ਚਾਲੂ ਵਿੱਤੀ ਸਾਲ 'ਚ 3.3 ਫੀਸਦੀ ਦੇ ਫਿਸਕਲ ਘਾਟੇ ਦਾ ਟੀਚਾ ਹਾਸਲ ਕਰੇਗੀ ਸਰਕਾਰ
Sunday, Dec 23, 2018 - 03:43 PM (IST)

ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਸ਼ਨੀਵਾਰ ਨੂੰ ਭਰੋਸਾ ਜਤਾਇਆ ਕਿ ਕੁਝ ਵਸਤੂਆਂ 'ਤੇ ਜੀ.ਐੱਸ.ਟੀ. ਦਰਾਂ 'ਚ ਤਾਜ਼ਾ ਕਟੌਤੀ ਦੇ ਬਾਵਜੂਦ ਸਰਕਾਰ ਵਰਤਮਾਨ ਵਿੱਤੀ ਸਾਲ 'ਚ ਫਿਸਕਲ ਘਾਟੇ ਨੂੰ ਜੀ.ਡੀ.ਪੀ. ਦੇ 3.3 ਫੀਸਦੀ ਤੱਕ ਸੀਮਿਤ ਰੱਖਣ ਦਾ ਟੀਚਾ ਹਾਸਲ ਕਰ ਲਵੇਗੀ। ਵਿੱਤੀ ਮੰਤਰੀ ਜੀ.ਐੱਸ.ਟੀ. ਪ੍ਰੀਸ਼ਦ ਦੀ 31ਵੀਂ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪ੍ਰੀਸ਼ਦ ਨੇ ਕੁੱਲ 23 ਤਰ੍ਹਾਂ ਦੀਆਂ ਵਸਤੂਆਂ 'ਤੇ ਜੀ.ਐੱਸ.ਟੀ.ਦਰਾਂ 'ਚ ਕਮੀ ਕੀਤੀ ਹੈ। ਇਸ ਨਾਲ ਰਾਜਸਵ 'ਤੇ ਸਾਲਾਨਾ 5,500 ਕਰੋੜ ਰੁਪਏ ਦਾ ਅਸਰ ਪੈਣ ਦਾ ਅਨੁਮਾਨ ਹੈ। ਜੇਤਲੀ ਨੇ ਕਿਹਾ ਕਿ ਇਸ ਸਮੇਂ ਜਦੋਂ ਅਸੀਂ ਰਾਜਸਵ ਦੇ ਟੀਚੇ ਵੱਲ ਦੇਖਦੇ ਹਾਂ ਤਾਂ ਅਪ੍ਰੱਤਖ ਟੈਕਸ ਸਮਾਂਸਾਰਣੀ ਦੇ ਹਿਸਾਬ ਨਾਲ ਅਜੇ ਕੁਝ ਪਿੱਛੇ ਹੈ ਜਦੋਂਕਿ ਅਪ੍ਰੱਤਖ ਟੈਕਸ ਉੱਪਰ ਹੈ। ਅਸੀਂ ਗੈਰ-ਟੈਕਸ ਰਾਜਸਵ ਦੇ ਟੀਚੇ ਵੱਲ ਵੀ ਠੀਕ-ਠਾਕ ਵਧ ਰਹੇ ਹਾਂ।
ਇਸ ਸਮੇਂ ਸਰਕਾਰ ਨੂੰ ਉਮੀਦ ਹੈ ਕਿ ਅਸੀਂ ਫਿਸਕਲ ਘਾਟੇ ਨੂੰ ਘਟ ਕਰਨ ਦੇ ਆਪਣੇ ਟੀਚੇ ਨੂੰ ਹਾਸਲ ਕਰ ਲਵਾਂਗੇ। ਸਰਕਾਰ ਨੇ ਵਿੱਤੀ ਸਾਲ 2018-19 ਦੇ ਲਈ ਫਿਸਕਲ ਘਾਟੇ ਨੂੰ ਸਕਲ ਘਰੇਲੂ ਉਤਪਾਦ ਦੇ 3.3 ਫੀਸਦੀ ਤੱਕ ਸੀਮਿਤ ਰੱਖਣ ਦਾ ਟੀਚਾ ਰੱਖਿਆ ਹੈ। ਸਾਲ 2017-18 'ਚ ਫਿਸਕਲ ਘਾਟਾ ਜੀ.ਡੀ.ਪੀ. ਦਾ 3.5 ਫੀਸਦੀ 'ਤੇ ਸੀ। ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਵਰਤਮਾਨ ਵਿੱਤੀ ਸਾਲ ਦੇ ਪਹਿਲਾਂ ਸੱਤ ਮਹੀਨੇ (ਅਪ੍ਰੈਲ-ਅਕਤੂਬਰ) ਦੇ ਸਮੇਂ 'ਚ ਫਿਸਕਲ ਘਾਟਾ ਬਜਟ ਅਨੁਮਾਨਾਂ ਦੇ 103.9 ਫੀਸਦੀ ਦੇ ਬਰਾਬਰ ਸੀ।
ਰਾਜਸਵ ਸਕੱਤਰ ਅਜੇ ਭੂਸ਼ਣ ਪਾਂਡੇ ਨੇ ਜੀ.ਐੱਸ.ਟੀ. ਦਰਾਂ 'ਚ ਤਾਜ਼ਾ ਕਟੌਤੀ ਦੇ ਰਾਜਸਵ ਵਸੂਲੀ 'ਤੇ ਕਿਸੇ ਵੱਡੇ ਅਸਰ ਦੇ ਖਦਸੇ ਨੂੰ ਦੂਰ ਕਰਦੇ ਹੋਏ ਕਿਹਾ ਕਿ ਅਨੁਮਾਨਿਤ 5,500 ਕਰੋੜ ਰੁਪਏ ਦੀ ਰਾਜਸਵ ਹਾਨੀ ਦਾ ਅਨੁਮਾਨ ਪੂਰੇ ਵਿੱਤੀ ਸਾਲ ਦੇ ਸੰਦਰਭ 'ਚ ਹੈ। ਚਾਲੂ ਵਿੱਤੀ ਸਾਲ ਦੇ ਬਾਕੀ ਤਿੰਨ ਮਹੀਨਿਆਂ 'ਚ ਇਹ ਨੁਕਸਾਨ ਇਕ-ਚੌਥਾਈ ਹੀ ਰਹੇਗਾ। ਵਰਣਨਯੋਗ ਹੈ ਕਿ ਟੀ.ਵੀ. ਸਕ੍ਰੀਨ, ਸਿਨੇਮਾ ਟਿਕਟ ਅਤੇ ਹੋਰ 23 ਵਸਤੂਆਂ 'ਤੇ ਜੀ.ਐੱਸ.ਟੀ. ਦੀਆਂ ਦਰਾਂ 'ਚ ਕਮੀ ਦਾ ਸ਼ਨੀਵਾਰ ਨੂੰ ਫੈਸਲਾ ਪਹਿਲੀ ਜਨਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਸਵ 'ਚ ਕਮੀ ਵੱਖ-ਵੱਖ ਤਰੀਕਿਆਂ ਨਾਲ ਅਨੁਪਾਲਨ ਵਧਾ ਕੇ ਪੂਰੀ ਕਰ ਲਈ ਜਾਵੇਗੀ।