ਸੋਨਾ-ਚਾਂਦੀ ਹੋਏ ਮਹਿੰਗੇ, 31 ਹਜ਼ਾਰ ਤਕ ਪਹੁੰਚ ਸਕਦੈ ਰੇਟ

Tuesday, Oct 10, 2017 - 02:52 PM (IST)

ਨਵੀਂ ਦਿੱਲੀ— ਸੰਸਾਰਕ ਬਾਜ਼ਾਰਾਂ ਤੋਂ ਮਿਲੇ ਸਮਰਥਨ ਅਤੇ ਗਹਿਣਾ ਨਿਰਮਾਤਾਵਾਂ ਵਲੋਂ ਤਿਉਹਾਰੀ ਮੰਗ ਆਉਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨਾ 145 ਰੁਪਏ ਵਧ ਕੇ ਲਗਭਗ ਦੋ ਹਫਤਿਆਂ ਦੇ ਉੱਚੇ ਪੱਧਰ 30,765 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ।ਸੋਨਾ ਭਟੂਰ ਵੀ ਇੰਨਾ ਹੀ ਚੜ੍ਹ ਕੇ 30,615 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,700 ਰੁਪਏ 'ਤੇ ਟਿਕੀ ਰਹੀ। ਚਾਂਦੀ ਵੀ 290 ਰੁਪਏ ਦੀ ਮਜ਼ਬੂਤੀ ਨਾਲ ਦੋ ਹਫਤਿਆਂ ਦੇ ਉੱਚੇ ਪੱਧਰ 40,990 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।ਦੋਹਾਂ ਕੀਮਤੀ ਧਾਤਾਂ ਵਿੱਚ ਲਗਾਤਾਰ ਚੌਥੇ ਦਿਨ ਤੇਜ਼ੀ ਆਈ ਹੈ। 

ਕਾਰੋਬਾਰੀਆਂ ਨੇ ਦੱਸਿਆ ਕਿ ਜੇਕਰ ਤਿਉਹਾਰੀ ਮੰਗ ਇਸੇ ਤਰ੍ਹਾਂ ਬਣੀ ਰਹੀ ਤਾਂ ਇਸ ਹਫਤੇ ਸੋਨਾ 31 ਹਜ਼ਾਰੀ ਅਤੇ ਚਾਂਦੀ 41 ਹਜ਼ਾਰੀ ਹੋ ਸਕਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਦੋ ਲੱਖ ਤੱਕ ਦੇ ਗਹਿਣੇ ਦੀ ਖਰੀਦ 'ਤੇ ਪੈਨ ਨੰਬਰ ਦੇਣ ਦੀ ਜ਼ਰੂਰਤ ਖਤਮ ਕਰਨ ਨਾਲ ਵੀ ਬਾਜ਼ਾਰ ਵਿੱਚ ਤੇਜ਼ੀ ਆਈ ਹੈ।  
ਕੌਮਾਂਤਰੀ ਪੱਧਰ 'ਤੇ ਸੋਨਾ ਹਾਜ਼ਰ 5.20 ਡਾਲਰ ਚੜ੍ਹ ਕੇ 1,288.80 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਵੀ 8.90 ਡਾਲਰ ਦੀ ਤੇਜ਼ੀ ਨਾਲ 1,283.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ।ਚਾਂਦੀ ਹਾਜ਼ਰ 0.14 ਡਾਲਰ ਦੀ ਮਜ਼ਬੂਤੀ ਨਾਲ 17.08 ਡਾਲਰ ਪ੍ਰਤੀ ਔਂਸ ਰਹੀ। 
ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੂੰ ਲੈ ਕੇ ਜਾਰੀ ਭੂ-ਰਾਜਨੀਤਕ ਤਣਾਅ ਅਤੇ ਇਸ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਾਰਵਾਈ ਦੇ ਸੰਬੰਧ ਵਿੱਚ ਬਣੀ ਅਨਿਸ਼ਚਿਤਤਾ ਨਾਲ ਨਿਵੇਸ਼ਕ ਸ਼ੇਅਰ ਬਾਜ਼ਾਰ ਵਿੱਚ ਜ਼ੋਖਮ ਚੁੱਕਣ ਤੋਂ ਬਚ ਰਹੇ ਹਨ ਅਤੇ ਸੋਨੇ ਵਿੱਚ ਨਿਵੇਸ਼ ਕਰ ਰਹੇ ਹਨ।ਇਸ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੇ ਮੁੱਲ ਵਧੇ ਹਨ।


Related News