ਉਡਾਣ ਯੋਜਨਾ : ਸਰਕਾਰ ਨੂੰ ਮਿਲੇਗੀ ਸਾਲਾਨਾ 300 ਕਰੋੜ ਰੁਪਏ ਦੀ ਫੀਸ
Monday, Feb 26, 2018 - 12:42 AM (IST)
ਨਵੀਂ ਦਿੱਲੀ— ਸਰਕਾਰ ਨੂੰ ਖੇਤਰੀ ਹਵਾਈ ਸੰਪਰਕ ਯੋਜਨਾ ਦੇ ਤਹਿਤ ਮੁੱਖ ਮਾਰਗਾਂ 'ਤੇ ਹਵਾਈ ਕੰਪਨੀਆਂ ਤੋਂ ਫੀਸ ਦੇ ਤੌਰ 'ਤੇ ਸਾਲਾਨਾ ਕਰੀਬ 300 ਕਰੋੜ ਰੁਪਏ ਪ੍ਰਾਪਤ ਹੋਣ ਦੀ ਉਮੀਦ ਹੈ। ਇਕ ਉੱਚ ਅਧਿਕਾਰੀ ਨੇ ਇਹ ਗੱਲ ਕਹੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ 'ਉਡਾਣ' (ਉੱਡੇ ਦੇਸ਼ ਦਾ ਆਮ ਨਾਗਰਿਕ) ਤਹਿਤ ਵਿੱਤ ਪੋਸ਼ਣ ਦੇ ਪਾੜੇ ਨੂੰ ਅੰਸ਼ਿਕ ਰੂਪ ਨਾਲ ਘੱਟ ਕਰਨ ਲਈ ਦਸੰਬਰ, 2016 ਤੋਂ ਇਹ ਫੀਸ ਵਸੂਲ ਰਿਹਾ ਹੈ। ਉਡਾਣ ਯੋਜਨਾ ਦੇ ਤਹਿਤ ਨਵੇਂ ਮਾਰਗ ਜੁੜ ਰਹੇ ਹਨ। ਮਾਰਗਾਂ ਦੀ ਵਧਦੀ ਗਿਣਤੀ ਦੇ ਨਾਲ ਹੀ ਮੰਤਰਾਲਾ ਆਉਣ ਵਾਲੇ ਮਹੀਨਿਆਂ 'ਚ ਵਿੱਤ ਪੋਸ਼ਣ ਦੀਆਂ ਵਧਦੀਆਂ ਜ਼ਰੂਰਤਾਂ ਦੀ ਪੂਰਤੀ ਦੀ ਤਿਆਰੀ ਕਰ ਰਿਹਾ ਹੈ।
ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਉਡਾਣਾਂ ਦੀ ਪ੍ਰਤੀਕਿਰਿਆ ਕਾਫ਼ੀ ਹਾਂ-ਪੱਖੀ ਹੈ ਤੇ ਕਈ ਮਾਰਗਾਂ 'ਚ ਮੁਸਾਫਰਾਂ ਦੀ ਚੋਖੀ ਗਿਣਤੀ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਨੂੰ ਪ੍ਰਮੁੱਖ ਮਾਰਗਾਂ 'ਤੇ ਹਵਾਈ ਕੰਪਨੀਆਂ ਤੋਂ ਪ੍ਰਤੀ ਸਾਲ ਫੀਸ ਦੇ ਤੌਰ 'ਤੇ 280 ਤੋਂ 300 ਕਰੋੜ ਰੁਪਏ ਪ੍ਰਾਪਤ ਹੋਣ ਦੀ ਉਮੀਦ ਹੈ। ਪ੍ਰਮੁੱਖ ਮਾਰਗਾਂ 'ਤੇ ਉਡਾਣ ਤੋਂ ਪਹਿਲਾਂ ਹਰ ਫੇਰੇ ਲਈ 5,000 ਰੁਪਏ ਦੀ ਫੀਸ ਵਸੂਲੀ ਜਾਂਦੀ ਹੈ। ਸ਼ੁਰੂਆਤ 'ਚ ਇਹ ਫੀਸ 8,500 ਰੁਪਏ ਸੀ ਜਿਸ ਨੂੰ ਬਾਅਦ 'ਚ ਘੱਟ ਕੀਤਾ ਗਿਆ।
