ਸਸਤੀਆਂ ਹੋਣਗੀਆਂ ਖਾਣ-ਪੀਣ ਦੀਆਂ ਚੀਜ਼ਾਂ ਤੇ ਘਟੇਗੀ ਮਹਿੰਗਾਈ

Saturday, Jun 07, 2025 - 10:37 AM (IST)

ਸਸਤੀਆਂ ਹੋਣਗੀਆਂ ਖਾਣ-ਪੀਣ ਦੀਆਂ ਚੀਜ਼ਾਂ ਤੇ ਘਟੇਗੀ ਮਹਿੰਗਾਈ

ਮੁੰਬਈ (ਏਜੰਸੀਆਂ) - ਗਲੋਬਲ ਪੱਧਰ ’ਤੇ ਅਸਥਿਰ ਹਾਲਾਤ ਦਰਮਿਆਨ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਹੋਇਆ ਹੈ। ਇਸ ਟੀਚੇ ਨੂੰ ਧਿਆਨ ’ਚ ਰੱਖਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਅੱਜ ਜਦੋਂ ਮਾਨੇਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ, ਤਾਂ ਦੇਸ਼ ’ਚ ਮਹਿੰਗਾਈ ਦੇ ਹੋਰ ਹੇਠਾਂ ਆਉਣ, ਨਾਲ ਹੀ ਘਰੇਲੂ ਜੀ. ਡੀ. ਪੀ. ਵਾਧਾ ਦਰ ਨੂੰ ਮਜ਼ਬੂਤ ਬਣਾਉਣ ਦਾ ਅੰਦਾਜ਼ਾ ਪ੍ਰਗਟਾਇਆ।

ਇਹ ਵੀ ਪੜ੍ਹੋ :     RCB ਦੀ ਜਿੱਤ 'ਤੇ ਬੋਲੇ ਵਿਜੇ ਮਾਲਿਆ,  SBI ਨੇ ਦਿੱਤਾ ਕਰਾਰਾ ਜਵਾਬ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਆਪਣੇ ਬਿਆਨ ’ਚ ਕਿਹਾ ਕਿ ਪਾਲਿਸੀ ਦੇ ਤੌਰ ’ਤੇ ਕੀਮਤ ਕੰਟਰੋਲ ਅਤੇ ਜੀ. ਡੀ. ਪੀ. ਵਾਧਾ ਦਰ ਵਿਚਾਲੇ ਕੋਈ ਟਕਰਾਅ ਨਹੀਂ। ਮਾਨਸੂਨ ਦੀ ਸਥਿਤੀ ਇਸ ਸਾਲ ਠੀਕ ਰਹਿਣ ਦਾ ਅੰਦਾਜ਼ਾ ਹੈ, ਜਿਸ ਨਾਲ ਕੀਮਤਾਂ ਕੰਟਰੋਲ ’ਚ ਰਹਿਣਗੀਆਂ। ਉੱਥੇ ਹੀ, ਗਲੋਬਲ ਹਾਲਾਤ ਨਾਜ਼ੁਕ ਹਨ, ਇਸ ਲਈ ਘਰੇਲੂ ਜੀ. ਡੀ. ਪੀ. ਵਾਧੇ ’ਤੇ ਵੀ ਫੋਕਸ ਬਣਿਆ ਹੋਇਆ ਹੈ। ਭਾਰਤ ’ਚ ਰਾਜਨੀਤਕ ਸਥਿਰਤਾ ਦੇ ਨਾਲ-ਨਾਲ ਕੀਮਤ ਅਤੇ ਵਾਧਾ ਸਥਿਰਤਾ ਬਣੀ ਹੋਈ ਹੈ।

ਆਰ. ਬੀ. ਆਈ. ਨੇ ਐੱਮ. ਪੀ. ਸੀ. ਦੀ ਜੂਨ ਬੈਠਕ ਤੋਂ ਬਾਅਦ ਰੈਪੋ ਰੇਟ ਨੂੰ 0.50 ਫ਼ੀਸਦੀ ਘਟਾ ਕੇ 5.50 ਫ਼ੀਸਦੀ ਕਰ ਦਿੱਤਾ ਹੈ। ਇਹ ਫੈਸਲਾ ਬਦਲਦੇ ਗਲੋਬਲ ਅਤੇ ਘਰੇਲੂ ਆਰਥਕ ਹਾਲਾਤ ਦੀ ਡੂੰਘਾਈ ਨਾਲ ਸਮੀਖਿਆ ਤੋਂ ਬਾਅਦ ਲਿਆ ਗਿਆ। ਨਾਲ ਹੀ ਸਟੈਂਡਿੰਗ ਡਿਪਾਜ਼ਿਟ ਫੈਸਿਲਟੀ (ਐੱਸ. ਡੀ. ਐੱਫ.) ਨੂੰ ਘਟਾ ਕੇ 5.25 ਫ਼ੀਸਦੀ ਅਤੇ ਮਾਰਜਿਨਲ ਸਟੈਂਡਿੰਗ ਫੈਸਿਲਟੀ (ਐੱਮ. ਐੱਸ. ਐੱਫ.) ਅਤੇ ਬੈਂਕ ਦਰ ਨੂੰ 5.75 ਫ਼ੀਸਦੀ ਕਰ ਦਿੱਤਾ ਗਿਆ ਹੈ। ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਇਹ ਕਟੌਤੀ ਆਰਥਕ ਵਾਧੇ ਨੂੰ ਸਮਰਥਨ ਦੇਣ ਦੇ ਮਕਸਦ ਨਾਲ ਕੀਤੀ ਗਈ ਹੈ।

ਇਹ ਵੀ ਪੜ੍ਹੋ :     Gold Loan ਨਿਯਮਾਂ 'ਚ ਵੱਡਾ ਬਦਲਾਅ, ਜਾਣੋ ਕਿਸਨੂੰ ਮਿਲੇਗਾ ਲਾਭ ਤੇ ਕੀ ਪਵੇਗਾ ਪ੍ਰਭਾਵ

ਮਹਿੰਗਾਈ 4 ਫ਼ੀਸਦੀ ਤੋਂ ਹੇਠਾਂ, ਨਵਾਂ ਅੰਦਾਜ਼ਾ 3.7 ਫੀਸਦੀ

ਗਵਰਨਰ ਨੇ ਕਿਹਾ ਕਿ ਮਹਿੰਗਾਈ ਦਰ ਹੁਣ ਆਰ. ਬੀ. ਆਈ. ਦੇ ਟਾਲਰੈਂਸ ਬੈਂਡ ਤੋਂ ਕਾਫ਼ੀ ਹੇਠਾਂ ਆ ਚੁੱਕੀ ਹੈ। ਅਕਤੂਬਰ 2024 ’ਚ ਜਿੱਥੇ ਮਹਿੰਗਾਈ 6 ਫ਼ੀਸਦੀ ਤੋਂ ਉੱਤੇ ਸੀ, ਹੁਣ ਉਹ ਘਟ ਕੇ 3.2 ਫ਼ੀਸਦੀ ਰਹਿ ਗਈ ਹੈ। ਅਜਿਹੇ ’ਚ ਚਾਲੂ ਮਾਲੀ ਸਾਲ 2025-26 ਲਈ ਸੀ. ਪੀ. ਆਈ. ਮਹਿੰਗਾਈ ਦਾ ਔਸਤ ਅੰਦਾਜ਼ਾ ਘਟਾ ਕੇ 3.7 ਫ਼ੀਸਦੀ ਕਰ ਦਿੱਤਾ ਗਿਆ ਹੈ, ਜੋ ਪਹਿਲਾਂ 4 ਫੀਸਦੀ ਸੀ। ਇਹ ਰਾਹਤ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਨਰਮੀ ਅਤੇ ਕੌਮਾਂਤਰੀ ਵਸਤੂਆਂ ਦੀਆਂ ਕੀਮਤਾਂ ’ਚ ਗਿਰਾਵਟ ਦੀ ਵਜ੍ਹਾ ਨਾਲ ਆਈ ਹੈ।

ਹਾਲਾਂਕਿ ਗਲੋਬਲ ਅਰਥਵਿਵਸਥਾ ਕਮਜ਼ੋਰ ਦਿਸ ਰਹੀ ਹੈ ਪਰ ਆਰ. ਬੀ. ਆਈ. ਨੇ ਭਾਰਤ ਦੀ ਮਾਲੀ ਸਾਲ 2025-26 ਲਈ ਜੀ. ਡੀ. ਪੀ. ਵਾਧਾ ਦਰ 6.5 ਫ਼ੀਸਦੀ ਰਹਿਣ ਦਾ ਅੰਦਾਜ਼ਾ ਦੁਹਰਾਇਆ ਹੈ। ਆਰ. ਬੀ. ਆਈ. ਮੁਤਾਬਕ ਪਹਿਲੀ ਤਿਮਾਹੀ ’ਚ ਵਾਧਾ 6.5, ਦੂਜੀ ’ਚ 6.7, ਤੀਜੀ ’ਚ 6.6 ਅਤੇ ਚੌਥੀ ਤਿਮਾਹੀ ’ਚ 6.3 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ।

ਗਵਰਨਰ ਨੇ ਕਿਹਾ ਕਿ ਜੋਖਮ ਸੰਤੁਲਿਤ ਹਨ ਅਤੇ ਨਿੱਜੀ ਖਪਤ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣ ਦੀ ਲੋੜ ਬਣੀ ਹੋਈ ਹੈ।

ਸੀ. ਆਰ. ਆਰ. ’ਚ 1 ਫ਼ੀਸਦੀ ਦੀ ਕਟੌਤੀ, ਬੈਂਕਾਂ ਨੂੰ ਮਿਲੇਗੀ 2.5 ਲੱਖ ਕਰੋਡ਼ ਦੀ ਨਕਦੀ

ਆਰ. ਬੀ. ਆਈ. ਨੇ ਨਕਦ ਰਾਖਵਾਂ ਅਨੁਪਾਤ (ਸੀ. ਆਰ. ਆਰ.) ਨੂੰ 4 ਤੋਂ ਘਟਾ ਕੇ 3 ਫ਼ੀਸਦੀ ਕਰਨ ਦਾ ਫੈਸਲਾ ਵੀ ਲਿਆ ਹੈ। ਇਹ ਕਟੌਤੀ 4 ਬਰਾਬਰ ਕਿਸ਼ਤਾਂ– 6 ਸਤੰਬਰ, 4 ਅਕਤੂਬਰ, 1 ਨਵੰਬਰ ਅਤੇ 29 ਨਵੰਬਰ ’ਚ ਕੀਤੀ ਜਾਵੇਗੀ। ਇਸ ਨਾਲ ਬੈਂਕਾਂ ਕੋਲ ਕੁੱਲ 2.5 ਲੱਖ ਕਰੋਡ਼ ਰੁਪਏ ਦੀ ਵਾਧੂ ਨਕਦੀ ਉਪਲੱਬਧ ਹੋਵੇਗੀ, ਜਿਸ ਨਾਲ ਕਰਜ਼ਾ ਸਸਤੇ ਹੋਣ ਅਤੇ ਕਰਜ਼ਾ ਦੇਣ ਦੀ ਸਮਰੱਥਾ ਵਧਣ ਦੀ ਉਮੀਦ ਹੈ।

ਹੁਣ ਨੀਤੀ ਰੁਖ਼ ‘ਨਿਰਪੱਖ’, ਫੋਕਸ ਰਹੇਗਾ ਡਾਟਾ ਅਤੇ ਬੈਲੇਂਸ ’ਤੇ

ਪਿਛਲੇ ਕੁਝ ਮਹੀਨਿਆਂ ’ਚ ਦਰਾਂ ’ਚ 100 ਆਧਾਰ ਅੰਕ ਦੀ ਕਟੌਤੀ ਤੋਂ ਬਾਅਦ ਆਰ. ਬੀ. ਆਈ. ਨੇ ਹੁਣ ਨੀਤੀ ਰੁਖ਼ ‘ਅਕਮੋਡੇਟਿਵ’ ਤੋਂ ਬਦਲ ਕੇ ‘ਨਿਊਟਰਲ’ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਅੱਗੇ ਦੀਆਂ ਮਾਨੇਟਰੀ ਪਾਲਿਸੀ ਦਰਾਂ ਪੂਰੀ ਤਰ੍ਹਾਂ ਡਾਟਾ, ਗਲੋਬਲ ਮਾਹੌਲ ਅਤੇ ਮਹਿੰਗਾਈ- ਗਰੋਥ ਬੈਲੇਂਸ ’ਤੇ ਨਿਰਭਰ ਹੋਣਗੀਆਂ। ਆਰ. ਬੀ. ਆਈ. ਦਾ ਮੰਨਣਾ ਹੈ ਕਿ ਹੁਣ ਨੀਤੀ ਦੇ ਕੋਲ ਸੀਮਿਤ ਜਗ੍ਹਾ ਬਚੀ ਹੈ, ਇਸ ਲਈ ਹਰ ਕਦਮ ਸੋਚ-ਸਮਝ ਕੇ ਚੁੱਕਣਾ ਹੋਵੇਗਾ।

ਇਹ ਵੀ ਪੜ੍ਹੋ :     ਮੁਲਾਜ਼ਮਾਂ ਦੀ ਬੱਲੇ-ਬੱਲੇ : 8ਵੇਂ ਤਨਖਾਹ ਕਮਿਸ਼ਨ ਤਹਿਤ ਵਧ ਕੇ 96,000 ਰੁਪਏ ਹੋ ਸਕਦੀ ਹੈ ਤਨਖਾਹ, ਜਾਣੋ ਪੂਰਾ ਵੇਰਵਾ

ਵਿਦੇਸ਼ੀ ਨਿਵੇਸ਼ ਅਤੇ ਵਿਦੇਸ਼ੀ ਭੰਡਾਰ ਮਜ਼ਬੂਤ

ਗਵਰਨਰ ਨੇ ਇਹ ਵੀ ਦੱਸਿਆ ਕਿ ਐੱਫ. ਡੀ. ਆਈ. ’ਚ ਤੇਜ਼ੀ ਭਾਰਤ ਦੇ ਭਰੋਸੇਮੰਦ ਅਕਸ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਕਰੰਸੀ ਭੰਡਾਰ ਇੰਨਾ ਮਜ਼ਬੂਤ ਹੈ ਕਿ ਇਹ 11 ਮਹੀਨਿਆਂ ਤੱਕ ਦੇ ਮਾਲ ਦੀ ਦਰਾਮਦ ਅਤੇ 96 ਫ਼ੀਸਦੀ ਤੱਕ ਦੇ ਬਾਹਰੀ ਕਰਜ਼ੇ ਨੂੰ ਕਵਰ ਕਰ ਸਕਦਾ ਹੈ। ਬਾਹਰੀ ਕਰਜ਼ਾ ਅਤੇ ਐੱਨ. ਆਰ. ਆਈ. ਜਮ੍ਹਾ ’ਚ ਵੀ ਇਸ ਸਾਲ ਜ਼ਿਆਦਾ ਨੈੱਟ ਇਨਫਲੋਅ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਭਾਰਤ ਦਾ ਬਾਹਰੀ ਸੈਕਟਰ ਹੋਰ ਮਜ਼ਬੂਤ ਹੋਇਆ ਹੈ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਦੀ ਲੰਮੀ ਛਾਲ, ਰਿਕਾਰਡ ਪੱਧਰ 'ਤੇ ਪਹੁੰਚੇ ਭਾਅ, ਜਾਣੋ 10 ਗ੍ਰਾਮ ਸੋਨੇ ਦੀ ਦਰ

ਗੋਲਡ ਵੈਲਿਊ ਦਾ 85 ਫੀਸਦੀ ਮਿਲੇਗਾ ਕਰਜ਼ਾ

ਸੋਨੇ ’ਤੇ ਕਰਜ਼ਾ ਲੈਣ ਵਾਲੇ ਗਾਹਕਾਂ ਲਈ ਚੰਗੀ ਖਬਰ ਹੈ। ਛੇਤੀ ਹੀ ਤੁਹਾਨੂੰ ਆਪਣੇ ਸੋਨੇ ਦੀ ਵੈਲਿਊ ਦਾ 85 ਫੀਸਦੀ ਕਰਜ਼ਾ ਮਿਲ ਸਕੇਗਾ। ਅਜੇ ਸਿਰਫ 75 ਫੀਸਦੀ ਰਕਮ ਦਾ ਹੀ ਕਰਜ਼ਾ ਮਿਲਦਾ ਹੈ। ਆਰ. ਬੀ. ਆਈ. ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਕੇਂਦਰੀ ਬੈਂਕ ਸੋਨੇ ਦੇ ਬਦਲੇ ਕਰਜ਼ਾ ਦੇਣ ਲਈ ਕਰਜ਼ਾ-ਮੁੱਲ (ਐੱਲ. ਟੀ. ਵੀ.) ਅਨੁਪਾਤ ਨੂੰ ਮੌਜੂਦਾ 75 ਫ਼ੀਸਦੀ ਤੋਂ ਵਧਾ ਕੇ 85 ਫ਼ੀਸਦੀ ਕਰਨ ਦੀ ਤਿਆਰੀ ’ਚ ਹੈ। ਮਲਹੋਤਰਾ ਨੇ ਕਿਹਾ ਕਿ ਇਹ ਛੋਟ ਕੁਝ ਸ਼ਰਤਾਂ ਦੇ ਨਾਲ ਦਿੱਤੀ ਜਾਵੇਗੀ। ਐੱਲ. ਟੀ. ਵੀ. ਦੀ ਗਣਨਾ ਕਰਦੇ ਸਮਾਂ ਮੂਲਧਨ ਅਤੇ ਵਿਆਜ ਦੋਹਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਦੋਂ ਕਿ ਮੌਜ਼ੂਦਾ ਸਮੇਂ ’ਚ ਸਿਰਫ ਮੂਲਧਨ ’ਤੇ ਹੀ ਜ਼ੋਰ ਦਿੱਤਾ ਜਾਂਦਾ ਹੈ।

ਗਲੋਬਲ ਅਸਥਿਰਤਾ ਦਰਮਿਆਨ ਭਾਰਤ ਦਾ ‍ਆਤਮਵਿਸ਼ਵਾਸ

ਆਰ. ਬੀ. ਆਈ. ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਭਾਵੇੇਂ ਦੁਨੀਆ ’ਚ ਪੂੰਜੀ ਪ੍ਰਵਾਹ ਅਤੇ ਕਰੰਸੀ ਨੂੰ ਲੈ ਕੇ ਭਾਰੀ ਉਤਾਰ-ਚੜ੍ਹਾਅ ਬਣਿਆ ਹੋਇਆ ਹੈ ਪਰ ਭਾਰਤ ਇਨ੍ਹਾਂ ਹਾਲਾਤ ’ਚ ਮਜ਼ਬੂਤੀ, ਸਥਿਰਤਾ ਅਤੇ ਮੌਕਿਆਂ ਦੀ ਤਸਵੀਰ ਪੇਸ਼ ਕਰਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਮਜ਼ਬੂਤੀ ਦੇ 3 ਪ੍ਰਮੁੱਖ ਕਾਰਨ ਹਨ– ਸੰਤੁਲਿਤ ਬੈਲੇਂਸ ਸ਼ੀਟ (ਕਾਰਪੋਰੇਟ, ਬੈਂਕ, ਘਰੇਲੂ, ਸਰਕਾਰ ਅਤੇ ਵਿਦੇਸ਼ੀ ਖੇਤਰ), ਤਿੰਨਾਂ ਮੋਰਚਿਆਂ ’ਤੇ ਸਥਿਰਤਾ (ਕੀਮਤਾਂ, ਵਿੱਤੀ ਅਤੇ ਰਾਜਨੀਤੀ) ਅਤੇ ਨਿਵੇਸ਼ ਲਈ ਆਕਰਸ਼ਕ ਮਾਹੌਲ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News