ਵਿਦੇਸ਼ੀ ਕਰੰਸੀ ਭੰਡਾਰ 10 ਮਹੀਨਿਆਂ ਦੇ ਉੱਚ ਪੱਧਰ ''ਤੇ
Monday, Apr 08, 2019 - 08:16 PM (IST)

ਨਵੀਂ ਦਿੱਲੀ-ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ 'ਚ 29 ਮਾਰਚ ਨੂੰ ਖਤਮ ਹਫਤੇ 'ਚ 5.237 ਅਰਬ ਡਾਲਰ ਦੇ ਨਾਲ 47 ਮਹੀਨਿਆਂ ਤੋਂ ਬਾਅਦ ਸਭ ਤੋਂ ਤੇਜ਼ ਉਛਾਲ ਆਇਆ ਹੈ। ਇਸ ਦੇ ਨਾਲ ਵਿਦੇਸ਼ੀ ਕਰੰਸੀ ਭੰਡਾਰ 411.91 ਅਰਬ ਡਾਲਰ 'ਤੇ ਪਹੁੰਚ ਗਿਆ, ਜੋ ਕਰੀਬ 10 ਮਹੀਨੇ ਦਾ ਉੱਚ ਪੱਧਰ ਹੈ। ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਅਨੁਸਾਰ ਆਲੋਚਕ ਹਫਤੇ 'ਚ ਵਿਦੇਸ਼ੀ ਕਰੰਸੀ ਭੰਡਾਰ 1.029 ਅਰਬ ਡਾਲਰ ਵਧ ਕੇ 406.67 ਅਰਬ ਡਾਲਰ ਹੋ ਗਿਆ ਸੀ। ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਹਫਤੇ 'ਚ ਵਿਦੇਸ਼ੀ ਕਰੰਸੀ ਭੰਡਾਰ ਦਾ ਅਹਿਮ ਹਿੱਸਾ ਮੰਨੀ ਜਾਣ ਵਾਲੀ ਵਿਦੇਸ਼ੀ ਕਰੰਸੀ ਜਾਇਦਾਦ 5.248 ਅਰਬ ਡਾਲਰ ਵਧ ਕੇ 384.53 ਅਰਬ ਡਾਲਰ ਹੋ ਗਈ ਹੈ।
ਰਿਜ਼ਰਵ ਬੈਂਕ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਡਾਲਰ 'ਚ ਦੱਸੀ ਗਈ ਵਿਦੇਸ਼ੀ ਕਰੰਸੀ ਸਕਿਓਰਿਟੀਜ਼ 'ਚ ਕਰੰਸੀ ਭੰਡਾਰ 'ਚ ਰੱਖੇ ਯੂਰੋ, ਪੌਂਡ ਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੀ ਮੁੱਲ ਵਾਧਾ ਤੇ ਮੁੱਲ ਘਾਟੇ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਵਿੱਤੀ ਪ੍ਰਣਾਲੀ 'ਚ ਨਕਦੀ ਪ੍ਰਵਾਹ (ਤਰਲਤਾ ਵਧਾਉਣ) ਲਿਆਉਣ ਦੀ ਕੋਸ਼ਿਸ਼ ਤਹਿਤ ਰਿਜ਼ਰਵ ਬੈਂਕ ਨੇ 26 ਮਾਰਚ ਨੂੰ ਡਾਲਰ-ਰੁਪਇਆ ਅਦਲਾ-ਬਦਲੀ ਨੀਲਾਮੀ ਆਯੋਜਿਤ ਕਰ ਕੇ 5 ਅਰਬ ਡਾਲਰ ਪ੍ਰਾਪਤ ਕੀਤੇ। ਇਸ ਨੀਲਾਮੀ 'ਚ ਉਸ ਨੂੰ ਕਰੀਬ 16 ਅਰਬ ਡਾਲਰ ਲਈ ਬੋਲੀ ਪ੍ਰਾਪਤ ਹੋਈ। ਇਸ ਤੋਂ ਪਹਿਲਾਂ ਮਿਲੀ ਸਾਕਾਰਾਤਮਕ ਪ੍ਰਤੀਕਿਰਿਆ ਨੂੰ ਵੇਖਦੇ ਹੋਏ ਕੇਂਦਰੀ ਬੈਂਕ ਨੇ 23 ਅਪ੍ਰੈਲ ਨੂੰ ਇਕ ਵਾਰ ਫਿਰ 3 ਸਾਲ ਦੀ ਮਿਆਦ ਲਈ 5 ਅਰਬ ਡਾਲਰ ਦੀ ਸਵੈਪ ਨੀਲਾਮੀ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ।
ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 13 ਅਪ੍ਰੈਲ 2018 ਨੂੰ ਖਤਮ ਹਫਤੇ 'ਚ 426.02 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਸੀ ਪਰ ਇਸ ਤੋਂ ਬਾਅਦ ਇਸ 'ਚ ਕਾਫੀ ਗਿਰਾਵਟ ਆਈ। ਕੇਂਦਰੀ ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਹਫਤੇ 'ਚ ਦੇਸ਼ ਦਾ ਰਾਖਵਾਂ ਸੋਨਾ ਭੰਡਾਰ 23.408 ਅਰਬ ਡਾਲਰ 'ਤੇ ਬਿਨਾਂ ਬਦਲਾਅ ਰਿਹਾ। ਹਫਤੇ ਦੌਰਾਨ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਸੁਰੱਖਿਅਤ ਵਿਸ਼ੇਸ਼ ਨਿਕਾਸੀ ਅਧਿਕਾਰ 36 ਲੱਖ ਡਾਲਰ ਘਟ ਕੇ 1.456 ਅਰਬ ਡਾਲਰ ਰਹਿ ਗਿਆ। ਕੇਂਦਰੀ ਬੈਂਕ ਨੇ ਕਿਹਾ ਕਿ ਆਈ. ਐੱਮ. ਐੱਫ. 'ਚ ਦੇਸ਼ ਦਾ ਰਾਖਵਾਂ ਭੰਡਾਰ ਵੀ 74 ਲੱਖ ਡਾਲਰ ਘਟ ਕੇ 2.986 ਅਰਬ ਡਾਲਰ ਰਹਿ ਗਿਆ।