ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵੱਧ ਕੇ 580 ਅਰਬ ਡਾਲਰ ਤੋਂ ਪਾਰ ਪੁੱਜਾ
Saturday, Apr 17, 2021 - 09:03 AM (IST)
ਨਵੀਂ ਦਿੱਲੀ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 9 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਵਿਚ 4.34 ਅਰਬ ਡਾਲਰ ਵੱਧ ਕੇ 581.21 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਵਿਦੇਸ਼ੀ ਮੁਦਰਾ ਭੰਡਾਰ 2 ਅਪ੍ਰੈਲ ਨੂੰ ਖ਼ਤਮ ਹੋਏ ਹਫਤੇ ਵਿਚ 2.42 ਅਰਬ ਡਾਲਰ ਘੱਟ ਕੇ 576.28 ਅਰਬ ਡਾਲਰ ਅਤੇ 26 ਮਾਰਚ 2021 ਨੂੰ ਖ਼ਤਮ ਹੋਏ ਹਫ਼ਤੇ ਵਿਚ 2.99 ਅਰਬ ਡਾਲਰ ਦੀ ਗਿਰਾਵਟ ਨਾਲ 579.28 ਅਰਬ ਡਾਲਰ ਰਹਿ ਗਿਆ ਸੀ।
ਵਿਦੇਸ਼ੀ ਮੁਦਰਾ ਭੰਡਾਰ 29 ਜਨਵਰੀ, 2021 ਨੂੰ ਖ਼ਤਮ ਹੋਏ ਹਫ਼ਤੇ ਵਿਚ 590.18 ਅਰਬ ਡਾਲਰ ਦੇ ਸਰਬੋਤਮ ਉੱਚ ਪੱਧਰ 'ਤੇ ਸੀ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ, 9 ਅਪ੍ਰੈਲ 2021 ਨੂੰ ਖ਼ਤਮ ਹੋਏ ਸਮੀਖਿਆ ਅਧੀਨ ਹਫ਼ਤੇ ਵਿਚ ਵਿਦੇਸ਼ੀ ਮੁਦਰਾ ਸੰਪਤੀਆਂ (ਐੱਫ. ਸੀ. ਏ.) ਵਿਚ ਹੋਏ ਵਾਧੇ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਵਿਚ ਵਾਧਾ ਹੋਇਆ ਹੈ।
ਵਿਦੇਸ਼ੀ ਮੁਦਰਾ ਸੰਪਤੀ ਕੁਲ ਵਿਦੇਸ਼ੀ ਮੁਦਰਾ ਭੰਡਾਰਾਂ ਦਾ ਮੁੱਖ ਹਿੱਸਾ ਹੈ। ਰਿਜ਼ਰਵ ਬੈਂਕ ਦੇ ਹਫ਼ਤਾਵਾਰੀ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਮਿਆਦ ਵਿਚ ਐੱਫ. ਸੀ. ਏ. 3.02 ਅਰਬ ਡਾਲਰ ਦੇ ਵਾਧੇ ਨਾਲ 539.45 ਅਰਬ ਡਾਲਰ 'ਤੇ ਪਹੁੰਚ ਗਿਆ। ਐੱਫ. ਸੀ. ਏ. ਨੂੰ ਡਾਲਰ ਵਿਚ ਗਿਣਿਆ ਜਾਂਦਾ ਹੈ ਪਰ ਇਸ ਵਿਚ ਹੋਰ ਵਿਦੇਸ਼ੀ ਮੁਦਰਾ ਸੰਪਤੀਆਂ ਜਿਵੇਂ ਕਿ ਯੂਰੋ, ਪੌਂਡ ਅਤੇ ਯੈਨ ਸ਼ਾਮਲ ਹਨ।