ਜਿਓ ਫਾਈਬਰ ਦੀ 'ਫਰਸਟ ਡੇ ਫਰਸਟ ਸ਼ੋਅ' ਸੇਵਾ ਦਾ ਮਲਟੀਪਲੈਕਸ 'ਤੇ ਕੀ ਹੋਵੇਗਾ ਅਸਰ

08/13/2019 4:51:44 PM

ਨਵੀਂ ਦਿੱਲੀ — ਰਿਲਾਇੰਸ ਜਿਓ ਨੇ 2020 ਦੇ ਅੱਧ ਤੋਂ ਆਪਣੇ ਜੀਓ ਫਾਈਬਰ ਨੈਟਵਰਕ ਤੇ ਨਵੀਆਂ ਫਿਲਮਾਂ ਦੇ 'ਫਰਸਟ ਡੇ ਫਰਸਟ ਸ਼ੋਅ' ਦਾ ਉਸੇ ਦਿਨ ਬ੍ਰਾਡਕਾਸਟ ਦਾ ਐਲਾਨ ਕੀਤਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਨਾਲ ਥੀਏਟਰ ਮਾਰਕੀਟ 'ਚ ਹੰਗਾਮਾ ਹੋ ਸਕਦਾ ਹੈ। ਹਾਲਾਂਕਿ ਦੇਸ਼ ਵਿਚ ਮਲਟੀਪਲੈਕਸਾਂ ਨੂੰ ਚਲਾਉਣ ਵਾਲੀਆਂ ਪੀ.ਵੀ.ਆਰ. ਅਤੇ ਆਈਨੋਕਸ ਵਰਗੀਆਂ ਕੰਪਨੀਆਂ ਨੇ ਆਉਣ ਵਾਲੇ ਸਾਲਾਂ ਵਿਚ ਵੀ ਥੀਏਟਰਾਂ ਦੇ ਕਾਰੋਬਾਰ ਵਿਚ ਵਾਧੇ 'ਤੇ ਭਰੋਸਾ ਜ਼ਾਹਰ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਮਲਟੀਪਲੈਕਸ ਕੰਪਨੀ, ਪੀ.ਵੀ.ਆਰ. ਦੇਸ਼ ਭਰ ਵਿਚ 800 ਸਕ੍ਰੀਨਾਂ 'ਤੇ ਫਿਲਮਾਂ ਪ੍ਰਦਰਸ਼ਿਤ ਕਰਦੀ ਹੈ। ਪੀ.ਵੀ.ਆਰ. ਦਾ ਕਹਿਣਾ ਹੈ ਕਿ ਇਕ ਸਿਨੇਮਾ ਵਿਚ ਫਿਲਮ ਵੇਖਣ ਅਤੇ ਘਰ ਵਿਚ ਫਿਲਮ ਵੇਖਣ ਦਾ ਤਜਰਬਾ ਵੱਖਰਾ ਹੁੰਦਾ ਹੈ ਅਤੇ ਇਸਦਾ ਆਪਣਾ ਮਹੱਤਵ ਹੁੰਦਾ ਹੈ।

ਫਿਲਮ ਨਿਰਮਾਤਾਵਾਂ, ਵਿਤਰਕਾਂ ਅਤੇ ਮਲਟੀਪਲੈਕਸ ਮਾਲਕਾਂ ਵਿਚਕਾਰ ਇਕ ਸਾਂਝਾ ਸਮਝੌਤਾ

ਇਸੇ ਤਰ੍ਹਾਂ 600 ਸਕ੍ਰੀਨਜ਼ 'ਤੇ ਫਿਲਮ ਦਾ ਪ੍ਰਦਰਸ਼ਨ ਕਰਨ ਵਾਲੇ ਆਈਨੋਕਸ ਲੀਸਯੁਅਰ ਨੇ ਕਿਹਾ ਕਿ ਫਿਲਹਾਲ ਦੇਸ਼ ਵਿਚ ਫਿਲਮ ਨਿਰਮਾਤਾਵਾਂ, ਵਿਤਰਕਾਂ ਅਤੇ ਮਲਟੀਪਲੈਕਸ ਮਾਲਕਾਂ ਵਿਚਕਾਰ ਇਕ ਸਾਂਝਾ ਸਮਝੌਤਾ ਹੈ। ਇਸਦੇ ਤਹਿਤ, ਫਿਲਮ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਤੋਂ ਬਾਅਦ ਅੱਠ ਹਫ਼ਤਿਆਂ ਤੱਕ ਕਿਸੇ ਹੋਰ ਮਾਧਿਅਮ ਤੇ ਜਾਰੀ ਨਹੀਂ ਕੀਤਾ ਜਾਂਦਾ ਹੈ। ਇਸ ਲਈ ਥੀਏਟਰ ਨੂੰ ਅੱਠ ਹਫ਼ਤਿਆਂ ਲਈ ਸਕ੍ਰੀਨ 'ਤੇ ਫਿਲਮ ਪ੍ਰਦਰਸ਼ਤਿ ਕਰਨ ਦਾ ਵਿਸ਼ੇਸ਼ ਸਮਾਂ ਮਿਲਦਾ ਹੈ। ਸਟਾਕ ਮਾਰਕੀਟ ਨੂੰ ਦਿੱਤੀ ਜਾਣਕਾਰੀ ਵਿਚ ਕੰਪਨੀ ਨੇ ਕਿਹਾ ਕਿ ਇਕ ਫਿਲਮ ਦਾ ਨਿਰਮਾਤਾ ਇਸ ਦਾ ਅਸਲ ਮਾਲਕ ਹੁੰਦਾ ਹੈ। ਅਜਿਹੇ 'ਚ ਇਹ ਉਸਦਾ ਹੱਕ ਹੈ ਕਿ ਉਹ ਫਿਲਮ ਦੀ ਰੀਲੀਜ਼ ਲਈ ਕਿਹੜੇ ਪਲੇਟਫਾਰਮ ਦਾ ਇਸਤੇਮਾਲ ਕਰਦਾ ਹੈ। 

ਗਲੋਬਲ ਪੱਧਰ 'ਤੇ ਅਪਣਾਇਆ ਜਾਂਦਾ ਹੈ 'ਵਿਸ਼ੇਸ਼ ਸਮੇਂ ਵਾਲਾ ਮਾਡਲ'

ਆਈਨਾਕਸ ਨੇ ਦੱਸਿਆ ਕਿ ਥੀਏਟਰਾਂ 'ਚ ਫਿਲਮ ਪ੍ਰਦਰਸ਼ਿਤ ਕਰਨ ਦੇ ਵਿਸ਼ੇਸ਼ ਸਮੇਂ ਵਾਲਾ ਮਾਡਲ ਅੰਤਰਰਾਸ਼ਟਰੀ ਪੱਧਰ 'ਤੇ ਅਪਣਾਇਆ ਜਾਂਦਾ ਹੈ। ਇਹ ਉਨ੍ਹਾਂ ਸਾਰਿਆਂ ਲਈ ਲਾਭਕਾਰੀ ਹੈ ਜੋ ਇਸ ਖੇਤਰ ਵਿਚ ਕੰਮ ਕਰ ਰਹੇ ਹਨ ਅਤੇ ਭਾਰਤ ਵਿਚ ਵੀ ਇਸੇ ਤਰ੍ਹਾਂ ਦਾ ਹੀ ਮਾਡਲ ਅਪਣਾਇਆ ਜਾ ਰਿਹਾ ਹੈ। ਹਾਲਾਂਕਿ ਇਸ ਸਾਂਝੇ ਸਹਿਮਤੀ ਵਾਲੇ ਮਾਡਲ ਵਿਚ ਨਿਰਮਾਤਾ ਨੂੰ ਸਿਨੇਮਾਘਰਾਂ ਜਾਂ ਕਿਸੇ ਹੋਰ ਮਾਧਿਅਮ 'ਚ ਰਿਲੀਜ਼ ਦੀ ਚੋਣ ਕਰਨ ਦਾ ਅਧਿਕਾਰ ਹੁੰਦਾ ਹੈ। ਪਰ ਫਿਲਮ ਨੂੰ ਦੋਵਾਂ ਪਲੇਟਫਾਰਮਾਂ 'ਤੇ ਇੱਕੋ ਸਮੇਂ ਜਾਰੀ ਕਰਨਾ ਸਾਂਝੀ ਸਹਿਮਤੀ ਦਾ ਉਲੰਘਣਾ ਹੋਵੇਗਾ।  

ਪੀ.ਵੀ.ਆਰ. ਨੇ ਸਟਾਕ ਮਾਰਕੀਟ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਥੀਏਟਰਾਂ ਅਤੇ ਹੋਰ ਮਾਧਿਅਮ 'ਤੇ ਫਿਲਮਾਂ ਨੂੰ ਰਿਲੀਜ਼ ਕਰਨ ਦਾ ਸਾਂਝਾ ਸਹਿਮਤੀ ਵਾਲਾ ਮਾਡਲ ਦਹਾਕਿਆਂ ਤੋਂ ਦੋਵੇਂ ਮਾਧਿਅਮ ਦੀ ਖੁਸ਼ਹਾਲੀ ਦਾ ਕਾਰਕ ਰਿਹਾ ਹੈ। ਇਸ ਲਈ ਉਹ ਥੀਏਟਰ ਮਾਰਕੀਟ ਦੇ ਵਾਧੇ ਬਾਰੇ ਭਰੋਸਾ ਰੱਖਦੇ ਹਨ।  

ਮੁਕੇਸ਼ ਅੰਬਾਨੀ ਦੇ ਐਲਾਨ ਤੋਂ ਬਾਅਦ ਮਲਟੀਪਲੈਕਸ ਖੇਤਰ 'ਚ ਖਲਬਲੀ

ਜ਼ਿਕਰਯੋਗ ਹੈ ਕਿ ਮੁਕੇਸ਼ ਅੰਬਾਨੀ ਨੇ ਸੋਮਵਾਰ ਨੂੰ ਰਿਲਾਇੰਸ ਜਿਓ ਫਾਈਬਰ 5 ਸਤੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਉਸਨੇ ਜੀਓ ਫਾਈਬਰ ਦੇ ਪ੍ਰੀਮੀਅਮ ਗਾਹਕਾਂ ਲਈ 'ਫਸਟ ਡੇ ਫਸਟ ਸ਼ੋਅ' ਸੇਵਾ ਬਾਰੇ ਵੀ ਦੱਸਿਆ। ਅਗਲੇ ਸਾਲ 2020 ਦੇ ਅੱਧ ਵਿਚ ਸ਼ੁਰੂ ਹੋਣ ਵਾਲੀ ਇਸ ਸੇਵਾ ਦੁਆਰਾ ਗਾਹਕ ਕਿਸੇ ਫਿਲਮ ਦੀ ਰਿਲੀਜ਼ ਵਾਲੇ ਦਿਨ ਹੀ ਜੀਓ ਫਾਈਬਰ ਦੇ ਪਲੇਟਫਾਰਮ 'ਤੇ ਘਰ ਬੈਠੇ ਫਿਲਮ ਨੂੰ ਵੇਖ ਸਕਣਗੇ। ਇਸ ਐਲਾਨ ਦੇ ਬਾਅਦ ਮੰਗਲਵਾਰ ਨੂੰ ਸਵੇਰ ਦੇ ਕਾਰੋਬਾਰ 'ਚ ਪੀ.ਵੀ.ਆਰ. ਦੇ ਸ਼ੇਅਰ ਵਿਚ 2.45 ਫੀਸਦੀ ਅਤੇ ਆਇਨਾਕਸ 'ਚ 2 ਫੀਸਦੀ ਦੀ ਗਿਰਾਵਟ ਚਲ ਰਹੀ ਸੀ।


 


Related News