ਐਮਾਜ਼ੋਨ ਨਾਲ ਵਿਵਾਦ ’ਚ ਫਿਊਚਰ ਰਿਟੇਲ ਇਕ ਧਿਰ ਹੈ : ਸਿੰਗਾਪੁਰ ਆਰਬਿਟਰੇਸ਼ਨ ਟ੍ਰਿਬਿਊਨਲ

Friday, Oct 22, 2021 - 12:37 PM (IST)

ਐਮਾਜ਼ੋਨ ਨਾਲ ਵਿਵਾਦ ’ਚ ਫਿਊਚਰ ਰਿਟੇਲ ਇਕ ਧਿਰ ਹੈ : ਸਿੰਗਾਪੁਰ ਆਰਬਿਟਰੇਸ਼ਨ ਟ੍ਰਿਬਿਊਨਲ

ਨਵਂ ਦਿੱਲੀ (ਭਾਸ਼ਾ) – ਸਿੰਗਾਪੁਰ ਦੇ ਆਰਬਿਟਰੇਸ਼ਨ ਟ੍ਰਿਬਿਊਨਲ ਨੇ ਕਿਹਾ ਕਿ ਰਿਲਾਇੰਸ ਰਿਟੇਲ ਦੇ ਫਿਊਚਰ ਗਰੁੱਪ ਦੀਆਂ ਜਾਇਦਾਦਾਂ ਦੀ ਵਿਕਰੀ ਨਾਲ ਜੁੜੇ ਵਿਵਾਦ ’ਚ ਐਮਾਜ਼ੋਨ ਅਤੇ ਫਿਊਚਰ ਗਰੁੱਪ ਦਰਮਿਆਨ ਚੱਲ ਰਹੀ ਆਰਬਿਟਰੇਸ਼ਨ ’ਚ ਫਿਊਚਰ ਰਿਟੇਲ ਇਕ ਧਿਰ ਹੈ।

ਜ਼ਿਕਰਯੋਗ ਹੈ ਕਿ ਫਿਊਚਰ ਵਲੋਂ ਰਿਲਾਇੰਸ ਇੰਡਸਟ੍ਰੀਜ਼ ਦੀ ਪ੍ਰਚੂਨ ਬ੍ਰਾਂਚ ਨੂੰ ਉਸ ਦੇ ਪ੍ਰਚੂਨ, ਥੋਕ, ਰਸਦ ਅਤੇ ਵੇਅਰਹਾਊਸਿੰਗ ਜਾਇਦਾਦਾਂ ਦੀ 24,13 ਕਰੋੜ ਰੁਪਏ ਦੀ ਵਿਕਰੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਐਮਾਜ਼ੋਨ ਨੇ ਦੋਸ਼ ਲਗਾਇਆ ਹੈ ਕਿ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ (ਆਰ. ਆਰ. ਵੀ. ਐੱਲ.) ਅਤੇ ਫਿਊਚਰ ਦਰਮਿਆਨ ਇਹ ਸੌਦਾ, 2019 ’ਚ ਕਿਸ਼ੋਰ ਬਿਆਨੀ ਦੀ ਅਗਵਾਈ ਵਾਲੀ ਕੰਪਨੀ ਨਾਲ ਹੋਏ ਉਸ ਦੇ ਸੌਦੇ ਦੀ ਉਲੰਘਣਾ ਕਰਦਾ ਹੈ। ਫਿਊਚਰ ਰਿਟੇਲ ਲਿਮਟਿਡ (ਐੱਫ. ਆਰ. ਐੱਲ.) ਨੇ ਬੁੱਧਵਾਰ ਦੇਰ ਰਾਤ ਇਕ ਰੈਗੂਲੇਟਰੀ ਸੂਚਨਾ ’ਚ ਕਿਹਾ ਕਿ ਉਸ ਨੂੰ ਸਿੰਗਾਪੁਰ ਇੰਟਰਨੈਸ਼ਨਲ ਟ੍ਰਿਬਿਊਨਲ ਸੈਂਟਰ (ਐੱਸ. ਆਈ. ਏ. ਸੀ.) ਤੋਂ 20 ਅਕਤੂਬਰ 2021 ਨੂੰ ਅੰਸ਼ਿਕ ਫੈਸਲਾ ਮਿਲਿਆ ਹੈ ਜਿਸ ’ਚ ਕੰਪਨੀ ਵਲੋਂ ਦਾਇਰ ਖੇਤਰਾਧਿਕਾਰ ਸਬੰਧੀ ਇਤਰਾਜ਼ ਸਬੰਧੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਹੈ।

ਫਿਊਚਰ ਨੇ ਐੱਸ. ਆਈ. ਏ. ਸੀ. ਦੇ ਸਾਹਮਣੇ ਤਰਕ ਦਿੱਤਾ ਸੀ ਕਿ ਉਸ ਨੂੰ ਆਰਬਿਟਰੇਸ਼ਨ ਦੀ ਕਾਰਵਾਈ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਪ੍ਰਮੋਟਰ ਫਿਊਚਰ ਕੂਪਨ ਪ੍ਰਾਈਵੇਟ ਲਿਮਟਿਡ (ਐੱਫ. ਸੀ. ਪੀ. ਐੱਲ.) ਅਤੇ ਐਮਾਜ਼ੋਨ ਦਰਮਿਆਨ ਵਿਵਾਦ ਦਾ ਪੱਖ ਨਹੀਂ ਹੈ।


author

Harinder Kaur

Content Editor

Related News