼ਨ 'ਚ ਜਿਊਲਰਾਂ ਦਾ ਮੰਦਾ! ਸੁਸਤ ਹੋਈ ਸੋਨੇ ਦੀ ਮੰਗ

11/19/2019 12:02:03 PM

ਕੋਲਕਾਤਾ— ਸੋਨੇ ਦੀ ਕੀਮਤ ਰਿਕਾਰਡ ਉਚਾਈ ਤੋਂ ਡਿੱਗਣ ਦੇ ਬਾਵਜੂਦ ਵੀ ਇਸ ਸਰਦੀ ’ਚ ਵਿਆਹ-ਸ਼ਾਦੀ ਦੇ ਸੀਜ਼ਨ ਲਈ ਸੋਨੇ ਦੀ ਮੰਗ ਸੁਸਤ ਚੱਲ ਰਹੀ ਹੈ। ਸੋਨੇ ਦੀ ਕੀਮਤ ਪਿਛਲੇ ਛੇ ਹਫਤਿਆਂ ’ਚ ਰਿਕਾਰਡ ਉਚਾਈ ਤੋਂ ਲਗਭਗ 5 ਫੀਸਦੀ ਘਟੀ ਹੈ ਪਰ ਗਹਿਣਿਆਂ ਦੀ ਮੰਗ ਜ਼ੋਰ ਨਹੀਂਂ ਫੜ ਰਹੀ। ਹਾਲਾਂਕਿ, ਮੰਗ ’ਚ ਗਿਰਾਵਟ ਦੇ ਮੁਲਾਂਕਣ ਵੱਖ-ਵੱਖ ਹਨ।

ਸਰਬ ਭਾਰਤੀ ਰਤਨ ਤੇ ਜਿਊਲਰੀ ਡੋਮੈਸਟਿਕ ਕੌਂਸਲ ਦਾ ਕਹਿਣਾ ਹੈ ਕਿ ਮੰਗ 40 ਫੀਸਦੀ ਘੱਟ ਹੋਈ ਹੈ, ਜਦੋਂ ਕਿ ਭਾਰਤੀ ਸਰਾਫਾ ਤੇ ਜਿਊਲਰ ਸੰਗਠਨ (ਆਈ. ਬੀ. ਜੇ. ਏ.) ਨੇ ਪਿਛਲੇ ਸਾਲ ਦੇ ਸ਼ਾਦੀ-ਵਿਆਹ ਸੀਜ਼ਨ ਦੇ ਮੁਕਾਬਲੇ 15 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ। ਹਾਲਾਂਕਿ ਦੋਹਾਂ ਸੰਗਠਨਾਂ ਦਾ ਮੰਨਣਾ ਹੈ ਕਿ ਜਲਦ ਹੀ ਸੁਸਤੀ ਦਾ ਦੌਰ ਖਤਮ ਹੋ ਸਕਦਾ ਹੈ ਤੇ ਅਗਲੇ ਸਾਲ ਦੀ ਸ਼ੁਰੂਆਤ ਤੋਂ ਇਸ ’ਚ ਸੁਧਾਰ ਹੋਵੇਗਾ।

ਸਰਬ ਭਾਰਤੀ ਰਤਨ ਤੇ ਜਿਊਲਰੀ ਡੋਮੈਸਟਿਕ ਕੌਂਸਲ ਦਾ ਕਹਿਣਾ ਹੈ ਕਿ ਸੋਨੇ ਦੀਆਂ ਉੱਚੀਆਂ ਕੀਮਤਾਂ ਤੇ ਆਰਥਿਕ ਮੰਦੀ ਨੇ ਵਿਆਹੀ ਸੀਜ਼ਨ ਦੀ ਮੰਗ ਨੂੰ ਪ੍ਰਭਾਵਿਤ ਕੀਤਾ ਹੈ। ਦੀਵਾਲੀ ਦੌਰਾਨ ਇਹ ਕੁਝ ਹੱਦ ਤਕ ਵਧੀ ਸੀ ਪਰ ਇਸ ਮਗਰੋਂ ਮੰਗ ’ਚ ਤੇਜ਼ੀ ਦੇਖਣ ਨੂੰ ਨਹੀਂ ਮਿਲੀ।
ਭਾਰਤੀ ਸਰਾਫਾ ਤੇ ਜਿਊਲਰ ਸੰਗਠਨ (ਆਈ. ਬੀ. ਜੇ. ਏ.) ਨੇ ਕਿਹਾ ਕਿ ਇਹ ਸੱਚ ਹੈ ਕਿ ਮੰਗ ਪਿਛਲੇ ਸਾਲ ਨਾਲੋਂ 15 ਫੀਸਦੀ ਘੱਟ ਹੈ ਪਰ ਬਾਜ਼ਾਰ ’ਚ ਗਤੀਵਿਧੀ ਹੈ। ਗਾਹਕ ਹੁਣ ਸਮਝ ਗਏ ਹਨ ਕਿ ਸੋਨੇ ਦੀ ਕੀਮਤ ਨੇੜਲੇ ਭਵਿੱਖ ’ਚ ਤੁਰੰਤ 38,000 ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਨਹੀਂ ਆਉਣ ਵਾਲੀ। ਸੰਭਾਵਨਾ ਹੈ ਕਿ ਕੀਮਤਾਂ ਹੋਰ ਵਧ ਸਕਦੀਆਂ ਹਨ। ਇਸ ਲਈ ਗਾਹਕ ਇਸ ਪੱਧਰ ਤੇ ਖਰੀਦ ਕਰ ਰਹੇ ਹਨ।


Related News