FPI ਨੇ ਸ਼ੇਅਰ ਬਾਜ਼ਾਰ ’ਚੋਂ 50 ਦਿਨਾਂ ’ਚ ਕੱੱਢੇ 1.16 ਲੱਖ ਕਰੋੜ
Monday, Nov 18, 2024 - 10:20 AM (IST)
ਨਵੀਂ ਦਿੱਲੀ (ਭਾਸ਼ਾ) – ਵਿਦੇਸ਼ੀ ਨਿਵੇਸ਼ਕਾਂ ਨੇ ਹੁਣ ਤਕ ਆਪਣੇ ਰੁਖ਼ ’ਚ ਕੋਈ ਤਬਦੀਲੀ ਨਹੀਂ ਕੀਤੀ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਲਗਾਤਾਰ ਭਾਰਤ ਦੇ ਸ਼ੇਅਰ ਬਾਜ਼ਾਰ ’ਚੋਂ ਪੈਸਾ ਕੱਢ ਕੇ ਇਸ ਨੂੰ ਕੰਗਾਲ ਬਣਾਉਣ ’ਚ ਲੱਗੇ ਹੋਏ ਹਨ।
ਅਸਲ ’ਚ ਚੀਨ ਦੀ ਸਰਕਾਰ ਨੇ ਜਿਹੜਾ ਸਪੈਸ਼ਲ ਪੈਕੇਜ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਦਿੱਤਾ ਹੈ, ਉਸ ਤੋਂ ਵਿਦੇਸ਼ੀ ਨਿਵੇਸ਼ਕ ਕਾਫੀ ਉਤਸ਼ਾਹਿਤ ਹਨ।
ਦੂਜੇ ਪਾਸੇ ਭਾਰਤ ਦੇ ਸ਼ੇਅਰ ਬਾਜ਼ਾਰ ਦੀ ਵੈਲੂਏਸ਼ਨ ਵਧੀ ਹੈ, ਜਿਸ ਕਾਰਨ ਵਿਦੇਸ਼ੀ ਨਿਵੇਸ਼ਕ ਹਾਈ ਵੈਲੂਏਸ਼ਨ ’ਤੇ ਪੈਸਾ ਲਾਉਣ ਲਈ ਤਿਆਰ ਨਹੀਂ। ਇਸ ਨਾਲ ਉਹ ਮੁਨਾਫਾ ਵਸੂਲੀ ਕਰ ਰਹੇ ਹਨ।
ਦੂਜੇ ਪਾਸੇ ਟਰੰਪ ਦੀ ਜਿੱਤ ਤੋਂ ਬਾਅਦ ਡਾਲਰ ਇੰਡੈਕਸ ਵਿਚ ਤੇਜ਼ੀ ਆਈ ਹੈ, ਜਿਸ ਦਾ ਅਸਰ ਅਮਰੀਕੀ ਯੀਲਡ ਵਿਚ ਵੇਖਣ ਨੂੰ ਮਿਲ ਰਿਹਾ ਹੈ। ਵਿਦੇਸ਼ੀ ਨਿਵੇਸ਼ਕ ਭਾਰਤ ’ਚੋਂ ਪੈਸਾ ਕੱਢ ਕੇ ਅਮਰੀਕੀ ਸਕਿਓਰਿਟੀਜ਼ ਵੱਲ ਜਾ ਰਹੇ ਹਨ। ਇਹੀ ਕਾਰਨ ਹੈ ਕਿ ਬੀਤੇ ਲਗਭਗ 50 ਦਿਨਾਂ ’ਚ ਵਿਦੇਸ਼ੀ ਨਿਵੇਸ਼ਕ ਸ਼ੇਅਰ ਬਾਜ਼ਾਰ ’ਚੋਂ 1.16 ਲੱਖ ਕਰੋੜ ਰੁਪਏ ਕੱਢ ਚੁੱਕੇ ਹਨ।
ਇਸ ਮਹੀਨੇ ਕੱਢੇ 22,420 ਕਰੋੜ ਰੁਪਏ
ਘਰੇਲੂ ਸ਼ੇਅਰ ਬਾਜ਼ਾਰ ਦੇ ਉੱਚੇ ਮੁਲਾਂਕਣ, ਚੀਨ ਵਿਚ ਵਧਦੀ ਅਲਾਟਮੈਂਟ ਅਤੇ ਅਮਰੀਕੀ ਡਾਲਰ ਦੇ ਨਾਲ-ਨਾਲ ਟ੍ਰੇਜ਼ਰੀ ਰਿਟਰਨ ’ਚ ਵਾਧੇ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤਕ ਭਾਰਤੀ ਇਕੁਇਟੀ ਬਾਜ਼ਾਰ ’ਚੋਂ 22,420 ਕਰੋੜ ਰੁਪਏ ਕੱਢੇ ਹਨ। ਇਸ ਬਿਕਵਾਲੀ ਦੇ ਨਾਲ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 2024 ਵਿਚ ਹੁਣ ਤਕ ਕੁਲ 15,827 ਕਰੋੜ ਰੁਪਏ ਕੱਢੇ ਹਨ।
ਅੰਕੜਿਆਂ ਮੁਤਾਬਕ ਇਸ ਮਹੀਨੇ ਹੁਣ ਤਕ ਐੱਫ. ਪੀ. ਆਈ. ਨੇ 22,420 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਦਰਜ ਕੀਤੀ ਹੈ। ਇਹ ਅਕਤੂਬਰ ’ਚ 94,017 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਤੋਂ ਬਾਅਦ ਹੋਈ ਹੈ, ਜੋ ਸਭ ਤੋਂ ਖਰਾਬ ਮਾਸਿਕ ਨਿਕਾਸੀ ਸੀ। ਇਸ ਤੋਂ ਪਹਿਲਾਂ ਮਾਰਚ, 2020 ’ਚ ਐੱਫ. ਪੀ. ਆਈ. ਨੇ ਇਕੁਇਟੀ ’ਚੋਂ 61,973 ਕਰੋੜ ਰੁਪਏ ਕੱਢੇ ਸਨ।
ਸਤੰਬਰ, 2024 ’ਚ ਵਿਦੇਸ਼ੀ ਨਿਵੇਸ਼ਕਾਂ ਨੇ 9 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 57,724 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਉਂਝ ਅਕਤੂਬਰ ਤੇ ਨਵੰਬਰ ਦੀ ਹੁਣ ਤਕ ਦੀ ਨਿਕਾਸੀ ਨੂੰ ਜੋੜ ਲਿਆ ਜਾਵੇ ਤਾਂ ਐੱਫ. ਪੀ. ਆਈ. ਨੇ ਲੱਗਭਗ 50 ਦਿਨਾਂ ’ਚ ਸ਼ੇਅਰ ਬਾਜ਼ਾਰ ’ਚੋਂ ਲੱਗਭਗ 1,16,437 ਕਰੋੜ ਰੁਪਏ ਕੱਢੇ ਹਨ।
ਦੂਜੇ ਪਾਸੇ ਐੱਫ. ਪੀ. ਆਈ. ਨੇ ਸਮੀਖਿਆ ਅਧੀਨ ਮਿਆਦ ਦੌਰਾਨ ਡੈਬਟ ਜਨਰਲ ਲਿਮਿਟ ਵਿਚ 42 ਕਰੋੜ ਰੁਪਏ ਅਤੇ ਡੈਬਟ ਵਾਲੈਂਟਰੀ ਰਿਟੈਂਸ਼ਨ ਰੂਟ (ਵੀ. ਆਰ. ਆਰ.) ਵਿਚ 362 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਸਾਲ ਹੁਣ ਤਕ ਐੱਫ. ਪੀ. ਆਈ. ਨੇ ਡੈਬਟ ਬਾਜ਼ਾਰ ’ਚ 1.06 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਕੀ ਕਹਿ ਰਹੇ ਹਨ ਜਾਣਕਾਰ?
ਫੋਰਵਿਸ ਮਾਜਰਸ ਇਨ ਇੰਡੀਆ ਦੇ ਪਾਰਟਨਰ ਤੇ ਵਿੱਤੀ ਸਲਾਹਕਾਰ ਅਖਿਲ ਪੁਰੀ ਨੇ ਕਿਹਾ ਕਿ ਲਿਕੁਇਡਿਟੀ ਘੱਟ ਹੋਣ ਦੇ ਨਾਲ-ਨਾਲ ਐੱਫ. ਪੀ. ਆਈ. ਫਲੋਅ ਛੋਟੀ ਮਿਆਦ ’ਚ ਘੱਟ ਰਹਿਣ ਦੀ ਉਮੀਦ ਹੈ। ਜਨਵਰੀ ਦੀ ਸ਼ੁਰੂਆਤ ਤੋਂ ਪਹਿਲਾਂ ਐੱਫ. ਪੀ. ਆਈ. ਦੀਆਂ ਸਰਗਰਮੀਆਂ ਵਿਚ ਪਾਜ਼ੇਟਿਵ ਤਬਦੀਲੀ ਦੀ ਸੰਭਾਵਨਾ ਨਹੀਂ ਹੈ, ਜਿਸ ਨਾਲ ਕੁਲ ਮਿਲਾ ਕੇ ਬਾਜ਼ਾਰ ਦੀ ਧਾਰਨਾ ਕਮਜ਼ੋਰ ਬਣੀ ਹੋਈ ਹੈ।
ਜਿਓਜਿਤ ਫਾਇਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਅਕਤੂਬਰ ਤੋਂ ਐੱਫ. ਪੀ. ਆਈ. ਦੀ ਲਗਾਤਾਰ ਬਿਕਵਾਲੀ 3 ਕਾਰਨਾਂ
ਦੇ ਸਮੁੱਚੇ ਅਸਰ ਕਾਰਨ ਪ੍ਰਭਾਵਿਤ ਹੋਈ ਹੈ। ਇਨ੍ਹਾਂ ਵਿਚ ਭਾਰਤ ’ਚ ਉੱਚ ਮੁਲਾਂਕਣ, ਆਮਦਨ ਵਿਚ ਕਮੀ ਨੂੰ ਲੈ ਕੇ ਚਿੰਤਾਵਾਂ ਅਤੇ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ’ਚ ਡੋਨਾਲਡ ਟਰੰਪ ਦੀ ਜਿੱਤ ਵਰਗੇ ਕਾਰਨ ਸ਼ਾਮਲ ਹਨ।