ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਡਾਲਰ ਢਿੱਲੀ ਕਰੇਗਾ ਤੁਹਾਡੀ ਜੇਬ

Wednesday, Aug 29, 2018 - 03:48 PM (IST)

ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਡਾਲਰ ਢਿੱਲੀ ਕਰੇਗਾ ਤੁਹਾਡੀ ਜੇਬ

ਨਵੀਂ ਦਿੱਲੀ— ਵਿਦੇਸ਼ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਡਾਲਰ ਤੁਹਾਡੀ ਜੇਬ ਖਾਸਾ ਢਿੱਲੀ ਕਰੇਗਾ। ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਵਿਦੇਸ਼ ਘੁੰਮਣਾ ਅਤੇ ਪੜ੍ਹਾਈ ਹੋਰ ਮਹਿੰਗੀ ਹੋ ਗਈ ਹੈ। ਬੁੱਧਵਾਰ ਨੂੰ ਕਾਰੋਬਾਰ ਦੌਰਾਨ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਪਹਿਲੀ ਵਾਰ 70.50 ਦੇ ਪੱਧਰ ਦੇ ਪਾਰ ਹੋਈ ਹੈ। ਕਾਰੋਬਾਰ ਦੌਰਾਨ ਇਕ ਡਾਲਰ ਦੀ ਕੀਮਤ 70 ਰੁਪਏ 57 ਪੈਸੇ 'ਤੇ ਪਹੁੰਚ ਗਈ। ਰੁਪਏ ਦਾ ਇਹ ਹੁਣ ਤਕ ਦਾ ਸਭ ਤੋਂ ਹੇਠਲਾ ਪੱਧਰ ਹੈ। ਭਾਰਤੀ ਕਰੰਸੀ 'ਚ ਆਈ ਇਸ ਗਿਰਾਵਟ ਕਾਰਨ ਦੇਸ਼ 'ਚ ਦਰਾਮਦ ਹੋਣ ਵਾਲਾ ਹਰ ਸਾਮਾਨ-ਸੇਵਾ ਮਹਿੰਗੇ ਹੋਣਗੇ, ਜਦੋਂ ਕਿ ਬਰਾਮਦ ਹੋਣ ਵਾਲੇ ਸਾਮਾਨ 'ਤੇ ਫਾਇਦਾ ਮਿਲੇਗਾ। ਇਲੈਕਟ੍ਰਾਨਿਕਸ ਸਾਮਾਨ ਜਿਵੇਂ ਕਿ ਮੋਬਾਇਲ ਫੋਨ, ਟੀ. ਵੀ., ਲੈਪਟਾਪ ਆਦਿ ਜਲਦ ਮਹਿੰਗੇ ਹੋ ਸਕਦੇ ਹਨ। ਰੁਪਏ 'ਚ ਕਮਜ਼ੋਰੀ ਕਾਰਨ ਪੈਟਰੋਲ-ਡੀਜ਼ਲ ਸਮੇਤ ਵਿਦੇਸ਼ੀ ਮੋਬਾਇਲ, ਟੀ. ਵੀ., ਲੈਪਟਾਪ ਅਤੇ ਸੋਨੇ ਦੀਆਂ ਕੀਮਤਾਂ 'ਚ ਵੀ ਕਮੀ ਆਉਣ ਦੀ ਉਮੀਦ ਨਹੀਂ ਹੈ।

ਭਾਰਤੀ ਕਰੰਸੀ 'ਚ ਇਸ ਸਾਲ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਨਵਰੀ ਮਹੀਨੇ ਇਕ ਡਾਲਰ ਦੀ ਕੀਮਤ 63-64 ਰੁਪਏ ਵਿਚਕਾਰ ਰਹੀ, ਜਦੋਂ ਕਿ ਫਰਵਰੀ 'ਚ ਇਹ 64 ਰੁਪਏ ਦੇ ਪਾਰ ਨਿਕਲ ਗਈ ਅਤੇ ਅਪ੍ਰੈਲ ਖਤਮ ਹੁੰਦੇ-ਹੁੰਦੇ 66 ਰੁਪਏ ਦਾ ਪੱਧਰ ਪਾਰ ਕਰ ਗਈ। ਮਈ 'ਚ ਡਾਲਰ ਦੀ ਕੀਮਤ 68 ਰੁਪਏ ਅਤੇ ਜੂਨ-ਜੁਲਾਈ 'ਚ 69 ਰੁਪਏ ਦੇ ਪਾਰ ਪਹੁੰਚ ਗਈ। ਪਹਿਲੀ ਜਨਵਰੀ ਨੂੰ ਡਾਲਰ ਦਾ ਰੇਟ 63.68 ਰੁਪਏ ਸੀ, ਜੋ 29 ਅਗਸਤ ਨੂੰ ਕਾਰੋਬਾਰ ਦੌਰਾਨ 70.57 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ, ਯਾਨੀ ਜਨਵਰੀ 'ਚ ਵਿਦੇਸ਼ੀ ਪੜ੍ਹਾਈ ਜਾਂ ਵਿਦੇਸ਼ ਜਾਣ 'ਤੇ ਜੋ ਤੁਹਾਡਾ ਖਰਚ ਆ ਰਿਹਾ ਸੀ, ਉਹ ਹੁਣ ਕਾਫੀ ਵੱਧ ਚੁੱਕਾ ਹੈ। ਡਾਲਰ ਮਹਿੰਗਾ ਹੋਣ ਨਾਲ ਆਟੋ ਇੰਡਸਟਰੀ ਦੀ ਲਾਗਤ ਵਧਣ ਦਾ ਖਦਸ਼ਾ ਹੈ। ਰੁਪਏ 'ਚ ਗਿਰਾਵਟ ਬਣੀ ਰਹੀ ਤਾਂ ਕਾਰ ਕੰਪਨੀਆਂ ਅੱਗੇ ਕੀਮਤਾਂ ਫਿਰ ਵਧਾਉਣ 'ਤੇ ਵਿਚਾਰ ਕਰ ਸਕਦੀਆਂ ਹਨ। ਰੁਪਿਆ ਕਮਜ਼ੋਰ ਹੋਣ ਨਾਲ ਪੈਟਰੋਲ-ਡੀਜ਼ਲ ਹੋਰ ਮਹਿੰਗੇ ਹੋਣ ਦੇ ਆਸਾਰ ਹਨ।


Related News