ਫਲਿੱਪਕਾਰਟ ਦਾ ਫੂਡ ਰਿਟੇਲ ਬਾਜ਼ਾਰ ''ਚ ਦਾਖਲ ਹੋਣ ਦਾ ਪ੍ਰਸਤਾਵ ਰੱਦ

Monday, Jun 01, 2020 - 06:31 PM (IST)

ਫਲਿੱਪਕਾਰਟ ਦਾ ਫੂਡ ਰਿਟੇਲ ਬਾਜ਼ਾਰ ''ਚ ਦਾਖਲ ਹੋਣ ਦਾ ਪ੍ਰਸਤਾਵ ਰੱਦ

ਨਵੀਂ ਦਿੱਲੀ— ਉਦਯੋਗ ਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਨੇ ਵਾਲਮਾਰਟ ਦੀ ਕੰਪਨੀ ਫਲਿੱਪਕਾਰਟ ਦਾ ਫੂਡ ਪ੍ਰਚੂਨ ਖੇਤਰ 'ਚ ਦਾਖਲ ਹੋਣ ਦਾ ਪ੍ਰਸਤਾਵ ਰੱਦ ਕਰ ਦਿੱਤਾ। ਇਸ ਪਿੱਛੇ ਰੈਗੂਲੇਟਰੀ ਵਜ੍ਹਾ ਦੱਸੀ ਗਈ। ਹਾਲਾਂਕਿ ਦੇਸ਼ 'ਚ ਉਤਪਾਦਿਤ ਅਤੇ ਬਣੇ ਖੁਰਾਕੀ ਪਦਾਰਥਾਂ ਦੀ ਵਿਕਰੀ ਲਈ 100 ਫੀਸਦੀ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨੂੰ ਮਨਜ਼ੂਰੀ ਹੈ।

ਪਿਛਲੇ ਸਾਲ ਕੰਪਨੀ ਨੇ ਇਕ ਸਥਾਨਕ ਇਕਾਈ 'ਫਲਿੱਪਕਾਰਟ ਫਾਰਮ ਮਾਰਟ' ਦੀ ਸਥਾਪਨਾ ਕੀਤੀ ਸੀ। ਇਸ ਦਾ ਮਕਸਦ ਦੇਸ਼ ਦੇ ਪ੍ਰਚੂਨ ਫੂਡ ਬਾਜ਼ਾਰ 'ਚ ਉਤਰਨਾ ਸੀ। ਇਸ ਲਈ ਕੰਪਨੀ ਨੇ ਸਰਕਾਰ ਕੋਲ ਲਾਇਸੈਂਸ ਲੈਣ ਲਈ ਅਰਜ਼ੀ ਦਿੱਤੀ ਸੀ। ਫਲਿੱਪਕਾਰਟ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਲਿਆਣ ਕ੍ਰਿਸ਼ਣ ਮੂਰਤੀ ਨੇ ਉਸ ਸਮੇਂ ਕਿਹਾ ਸੀ ਕਿ ਦੇਸ਼ 'ਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਇਹ ਭਾਰਤੀ ਖੇਤੀ ਖੇਤਰ ਨੂੰ ਅੱਗੇ ਵਧਾਉਣ ਲਈ ਕੰਪਨੀ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। 
ਸਰਕਾਰੀ ਅਧਿਕਾਰੀ ਨੇ ਦੱਸਿਆ, ''ਵਿਭਾਗ ਵੱਲੋਂ ਪ੍ਰਸਤਾਵ ਨੂੰ ਰੱਦ ਕਰਨ ਦੀ ਜਾਣਕਾਰੀ ਸਹੀ ਹੈ।'' ਇਸ ਬਾਰੇ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਪਰਮਿਟ ਪਾਉਣ ਲਈ ਨਵੇਂ ਸਿਰੇ ਤੋਂ ਫਿਰ ਅਰਜ਼ੀ ਲਾਵੇਗੀ। ਉੱਥੇ ਹੀ, ਫਲਿੱਪਕਾਰਟ ਦੀ ਮੁੱਖ ਮੁਕਾਬਲੇਬਾਜ਼ ਕੰਪਨੀ ਐਮਾਜ਼ੋਨ ਨੂੰ 2017 'ਚ ਦੇਸ਼ 'ਚ ਖੁਰਾਕੀ ਪਦਾਰਥਾਂ ਦੇ ਵਿਕਰੀ ਕਾਰੋਬਾਰ 'ਚ 50 ਕਰੋੜ ਡਾਲਰ ਦੇ ਨਿਵੇਸ਼ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਗਈ ਸੀ।


author

Sanjeev

Content Editor

Related News