ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 5.16 ਅਰਬ ਡਾਲਰ ਵਧ ਕੇ 657.16 ਅਰਬ ਡਾਲਰ ’ਤੇ ਪਹੁੰਚਿਆ

Saturday, Jul 13, 2024 - 10:52 AM (IST)

ਮੁੰਬਈ (ਭਾਸ਼ਾ) – ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 5 ਜੁਲਾਈ ਨੂੰ ਖਤਮ ਹਫਤੇ ’ਚ 5.16 ਅਰਬ ਡਾਲਰ ਉੱਛਲ ਕੇ 657.16 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫਤੇ ’ਚ ਕੁਲ ਕਰੰਸੀ ਭੰਡਾਰ 1.71 ਅਰਬ ਡਾਲਰ ਘਟ ਕੇ 651.99 ਅਰਬ ਡਾਲਰ ਰਿਹਾ ਸੀ। ਇਸ ਸਾਲ 7 ਜੂਨ ਨੂੰ ਵਿਦੇਸ਼ੀ ਕਰੰਸੀ ਭੰਡਾਰ 655.82 ਅਰਬ ਡਾਲਰ ਦੇ ਸਰਵਕਾਲੀ ਉੱਚ ਪੱਧਰ ’ਤੇ ਪਹੰੁਚ ਗਿਆ ਸੀ।

ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ 5 ਜੁਲਾਈ ਨੂੰ ਖਤਮ ਹਫਤੇ ’ਚ ਕਰੰਸੀ ਭੰਡਾਰ ਦਾ ਅਹਿਮ ਹਿੱਸਾ ਮੰਨੀਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ 4.23 ਅਰਬ ਡਾਲਰ ਵਧ ਕੇ 577.11 ਅਰਬ ਡਾਲਰ ਹੋ ਗਈਆਂ। ਡਾਲਰ ਦੇ ਸਬੰਧ ’ਚ ਜ਼ਿਕਰਯੋਗ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਵਿਦੇਸੀ ਕਰੰਸੀ ਭੰਡਾਰ ’ਚ ਰੱਖੇ ਗਏ ਯੂਰੋ, ਪਾਊਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੀ ਘਟ-ਵਧ ਦਾ ਅਸਰ ਸ਼ਾਮਲ ਹੁੰਦਾ ਹੈ।

ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਹਫਤੇ ਦੌਰਾਨ ਸੋਨੇ ਦੇ ਰਾਖਵੇਂ ਭੰਡਾਰ ਦਾ ਮੁੱਲ 90.4 ਕਰੋੜ ਡਾਲਰ ਵਧ ਕੇ 57.43 ਅਰਬ ਡਾਲਰ ਰਿਹਾ। ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 2.1 ਕਰੋੜ ਡਾਲਰ ਵਧ ਕੇ 18.04 ਅਰਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਜਮਾ 40 ਲੱਖ ਡਾਲਰ ਵਧ ਕੇ 4.58 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਆਪਣੀ ਦੋਮਾਹੀ ਕਰੰਸੀ ਨੀਤੀ ਤੈਅ ਕਰਦੇ ਸਮੇਂ ਮੁੱਖ ਤੌਰ ’ਤੇ ਖੁਦਰਾ ਮਹਿੰਗਾਈ ਨੂੰ ਧਿਆਨ ’ਚ ਰੱਖਦਾ ਹੈ।


Harinder Kaur

Content Editor

Related News