9 ਨਵੰਬਰ ਨੂੰ ਖੁੱਲ੍ਹੇਗਾ ਗੋਲਡ ਬਾਂਡ, 1 ਗ੍ਰਾਮ ਲਈ ਵੀ ਕਰ ਸਕਦੇ ਹੋ ਨਿਵੇਸ਼

11/06/2020 9:30:25 PM

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸਾਵਰੇਨ ਗੋਲਡ ਬਾਂਡ-8 ਲਈ 5,177 ਰੁਪਏ ਪ੍ਰਤੀ ਗ੍ਰਾਮ ਕੀਮਤ ਨਿਰਧਾਰਤ ਕਰ ਦਿੱਤੀ ਹੈ। ਉੱਥੇ ਹੀ, ਆਨਲਾਈਨ ਅਪਲਾਈ ਅਤੇ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਨੂੰ ਸਰਕਾਰ ਦੀ ਪਾਲਿਸੀ ਮੁਤਾਬਕ, ਇਸ 'ਚ 50 ਰੁਪਏ ਦੀ ਵਾਧੂ ਛੋਟ ਵੀ ਮਿਲੇਗੀ। ਇਸ ਲਿਹਾਜ ਨਾਲ ਅਜਿਹੇ ਨਿਵੇਸ਼ਕਾਂ ਨੂੰ ਇਕ ਗ੍ਰਾਮ ਸੋਨਾ 5,127 ਰੁਪਏ 'ਚ ਪਵੇਗਾ।


ਇਹ ਗੋਲਡ ਬਾਂਡ 2020-21 ਦੀ 8ਵੀਂ ਸੀਰੀਜ਼ ਹੈ। ਨਿਵੇਸ਼ਕ 9 ਤੋਂ 13 ਨਵੰਬਰ 2020 ਤੱਕ ਇਸ 'ਚ ਨਿਵੇਸ਼ ਕਰ ਸਕਦੇ ਹਨ। ਇਸ ਤੋਂ ਪਿਛਲੇ ਬਾਂਡ-7 ਲਈ ਪ੍ਰਤੀ ਗ੍ਰਾਮ ਸੋਨੇ ਦੀ ਕੀਮਤ 5,051 ਰੁਪਏ ਸੀ, ਜੋ 12 ਅਕਤੂਬਰ ਤੋਂ 16 ਅਕਤੂਬਰ ਤੱਕ ਲਈ ਖੁੱਲ੍ਹਾ ਸੀ।

ਸਾਵਰੇਨ ਗੋਲਡ ਬਾਂਡ ਆਰ. ਬੀ. ਆਈ. ਸਰਕਾਰ ਤਰਫੋਂ ਜਾਰੀ ਕਰਦਾ ਹੈ। ਨਿਵੇਸ਼ਕ ਆਰ. ਬੀ. ਆਈ. ਵੱਲੋਂ ਰੱਖੀ ਗਈ 1 ਗ੍ਰਾਮ ਸੋਨੇ ਦੀ ਕੀਮਤ ਦੇ ਬਰਾਬਰ ਘੱਟੋ-ਘੱਟ ਨਿਵੇਸ਼ ਕਰ ਸਕਦੇ ਹਨ ਅਤੇ ਵੱਧ ਤੋਂ ਵੱਧ 4 ਕਿਲੋ ਤੱਕ ਦੀ ਕੀਮਤ ਬਰਾਬਰ ਨਿਵੇਸ਼ ਕੀਤਾ ਜਾ ਸਕਦਾ ਹੈ। ਇਹ ਸਕੀਮ 8 ਸਾਲਾਂ ਦੀ ਹੈ, ਹਾਲਾਂਕਿ ਪੰਜ ਸਾਲਾਂ ਪਿੱਛੋਂ ਵੀ ਇਸ 'ਚੋਂ ਬਾਹਰ ਨਿਕਲਿਆ ਜਾ ਸਕਦਾ ਹੈ। ਸਾਵਰੇਨ ਗੋਲਡ ਬਾਂਡ ਬੈਂਕ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ, ਡਾਕਘਰ ਤੇ ਐੱਨ. ਐੱਸ. ਈ. ਅਤੇ ਬੀ. ਐੱਸ. ਈ. 'ਤੇ ਵੀ ਖਰੀਦਿਆ ਜਾ ਸਕਦਾ ਹੈ। ਹਾਲਾਂਕਿ, ਛੋਟੋ ਫਾਈਨੈਂਸ ਬੈਂਕਾਂ ਅਤੇ ਪੇਮੈਂਟਸ ਬੈਂਕਾਂ 'ਤੇ ਇਹ ਉਪਲਬਧ ਨਹੀਂ ਹੈ। ਸਰਕਾਰ ਵੱਲੋਂ ਸਾਵਰੇਨ ਗੋਲਡ ਬਾਂਡ ਸਕੀਮ 2015 'ਚ ਲਾਂਚ ਕੀਤੀ ਸੀ, ਤਾਂ ਜੋ ਫਿਜੀਕਲ ਸੋਨੇ ਦੀ ਮੰਗ ਨੂੰ ਘੱਟ ਕੀਤਾ ਜਾ ਸਕੇ। ਭਵਿੱਖ 'ਚ ਸੋਨੇ ਦੀ ਕੀਮਤ ਵਧਣ ਨਾਲ ਫਾਇਦਾ ਤਾਂ ਮਿਲਦਾ ਹੀ ਹੈ, ਨਾਲ ਹੀ ਇਸ 'ਤੇ ਸਾਲਾਨਾ 2.5 ਫੀਸਦੀ ਤੱਕ ਵਿਆਜ ਵੀ ਦਿੱਤਾ ਜਾਂਦਾ ਹੈ।


Sanjeev

Content Editor

Related News