ਗੌਤਮ ਅਡਾਨੀ ਨੂੰ ਲੱਗਾ ਝਟਕਾ, ਅਰਬਪਤੀਆਂ ਦੀ ਸੂਚੀ 'ਚ ਜੇਫ ਬੇਜੋਸ ਤੋਂ ਪਿੱਛੜੇ

Tuesday, Sep 27, 2022 - 06:42 PM (IST)

ਗੌਤਮ ਅਡਾਨੀ ਨੂੰ ਲੱਗਾ ਝਟਕਾ, ਅਰਬਪਤੀਆਂ ਦੀ ਸੂਚੀ 'ਚ ਜੇਫ ਬੇਜੋਸ ਤੋਂ ਪਿੱਛੜੇ

ਨਵੀਂ ਦਿੱਲੀ - ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਵੱਡਾ ਝਟਕਾ ਲੱਗਾ ਹੈ। ਸੋਮਵਾਰ ਨੂੰ ਉਸ ਦੀ ਜਾਇਦਾਦ 'ਚ 56,262 ਕਰੋੜ ਰੁਪਏ (6.91 ਅਰਬ ਡਾਲਰ) ਦੀ ਗਿਰਾਵਟ ਆਈ ਅਤੇ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਖਿਸਕ ਗਏ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਉਸਦੀ ਕੁੱਲ ਜਾਇਦਾਦ 135 ਅਰਬ ਡਾਲਰ ਰਹਿ ਗਈ ਅਤੇ ਉਹ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਤੋਂ ਹੇਠਾਂ ਖਿਸਕ ਗਏ ਹਨ।

ਜੈੱਫ ਬੇਜੋਸ ਦੀ ਸੰਪਤੀ ਸੋਮਵਾਰ ਨੂੰ 1.36 ਅਰਬ ਡਾਲਰ ਵਧ ਗਈ ਅਤੇ ਉਹ 138 ਅਰਬ ਡਾਲਰ ਦੀ ਸੰਪਤੀ ਨਾਲ ਫਿਰ ਦੂਜੇ ਸਥਾਨ 'ਤੇ ਪਹੁੰਚ ਗਏ। ਟੇਸਲਾ ਦੇ ਸੀਈਓ ਐਲੋਨ ਮਸਕ 245 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਅਮੀਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਹਨ।

ਇਹ ਵੀ ਪੜ੍ਹੋ : ਭਾਰਤੀ ਰੁਪਇਆ ਹੀ ਨਹੀਂ ਡਿੱਗਿਆ, ਬ੍ਰਿਟਿਸ਼ ਪੌਂਡ ਵੀ ਟੁੱਟ ਕੇ ਚਾਰ ਦਹਾਕਿਆਂ ਦੇ ਹੇਠਲੇ ਪੱਧਰ 'ਤੇ ਪਹੁੰਚਿਆ

ਅਡਾਨੀ ਸਮੂਹ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਸੋਮਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ। ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ 'ਚ 2.29 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਅਡਾਨੀ ਟ੍ਰਾਂਸਮਿਸ਼ਨ 5.65 ਫੀਸਦੀ, ਅਡਾਨੀ ਟੋਟਲ ਗੈਸ 4.76 ਫੀਸਦੀ, ਅਡਾਨੀ ਗ੍ਰੀਨ ਐਨਰਜੀ 4.83 ਫੀਸਦੀ, ਅਡਾਨੀ ਪੋਰਟਸ 5.48 ਫੀਸਦੀ, ਅਡਾਨੀ ਪਾਵਰ 4.95 ਫੀਸਦੀ ਅਤੇ ਅਡਾਨੀ ਵਿਲਮਾਰ 5 ਫੀਸਦੀ ਡਿੱਗੇ। ਹਾਲਾਂਕਿ ਇਸ ਸਾਲ ਅਡਾਨੀ ਦੀ ਸੰਪਤੀ ਵਿੱਚ 58.5 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ, ਜਦੋਂ ਕਿ ਬੇਜੋਸ ਦੀ ਕੁੱਲ ਜਾਇਦਾਦ ਵਿੱਚ 54.3 ਅਰਬ ਡਾਲਰ ਦੀ ਗਿਰਾਵਟ ਆਈ ਹੈ। ਅਡਾਨੀ ਹੁਣੇ ਜਿਹੇ ਹੀ ਅਮੀਰਾਂ ਦੀ ਸੂਚੀ ਵਿਚ ਜੈੱਫ ਬੇਜੋਸ ਨੂੰ ਪਛਾੜ ਕੇ ਦੂਜੇ ਨੰਬਰ 'ਤੇ ਪਹੁੰਚੇ ਸਨ ਪਰ ਹੁਣ ਬੇਜੋਸ ਇਕ ਵਾਰ ਫਿਰ ਅਡਾਨੀ ਤੋਂ ਅੱਗੇ ਹੋ ਗਏ ਹਨ।

ਮੁਕੇਸ਼ ਅੰਬਾਨੀ ਟਾਪ 10 'ਚੋਂ ਬਾਹਰ

ਇਸ ਦੌਰਾਨ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਟਾਪ 10 'ਚੋਂ ਬਾਹਰ ਹੋ ਗਏ ਹਨ। ਸੋਮਵਾਰ ਨੂੰ ਰਿਲਾਇੰਸ ਦੇ ਸ਼ੇਅਰ 2.54 ਫੀਸਦੀ ਡਿੱਗ ਗਏ। ਇਸ ਕਾਰਨ ਅੰਬਾਨੀ ਦੀ ਕੁਲ ਜਾਇਦਾਦ 2.83 ਅਰਬ ਡਾਲਰ ਘਟ ਗਈ ਹੈ ਅਤੇ ਉਹ 82.4 ਅਰਬ ਡਾਲਰ ਦੀ ਜਾਇਦਾਦ ਨਾਲ ਅਮੀਰਾਂ ਦੀ ਸੂਚੀ ਵਿੱਚ 11ਵੇਂ ਨੰਬਰ 'ਤੇ ਖਿਸਕ ਗਏ ਹਨ। ਇਸ ਸਾਲ ਉਸਦੀ ਕੁੱਲ ਜਾਇਦਾਦ  7.60 ਅਰਬ ਡਾਲਰ ਘਟੀ ਹੈ। ਅੰਬਾਨੀ ਇਕ ਸਮੇਂ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਪਹੁੰਚ ਗਏ ਸਨ।

ਇਹ ਵੀ ਪੜ੍ਹੋ : ਰੁਪਏ ’ਚ ਕਮਜ਼ੋਰੀ ਨਾਲ ਵਧੇਗੀ ਹੋਰ ਮਹਿੰਗਾਈ, ਕੱਚੇ ਤੇਲ ਅਤੇ ਜਿਣਸਾਂ ਦੀਆਂ ਵਧਣਗੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News