ਗਲੋਬਲ ਪੱਧਰ ’ਤੇ ਏਅਰਲਾਈਨਾਂ ਦਾ ਘਾਟਾ 9.7 ਅਰਬ ਡਾਲਰ ਰਹਿ ਜਾਣ ਦੀ ਉਮੀਦ : IATA
Tuesday, Jun 21, 2022 - 11:18 AM (IST)
ਦੋਹਾ (ਭਾਸ਼ਾ) – ਗਲੋਬਲ ਹਵਾਬਾਜ਼ੀ ਸੰਸਥਾ ਆਈ. ਏ. ਟੀ. ਏ. ਦੇ ਡਾਇਰੈਕਟਰ ਜਨਰਲ ਵਿਲੀ ਵਾਲਸ਼ ਨੇ ਕਿਹਾ ਕਿ ਇਸ ਸਾਲ ਗਲੋਬਲ ਪੱਧਰ ’ਤੇ ਏਅਰਲਾਈਨਾਂ ਦਾ ਘਾਟਾ ਘਟ ਕੇ 9.7 ਅਰਬ ਡਾਲਰ ਰਹਿ ਜਾਏਗਾ, ਜੋ 2021 ’ਚ 52 ਅਰਬ ਡਾਲਰ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 2023 ’ਚ ਉਦਯੋਗ ਜਗਤ ’ਚ ਮੁਨਾਫੇ ਦੇ ਵਧਣ ਦੀ ਉਮੀਦ ਪ੍ਰਗਟਾਈ ਹੈ। ਆਈ. ਏ. ਟੀ. ਏ. ਕਰੀਬ 290 ਜਹਾਜ਼ਾਂ ਦੀ ਅਗਵਾਈ ਕਰਦਾ ਹੈ, ਜੋ ਗਲੋਬਲ ਹਵਾਈ ਆਵਾਜਾਈ ਦਾ 83 ਫੀਸਦੀ ਹੈ। ਵਾਲਸ਼ ਨੇ ਇੱਥੇ ਆਈ. ਏ. ਟੀ. ਏ. ਦੀ 78ਵੀਂ ਸਾਲਾਨਾ ਆਮ ਬੈਠਕ ’ਚ ਕਿਹਾ ਕਿ ਗਲੋਬਲ ਪੱਧਰ ’ਤੇ ਏਅਰਲਾਈਨਾਂ ਲਈ ਦ੍ਰਿਸ਼ਟੀਕੋਣ ਹਾਂਪੱਖੀ ਹੈ ਪਰ ਕਾਰੋਬਾਰੀ ਮਾਹੌਲ ਚੁਣੌਤੀਪੂਰਨ ਬਣਿਆ ਹੋਇਆ ਹੈ।
ਈਂਧਨ ਦੀਆਂ ਕੀਮਤਾਂ ’ਚ ਹੋਵੇਗਾ 50 ਫੀਸਦੀ ਦਾ ਵਾਧਾ
ਸਾਰੀਆਂ ਚੁਣੌਤੀਆਂ ਨੂੰ ਲਿਸਟ ਕਰਦੇ ਹੋਏ ਵਾਲਸ਼ ਨੇ ਕਿਹਾ ਕਿ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ. ਈ. ਸੀ. ਡੀ.) ’ਚ ਮਹਿੰਗਾਈ 9 ਫੀਸਦੀ ਤੋਂ ਉੱਪਰ ਹੈ। ਓ. ਈ. ਸੀ. ਡੀ. 38 ਦੇਸ਼ਾਂ ਦਾ ਇਕ ਸਮੂਹ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਨਜ਼ਰੀਏ (ਗਲੋਬਲ) ਮੁਤਾਬਕ ਇਸ ਸਾਲ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 3.4 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਇਹ ਬੜ੍ਹਤ ਹਾਂਪੱਖੀ ਹੈ ਪਰ ਪਿਛਲੇ ਅਨੁਮਾਨਾਂ ਦੇ ਮੁਕਾਬਲੇ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਬੈਂਕ ਨੂੰ ਪਿਛਲੇ ਸਾਲ (2021) ਦੀ ਤੁਲਨਾ ’ਚ ਊਰਜਾ ਦੀਆਂ ਕੀਮਤਾਂ ’ਚ 50 ਫੀਸਦੀ ਦੇ ਵਾਧੇ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ’ਤੇ ਰੂਸ ਦੇ ਹਮਲੇ ਨੇ ਗਲੋਬਲਾਈਜੇਸ਼ਨ ਨੂੰ ਅਸਥਿਰ ਕਰ ਦਿੱਤਾ ਹੈ, ਦੁਨੀਆ ਦੀ ਖੁਰਾਕ ਸਪਲਾਈ ਨੂੰ ਖਤਰਾ ਹੈ ਅਤੇ ਠੰਡੀ ਜੰਗ ਤੋਂ ਬਾਅਦ ਇਕ ਵਾਰ ਮੁੜ ਭੂ-ਸਿਆਸੀ ਵੰਡ ਦੇਖਣ ਨੂੰ ਮਿਲ ਰਹੀ ਹੈ।
ਘੱਟ ਹੋਵੇਗਾ ਨੁਕਸਾਨ
ਉਨ੍ਹਾਂ ਨੇ ਕਿਹਾ ਕਿ 650 ਅਰਬ ਡਾਲਰ ਦੇ ਕਰਜ਼ੇ ਵਾਲੀਆਂ ਏਅਰਲਾਈਨਾਂ ਦੀ ਖਰਾਬ ਵਿੱਤੀ ਸਥਿਤੀ ਨੂੰ ਠੀਕ ਕਰਨਾ ਇਕ ਵੱਡੀ ਚੁਣੌਤੀ ਹੋਵੇਗੀ। ਵਾਲਸ ਨੇ ਕਿਹਾ ਕਿ ਇਨ੍ਹਾਂ ਸਭ ਦੇ ਦਰਮਿਆਨ ਲੋਕਾਂ ਦੀ ਯਾਤਰਾ ਕਰਨ ਦੀ ਇੱਛਾ ਅਤੇ ਮਾਲ ਲਿਜਾਣ ਦੀ ਲੋੜ ਦੋਵੇਂ ਕਾਫੀ ਮਜ਼ਬੂਤ ਹਨ। ਸਾਡਾ ਤਾਜ਼ਾ ਵਿਸ਼ਲੇਸ਼ਣ 2021 ’ਚ 42 ਅਰਬ ਡਾਲਰ ਦੇ ਨੁਕਸਾਨ ਨੂੰ ਦਰਸਾਉਂਦਾ ਹੈ ਜੋ ਕਾਫੀ ਵੱਧ ਹੈ ਪਰ ਪਹਿਲਾਂ ਦੇ ਅਨੁਮਾਨ 52 ਅਰਬ ਡਾਲਰ ਤੋਂ ਹੇਠਾਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਾਲ ਗਲੋਬਲ ਨੁਕਸਾਨ 9.7 ਅਰਬ ਡਾਲਰ ਤੱਕ ਘੱਟ ਹੋ ਜਾਏਗਾ ਅਤੇ 2023 ’ਚ ਉਦਯੋਗ ’ਚ ਲਾਭ ਦੀ ਸਥਿਤੀ ’ਚ ਹੋਣਾ ਚਾਹੀਦਾ ਹੈ।